

ਪਟਿਆਲਾ, 8 ਮਈ (ਜਸਬੀਰ)-ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਪਟਿਆਲਾ ਵਿਚ ਇਕ ਫਕੀਰ ਦਾ ਰਜਵਾੜਿਆਂ ਨਾਲ ਮੁਕਾਬਲਾ ਹੈ। ਭਾਜਪਾ ਉਮੀਦਵਾਰ ਪ੍ਰਨੀਤ ਕੌਰ ਰਾਜ ਘਰਾਣੇ ਤੋਂ ਹਨ, ਡਾ. ਬਲਬੀਰ ਸਿੰਘ ਖੁੱਦ ਸਿਹਤ ਮੰਤਰੀ ਹਨ ਅਤੇ ਕਾਂਗਰਸ ਦੇ ਉਮੀਦਵਾਰ ਐਨ. ਕੇ. ਸ਼ਰਮਾ ਵੀ ਪੈਸੇ ਪੱਖੋਂ ਰਜਵਾੜਿਆਂ ਦੀ ਗਿਣਤੀ ਵਿਚ ਆਉਂਦੇ ਹਨ ਪਰ ਇਸ ਵਾਰ ਪਟਿਆਲਾ ਦੇ ਲੋਕ ਰਜਵਾੜਿਆਂ ਦੀ ਬਜਾਏ ਲੋਕਾਂ ਦੇ ਨਾਲ ਖੜ੍ਹਣ ਵਾਲੇ ਅਤੇ ਪਟਿਆਲਾ ਦੀ ਆਵਾਜ਼ ਸੰਸਦ ਵਿਚ ਬੁਲੰਦ ਕਰਨ ਵਾਲੇ ਫਕੀਰ ਨੂੰ ਚੁਣਨਗੇ। ਡਾ. ਗਾਂਧੀ ਨੇ ਕਿਹਾ ਕਿ ਸਾਰਿਆਂ ਦੇ ਰਿਪੋਰਟ ਕਾਰਡ ਬੋਲਦੇ ਹਨ ਕਿ ਕਿਸ ਤਰ੍ਹਾਂ ਪ੍ਰਨੀਤ ਕੌਰ 20 ਸਾਲ ਮੈਂਬਰ ਪਾਰਲੀਮੈਂਟ ਰਹੇ ਪਰ ਕੋਈ ਕੰਮ ਨਹੀਂ ਕੀਤਾ। ਡਾ. ਬਲਬੀਰ ਸਿੰਘ ਪਿਛਲੇ ਦੋ ਸਾਲ ਤੋਂ ਸਿਹਤ ਮੰਤਰੀ ਹਨ ਅਤੇ ਆਮ ਆਦਮੀ ਪਾਰਟੀ ਅਤੇ ਡਾ. ਬਲਬੀਰ ਸਿੰਘ ਨੇ ਸਿਵਾਏ ਗੱਲਾਂ ਕਰਨ ਦੇ ਹਕੀਕਤ ਵਿਚ ਕੋਈ ਕੰਮ ਨਹੀਂ ਕੀਤਾ। ਰਹੀ ਅਕਾਲੀ ਦਲ ਦੀ ਗੱਲ ਤਾਂ ਉਨ੍ਹਾਂ ਬਾਰੇ ਸਾਰੇ ਹੀ ਜਾਣਦੇ ਹਨ ਕਿ ਕਿਸ ਤਰ੍ਹਾਂ ਅਕਾਲੀ ਦਲ ਨੇ 10 ਸਾਲ ਤੱਕ ਲਗਾਤਾਰ ਇਕ ਕਾਰਪੋਰੇਟ ਕੰਪਨੀ ਵਾਂਗ ਸਰਕਾਰ ਚਲਾਈ ਹੈ ਪਰ ਹੁਣ ਲੋਕ ਜਾਗ ਗਏ ਹਨ।