post

Jasbeer Singh

(Chief Editor)

Patiala News

ਧੁੰਦ ਦੇ ਮੌਸਮ 'ਚ ਸੜਕੀ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਲਈ ਕੀਤੀਆਂ ਵਿਚਾਰਾਂ

post-img

ਧੁੰਦ ਦੇ ਮੌਸਮ 'ਚ ਸੜਕੀ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਲਈ ਕੀਤੀਆਂ ਵਿਚਾਰਾਂ -ਸੜਕਾਂ 'ਤੇ ਚਿੱਟੀ ਪੱਟੀ, ਕੈਟ ਆਈ ਰਿਫਲੈਕਟਰ ਲਗਾਉਣ ਤੇ ਸੜਕਾਂ ਦੀ ਮੁਰੰਮਤ ਦਾ ਕੰਮ ਤੁਰੰਤ ਮੁਕੰਮਲ ਕੀਤਾ ਜਾਵੇ : ਇਸ਼ਾ ਸਿੰਗਲ -ਬੱਚਿਆਂ ਦੀ ਸੁਰੱਖਿਆ ਲਈ ਸਕੂਲੀ ਵਾਹਨਾਂ ਦੀ ਚੈਕਿੰਗ ਨਿਰੰਤਰ ਕਰਨ ਦੀ ਹਦਾਇਤ -ਏ. ਡੀ. ਸੀ. ਨੇ ਰੋਡ ਸੇਫਟੀ ਕਮੇਟੀ ਦੀ ਬੈਠਕ 'ਚ ਵਿਭਾਗਾਂ ਨੂੰ ਦਿੱਤੇ ਜ਼ਰੂਰੀ ਨਿਰਦੇਸ਼ ਪਟਿਆਲਾ, 20 ਦਸੰਬਰ : ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ ਨੇ ਧੁੰਦ ਦੇ ਮੌਸਮ 'ਚ ਸੜਕੀ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਲਈ ਵੱਖ ਵੱਖ ਵਿਭਾਗਾਂ ਵੱਲੋਂ ਕੀਤੀ ਕਾਰਵਾਈ ਦੀ ਸਮੀਖਿਆ ਕਰਦਿਆਂ ਕਿਹਾ ਕਿ ਸਬੰਧਤ ਵਿਭਾਗ ਇਹ ਸੁਨਿਸ਼ਚਿਤ ਕਰਨ ਕਿ ਧੁੰਦ ਦੇ ਮੌਸਮ ਵਿੱਚ ਸੜਕਾਂ ਦੀ ਖਰਾਬੀ ਕਾਰਨ ਕੋਈ ਸੜਕ ਦੁਰਘਟਨਾ ਨਾ ਹੋਵੇ । ਲੋਕ ਨਿਰਮਾਣ ਵਿਭਾਗ, ਨੈਸ਼ਨਲ ਹਾਈਵੇ, ਪੰਜਾਬ ਮੰਡੀ ਬੋਰਡ, ਨਗਰ ਨਿਗਮ ਤੇ ਪੀ. ਡੀ. ਏ. ਆਦਿ ਵਿਭਾਗਾਂ ਨੂੰ ਨਿਰਦੇਸ਼ ਦਿੰਦਿਆਂ ਏ. ਡੀ. ਸੀ. ਇਸ਼ਾ ਸਿੰਗਲ ਨੇ ਕਿਹਾ ਕਿ ਧੁੰਦ ਦੇ ਮੌਸਮ ਵਿੱਚ ਵਿਜ਼ੀਬਿਲਟੀ ਘੱਟ ਹੋਣ ਕਾਰਨ ਸੜਕੀ ਹਾਦਸੇ ਜ਼ਿਆਦਾ ਹੁੰਦੇ ਹਨ, ਇਸ ਲਈ ਸੜਕਾਂ 'ਤੇ ਚਿੱਟੀ ਪੱਟੀ ਲਗਾਉਣ ਸਮੇਤ ਜਿਹੜੀਆਂ ਸੜਕਾਂ ਦੀ ਮੁਰੰਮਤ ਹਾਲੇ ਤੱਕ ਨਹੀਂ ਹੋਈ ਹੈ ਉਹ ਤੁਰੰਤ ਮੁਕੰਮਲ ਕਰਵਾ ਕੇ ਇਸ ਦਾ ਸਰਟੀਫਿਕੇਟ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜਮ੍ਹਾਂ ਕਰਵਾਇਆ ਜਾਵੇ । ਉਨ੍ਹਾਂ ਸੜਕੀ ਹਾਦਸਿਆਂ ਦੇ ਕਾਰਨ ਬਣਦੇ 'ਬਲਾਇੰਡ ਸਪਾਟ' ਨੂੰ ਵੀ ਤੁਰੰਤ ਠੀਕ ਕਰਨ ਦੀ ਹਦਾਇਤ ਕੀਤੀ । ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਭਾਗ ਦੀ ਅਣਗਹਿਲੀ ਕਰਕੇ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜਿੰਮੇਵਾਰੀ ਸਬੰਧਤ ਵਿਭਾਗ ਜਾਂ ਏਜੰਸੀ ਦੀ ਹੋਵੇਗੀ । ਇਸ਼ਾ ਸਿੰਗਲ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਵਿੱਚ ਸਕੂਲ ਸੇਫ ਵਾਹਨ ਪਾਲਿਸੀ ਨੂੰ ਸਖਤੀ ਨਾਲ ਲਾਗੂ ਰੱਖਿਆ ਜਾਵੇ ਅਤੇ ਸਕੂਲ ਵਾਹਨਾਂ ਦੀ ਨਿਰੰਤਰ ਚੈਕਿੰਗ ਨੂੰ ਯਕੀਨੀ ਬਣਾਇਆ ਜਾਵੇ । ਉਨ੍ਹਾਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੂੰ ਜ਼ਿਲ੍ਹੇ ਵਿੱਚ ਟੀਮਾਂ ਬਣਾਕੇ ਸਕੂਲੀ ਵਾਹਨਾਂ ਦੀ ਚੈਕਿੰਗ ਕਰਨ ਦੀ ਹਦਾਇਤ ਕੀਤੀ । ਬੈਠਕ ਦੌਰਾਨ ਰੋਡ ਸੇਫਟੀ ਕਮੇਟੀ ਦੇ ਮੈਂਬਰਾਂ ਵੱਲੋਂ ਜ਼ਿਲ੍ਹੇ ਵਿੱਚ ਵੱਖ ਵੱਖ ਸਥਾਨਾਂ 'ਤੇ ਟਰੈਫ਼ਿਕ ਲਾਈਟਾਂ ਦੇ ਸਮੇਂ ਨੂੰ ਟਰੈਫ਼ਿਕ ਦੇ ਹਿਸਾਬ ਨਾਲ ਠੀਕ ਕਰਨ ਦਾ ਸੁਝਾਅ ਦਿੰਦਿਆਂ ਕਿਹਾ ਕਿ ਜਿਹੜੇ ਸਥਾਨਾਂ 'ਤੇ ਸ਼ਾਮ 6 ਵਜੇ ਤੋਂ ਟਰੈਫ਼ਿਕ ਲਾਈਟਾਂ ਬਲੀਕਰ ਵਜੋਂ ਕੰਮ ਕਰਦੀਆਂ ਹਨ, ਉਹ ਸਮਾਂ ਰਾਤ 9 ਵਜੇ ਤੋਂ ਬਾਦ ਦਾ ਕੀਤਾ ਜਾਵੇ ਤਾਂ ਜੋ ਜ਼ਿਆਦਾ ਟਰੈਫ਼ਿਕ ਸਮੇਂ ਟਰੈਫ਼ਿਕ ਜਾਮ ਲੱਗਣ ਦੀ ਸਮੱਸਿਆ ਖਤਮ ਹੋ ਸਕੇ । ਮੀਟਿੰਗ ਦੌਰਾਨ ਐਸ. ਡੀ. ਐਮ. ਪਾਤੜਾਂ ਅਸ਼ੋਕ ਕੁਮਾਰ ਦੀ ਮੰਗ 'ਤੇ ਨੈਸ਼ਨਲ ਹਾਈਵੇੲ ਅਥਾਰਿਟੀ ਦੇ ਅਧਿਕਾਰੀਆਂ ਨੂੰ ਪਾਤੜਾਂ ਦੇ ਸ਼ਹੀਦ ਭਗਤ ਵਿੱਚ ਚੌਂਕ ਵਿੱਚ ਟਰੈਫ਼ਿਕ ਲਾਈਟਾਂ ਲਗਾਉਣ ਦੇ ਨਿਰਦੇਸ਼ ਦਿੱਤੇ । ਮੀਟਿੰਗ ਵਿੱਚ ਪਟਿਆਲਾ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਤੋਂ ਐਚ. ਪੀ. ਐਸ. ਲਾਂਬਾ ਨੇ ਸੁਰੱਖਿਅਤ ਸੜਕਾਂ ਲਈ ਆਪਣੇ ਸੁਝਾਉ ਦਿੱਤੇ । ਮੀਟਿੰਗ 'ਚ ਡੀ.ਐਸ.ਪੀ ਟਰੈਫ਼ਿਕ ਅੱਛਰੂ ਰਾਮ, ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਹਰਕਿਰਨਪਾਲ ਸਿੰਘ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪਿਊਸ਼ ਅਗਰਵਾਲ, ਮਨਪ੍ਰੀਤ ਦੂਆ ਤੇ ਨਵੀਨ ਮਿੱਤਲ, ਡਾ. ਸਾਇਨਾ ਕਪੂਰ, ਜੰਗਲਾਤ, ਸਿੱਖਿਆ ਵਿਭਾਗ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ ।

Related Post