 
                                              
                              ਭਾਰਤੀ ਮਹਿਲਾ ਹਾਕੀ ਟੀਮ ਐੱਫਆਈਐੱਚ ਪ੍ਰੋ ਲੀਗ ਵਿੱਚ ਲਗਾਤਾਰ ਛੇ ਹਾਰਾ ਦੀ ਲੜੀ ਅੱਜ ਇੱਥੇ ਜਰਮਨੀ ਖ਼ਿਲਾਫ਼ 2-4 ਤੋਂ ਮੈਚ ਹਾਰ ਕੇ ਰੋਕਣ ਵਿੱਚ ਅਸਫਲ ਰਹੀ। ਭਾਰਤੀ ਟੀਮ ਦੋ ਗੋਲਾਂ ਦੀ ਬੜ੍ਹਤ ਨੂੰ ਬਰਕਰਾਰ ਨਹੀਂ ਰੱਖ ਸਕੀ, ਜਿਸ ਕਾਰਨ ਉਸ ਨੂੰ ਪ੍ਰੋ ਲੀਗ ਵਿੱਚ ਲਗਾਤਾਰ ਸੱਤਵੀਂ ਹਾਰ ਦਾ ਸਾਹਮਣਾ ਕਰਨਾ ਪਿਆ। ਸੁਨੀਲਿਤਾ ਟੌਪੋ (ਨੌਵਾਂ ਮਿੰਟ) ਤੇ ਦੀਪਿਕਾ (15ਵਾਂ ਮਿੰਟ) ਨੇ ਸ਼ੁਰੂਆਤੀ ਕੁਆਰਟਰ ਵਿੱਚ ਬਿਹਤਰੀਨ ਮੈਦਾਨੀ ਗੋਲ ਕਰ ਕੇ ਹਰੇਂਦਰ ਸਿੰਘ ਦੀ ਟੀਮ ਲਈ ਵਧੀਆ ਮੌਕਾ ਬਣਾਇਆ ਸੀ ਪਰ ਜਰਮਨੀ ਦੀ ਵਿਕਟੋਰੀਆ ਹੂਜ਼ (23ਵਾਂ ਤੇ 32ਵਾਂ ਮਿੰਟ) ਨੇ ਦੋ ਪੈਨਲਟੀ ਕਾਰਨਰਾਂ ਨੂੰ ਗੋਲ ’ਚ ਤਬਦੀਲ ਕਰ ਕੇ ਸਕੋਰ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਸਟਿੰਨ ਕੁਰਜ਼ ਨੇ 51ਵੇਂ ਮਿੰਟ ਵਿਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕੀਤਾ ਅਤੇ ਫਿਰ 55ਵੇਂ ਮਿੰਟ ਵਿੱਚ ਜੂਲ ਬਲੂਐਲ ਨੇ ਗੋਲ ਕਰ ਕੇ ਜਰਮਨੀ ਦੀ ਜਿੱਤ ਯਕੀਨੀ ਬਣਾ ਦਿੱਤੀ। ਭਾਰਤੀ ਟੀਮ ਐਤਵਾਰ ਨੂੰ ਇਸ ਦੌਰੇ ਦਾ ਆਖਰੀ ਮੈਚ ਬਰਤਾਨੀਆ ਖ਼ਿਲਾਫ਼ ਖੇਡੇਗੀ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     