 
                                              
                              ਕਪਤਾਨ ਹਰਮਨਪ੍ਰੀਤ ਸਿੰਘ ਦੀ ਸ਼ਾਨਦਾਰ ਹੈਟ੍ਰਿਕ ਸਦਕਾ ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਐੱਫਆਈਐੱਚ ਹਾਕੀ ਪ੍ਰੋ ਲੀਗ ਵਿੱਚ ਅਰਜਨਟੀਨਾ ਨੂੰ 5-4 ਨਾਲ ਹਰਾ ਕੇ ਰੋਮਾਂਚਕ ਜਿੱਤ ਦਰਜ ਕੀਤੀ। ਭਾਰਤ ਲਈ ਹਰਮਨਪ੍ਰੀਤ (29ਵਾਂ, 50ਵਾਂ ਅਤੇ 52ਵਾਂ ਮਿੰਟ) ਤੋਂ ਇਲਾਵਾ ਅਰਾਏਜੀਤ ਸਿੰਘ ਹੁੰਦਲ (7ਵਾਂ ਮਿੰਟ) ਅਤੇ ਗੁਰਜੰਟ ਸਿੰਘ (18ਵਾਂ ਮਿੰਟ) ਨੇ ਗੋਲ ਕੀਤੇ। ਅਰਜਨਟੀਨਾ ਲਈ ਫੈਡਰਿਕੋ ਮੋਂਜਾ (ਤੀਜਾ ਮਿੰਟ), ਨਿਕੋਲਸ ਕੀਨਨ (24ਵਾਂ ਮਿੰਟ), ਟੈਡੀਓ ਮਾਰੂਕੀ (54ਵਾਂ ਮਿੰਟ) ਅਤੇ ਲੁਕਸ ਮਾਰਟੀਨੇਜ਼ (57ਵਾਂ ਮਿੰਟ) ਨੇ ਗੋਲ ਕੀਤੇ। ਪਹਿਲਾ ਗੋਲ ਅਰਜਨਟੀਨਾ ਨੇ ਕੀਤਾ। ਹੁੰਦਲ ਦੇ ਗੋਲ ਸਦਕਾ ਭਾਰਤ ਨੇ ਜਲਦੀ ਹੀ ਬਰਾਬਰੀ ਕਰ ਲਈ। ਇਸ ਮਗਰੋਂ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ ਪਰ ਉਹ ਉਸ ਦਾ ਫਾਇਦਾ ਨਹੀਂ ਉਠਾ ਸਕਿਆ ਅਤੇ ਪਹਿਲਾ ਕੁਆਰਟਰ 1-1 ਨਾਲ ਡਰਾਅ ਰਿਹਾ। ਭਾਰਤ ਨੇ ਦੂਜੇ ਕੁਆਰਟਰ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਗੁਰਜੰਟ ਨੇ ਸ਼ਾਨਦਾਰ ਮੈਦਾਨੀ ਗੋਲ ਕਰ ਕੇ ਟੀਮ ਨੂੰ 2-1 ਦੀ ਲੀਡ ਦਿਵਾਈ। ਇਸ ਤੋਂ ਬਾਅਦ ਕੀਨਨ ਨੇ ਭਾਰਤੀ ਡਿਫੈਂਸ ਦੀ ਗਲਤੀ ਦਾ ਫਾਇਦਾ ਉਠਾਉਂਦਿਆਂ ਸਰਕਲ ’ਚ ਦਾਖਲ ਹੋ ਕੇ ਗੋਲ ਕੀਤਾ ਅਤੇ ਸਕੋਰ 2-2 ਹੋ ਗਿਆ। ਬਾਅਦ ਵਿੱਚ ਭਾਰਤ ਨੇ ਕੁਆਰਟਰ ਵਿੱਚ ਇੱਕ ਮਿੰਟ ਬਾਕੀ ਰਹਿੰਦਿਆਂ ਪੈਨਲਟੀ ਕਾਰਨਰ ਹਾਸਲ ਕੀਤਾ ਅਤੇ ਹਰਮਨਪ੍ਰੀਤ ਨੇ ਇਸ ’ਤੇ ਗੋਲ ਕਰ ਕੇ ਭਾਰਤ ਨੂੰ 3-2 ਨਾਲ ਅੱਗੇ ਕਰ ਦਿੱਤਾ। ਤੀਜੇ ਕੁਆਰਟਰ ਵਿੱਚ ਦੋਵੇਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ ਪਰ ਹਰਮਨਪ੍ਰੀਤ ਦੇ ਸ਼ਾਟ ਨੂੰ ਅਰਜਨਟੀਨਾ ਦੇ ਗੋਲਕੀਪਰ ਨੇ ਰੋਕ ਦਿੱਤਾ। ਦੋਵਾਂ ਟੀਮਾਂ ਦੇ ਮਜ਼ਬੂਤ ਡਿਫੈਂਸ ਸਦਕਾ ਤੀਜੇ ਕੁਆਰਟਰ ਵਿੱਚ ਕੋਈ ਗੋਲ ਨਹੀਂ ਹੋ ਸਕਿਆ। ਭਾਰਤ ਚੌਥੇ ਕੁਆਰਟਰ ਵਿੱਚ ਚੰਗੀ ਲੈਅ ਵਿੱਚ ਨਜ਼ਰ ਆਇਆ। ਟੀਮ ਨੇ ਅਰਜਨਟੀਨਾ ਨੂੰ ਗਲਤੀਆਂ ਕਰਨ ਲਈ ਮਜਬੂਰ ਕਰ ਦਿੱਤਾ ਜਿਸ ਨਾਲ ਮੈਚ ਖ਼ਤਮ ਹੋਣ ਤੋਂ 10 ਮਿੰਟ ਪਹਿਲਾਂ ਭਾਰਤ ਨੇ ਪੈਨਲਟੀ ਕਾਰਨਰ ਹਾਸਲ ਕੀਤਾ ਜਿਸ ਨੂੰ ਪੈਨਲਟੀ ਸਟਰੋਕ ਵਿੱਚ ਬਦਲ ਦਿੱਤਾ ਗਿਆ ਅਤੇ ਹਰਮਨਪ੍ਰੀਤ ਨੇ ਗੋਲ ਕਰ ਕੇ ਭਾਰਤ ਨੂੰ 4-2 ਦੀ ਲੀਡ ਦਿਵਾਈ। ਦੋ ਮਿੰਟ ਬਾਅਦ ਭਾਰਤ ਨੂੰ ਇੱਕ ਹੋਰ ਪੈਨਲਟੀ ਸਟਰੋਕ ਦਿੱਤਾ ਗਿਆ ਅਤੇ ਇਸ ਵਾਰ ਵੀ ਹਰਮਨਪ੍ਰੀਤ ਨੇ ਗੋਲ ਕਰ ਕੇ ਭਾਰਤ ਨੂੰ 5-2 ਨਾਲ ਅੱਗੇ ਕਰ ਦਿੱਤਾ। ਮਗਰੋਂ ਅਰਜਨਟੀਨਾ ਨੇ ਟੈਡੀਓ ਅਤੇ ਲੁਕਸ ਦੇ ਗੋਲਾਂ ਦੀ ਮਦਦ ਨਾਲ ਹਾਰ ਦਾ ਫਰਕ ਘੱਟ ਕੀਤਾ ਪਰ ਭਾਰਤ ਨੂੰ 5-4 ਨਾਲ ਜਿੱਤ ਦਰਜ ਕਰਨ ਤੋਂ ਰੋਕ ਨਹੀਂ ਸਕਿਆ। -ਪੀਟੀਆਈ ਜੂਨੀਅਰ ਮਹਿਲਾ ਹਾਕੀ ਟੀਮ ਜਰਮਨੀ ਹੱਥੋਂ ਹਾਰੀ ਬ੍ਰੇਡਾ: ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੂੰ ਯੂਰਪ ਦੌਰੇ ਦੇ ਆਪਣੇ ਪੰਜਵੇਂ ਮੈਚ ਵਿੱਚ ਵੀ ਜਰਮਨੀ ਤੋਂ 4-6 ਨਾਲ ਹਰਾ ਦਾ ਸਾਹਮਣਾ ਕਰਨਾ ਪਿਆ। ਭਾਰਤ ਲਈ ਸੰਜਨਾ ਹੀਰੋ, ਭੀਨਿਮਾ ਡਾਨ ਅਤੇ ਕਨਿਖਾ ਸਿਵਾਚ ਨੇ ਗੋਲ ਕੀਤੇ। ਇਸ ਤੋਂ ਪਹਿਲਾਂ ਬੀਤੇ ਦਿਨ ਵੀ ਭਾਰਤੀ ਟੀਮ ਨੂੰ ਜਰਮਨੀ ਖ਼ਿਲਾਫ਼ ਚੌਥੇ ਮੈਚ ’ਚ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। -ਪੀਟੀਆਈ

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     