
ਸਿੰਗਾਪੁਰ ਹਵਾਈ ਅੱਡੇ ’ਤੇ ਕੰਮ ਕਰਦੇ ਭਾਰਤੀ ’ਤੇ ਏਅਰਪੋਡ ਰੱਖਣ ਦਾ ਦੋਸ਼
- by Jasbeer Singh
- March 7, 2025

ਸਿੰਗਾਪੁਰ ਹਵਾਈ ਅੱਡੇ ’ਤੇ ਕੰਮ ਕਰਦੇ ਭਾਰਤੀ ’ਤੇ ਏਅਰਪੋਡ ਰੱਖਣ ਦਾ ਦੋਸ਼ ਸਿੰਗਾਪੁਰ, 7 ਮਾਰਚ : ਇਕ ਹਵਾਈ ਯਾਤਰੀ ਵਲੋਂ ਜਹਾਜ਼ ਵਿਚ ਵਰਤੇ ਜਾਣ ਵਾਲੇ ਏਅਰਪੋਜ਼ ਦੀ ਇਕ ਜੌੜੀ ਰੱਖਣ ਲਈ ਸਿੰਗਾਪੁਰ ਵਿੱਚ ਹਵਾਈ ਅੱਡੇ ਦੇ ਸਹਾਇਕ ਪੁਲਸ ਅਧਿਕਾਰੀ ਵਜੋਂ ਕੰਮ ਕਰਨ ਵਾਲੇ ਭਾਰਤੀ ਨਾਗਰਿਕ ’ਤੇ ਅਪਰਾਧਿਕ ਵਿਸ਼ਵਾਸਘਾਤ ਦਾ ਦੋਸ਼ ਲਗਾਇਆ ਗਿਆ ਹੈ । ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਅਨੁਸਾਰ ਆਪਣੀ ਅਦਾਲਤੀ ਸੁਣਵਾਈ ਦੌਰਾਨ ਸੁੰਦਰ ਅਰਾਵਿੰਥ ਦੀ ਨੁਮਾਇੰਦਗੀ ਕੋਈ ਨਹੀਂ ਕਰ ਰਿਹਾ ਸੀ, ਜਦੋਂ ਪੁੱਛਿਆ ਗਿਆ ਕਿ ਕੀ ਉਸ ਨੇ ਕਾਨੂੰਨੀ ਵਕੀਲ ਨਾਲ ਸੰਪਰਕ ਕਰਨਾ ਹੈ ਤਾਂ ਅਰਾਵਿੰਥ ਨੇ ਕਿਹਾ ਨਹੀਂ, ਉਸ ਨੇ ਨਤੀਜਿਆਂ ’ਤੇ ਵਿਚਾਰ ਕੀਤੇ ਬਿਨਾਂ ਅਪਰਾਧ ਕੀਤਾ ਹੈ । ਉਸ ਨੇ ਜੱਜ ਨੂੰ ਅਪੀਲ ਕੀਤੀ ਕਿ ਅਦਾਲਤੀ ਦੁਭਾਸ਼ੀਏ ਰਾਹੀਂ ਉਸ ਨੂੰ ਦੇਸ਼ ਵਾਪਸ ਭੇਜ ਦੇਣ ਅਤੇ ਉਸ ਦਾ ਵੀਜ਼ਾ 31 ਮਾਰਚ ਨੂੰ ਖਤਮ ਹੋ ਜਾਵੇਗਾ। ਹਾਲਾਂਕਿ ਬਾਅਦ ਵਿੱਚ ਉਸ ਨੂੰ ਦੱਸਿਆ ਗਿਆ ਕਿ ਇੱਕ ਵਿਸ਼ੇਸ਼ ਪਾਸ ਜਾਰੀ ਕੀਤਾ ਜਾਵੇਗਾ । ਚਾਰਜਸ਼ੀਟ ਦੇ ਅਨੁਸਾਰ ਅਰਾਵਿੰਥ ’ਤੇ ਦੋਸ਼ ਹੈ ਕਿ ਉਸ ਨੇ 4 ਫਰਵਰੀ ਨੂੰ ਚਾਂਗੀ ਏਅਰਪੋਰਟ ਟਰਮੀਨਲ 2 ’ਤੇ ਕਿਸੇ ਯਾਤਰੀ ਦੇ ਵਾਇਰਲੈੱਸ ਈਅਰਬਡ ਆਪਣੀ ਵਰਤੋਂ ਲਈ ਰੱਖ ਲਏ ਸਨ। ਇਹ ਮਾਮਲਾ 28 ਫਰਵਰੀ ਨੂੰ ਉਦੋਂ ਸਾਹਮਣੇ ਆਇਆ ਜਦੋਂ ਪੁਲੀਸ ਨੂੰ ਟਰਮੀਨਲ 2 ‘’ਤੇ ਚੋਰੀ ਦੇ ਇੱਕ ਸ਼ੱਕੀ ਮਾਮਲੇ ਬਾਰੇ ਸੁਚੇਤ ਕੀਤਾ ਗਿਆ। ਵੀਰਵਾਰ ਨੂੰ ਇੱਕ ਪ੍ਰੈਸ ਰਿਲੀਜ਼ ਵਿੱਚ ਪੁਲੀਸ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਜਹਾਜ਼ ਵਿਚ ਸਵਾਰ ਯਾਤਰੀ ਦੇ ਏਅਰਪੌਡ ਗੁੰਮ ਹੋ ਗਏ ਜੋ ਬਾਅਦ ਵਿੱਚ ਇੱਕ ਕੈਬਿਨ ਕਰੂ ਮੈਂਬਰ ਦੁਆਰਾ ਲੱਭੇ ਲਏ ਗਏ। ਚਾਲਕ ਦਲ ਦੇ ਮੈਂਬਰ ਨੇ ਏਅਰਪੌਡ ਅਰਾਵਿੰਥ ਨੂੰ ਸੌਂਪ ਦਿੱਤੇ ਸਨ ਜੋ ਉਸ ਸਮੇਂ ਹਵਾਈ ਅੱਡੇ ਦੇ ਸਹਾਇਕ ਪੁਲੀਸ ਅਧਿਕਾਰੀ ਵਜੋਂ ਡਿਊਟੀ ’ਤੇ ਸੀ । ਹਾਲਾਂਕਿ, ਉਸਨੇ ਏਅਰਪੋਡਜ਼ ਨੂੰ ਆਪਣੀ ਵਰਤੋਂ ਲਈ ਰੱਖਣ ਦਾ ਫੈਸਲਾ ਕੀਤਾ । ਚੈਨਲ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਰਾਵਿੰਥ ਦੇ ਮਾਮਲੇ ਦੀ ਸੁਣਵਾਈ 17 ਅਪ੍ਰੈਲ ਨੂੰ ਦੁਬਾਰਾ ਹੋਵੇਗੀ । ਸਿੰਗਾਪੁਰ ਦੇ ਕਾਨੂੰਨ ਦੇ ਅਨੁਸਾਰ ਵਿਸ਼ਵਾਸ ਦੀ ਅਪਰਾਧਿਕ ਉਲੰਘਣਾ ਕਰਨ ’ਤੇ ਵੱਧ ਤੋਂ ਵੱਧ ਸੱਤ ਸਾਲ ਦੀ ਕੈਦ, ਜੁਰਮਾਨਾ, ਜਾਂ ਦੋਵੇਂ ਹੋ ਸਕਦੇ ਹਨ ।