post

Jasbeer Singh

(Chief Editor)

Patiala News

ਖ਼ਾਲਸਾ ਕਾਲਜ ਪਟਿਆਲਾ ਦੇ ਵੱਖ-ਵੱਖ ਵਿਭਾਗਾਂ ਵੱਲੋਂ ਨਵੇਂ ਵਿਦਿਆਰਥੀਆਂ ਲਈ ਕਰਵਾਏ ਗਏ ਇੰਡਕਸ਼ਨ-ਕਮ-ਓਰੀਐਂਟੇਸ਼ਨ ਪ੍ਰੋਗਰਾਮ

post-img

ਖ਼ਾਲਸਾ ਕਾਲਜ ਪਟਿਆਲਾ ਦੇ ਵੱਖ-ਵੱਖ ਵਿਭਾਗਾਂ ਵੱਲੋਂ ਨਵੇਂ ਵਿਦਿਆਰਥੀਆਂ ਲਈ ਕਰਵਾਏ ਗਏ ਇੰਡਕਸ਼ਨ-ਕਮ-ਓਰੀਐਂਟੇਸ਼ਨ ਪ੍ਰੋਗਰਾਮ ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਵੱਲੋਂ ਕਾਲਜ ਵਿੱਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਕਾਲਜ ਦੇ ਸੱਭਿਆਚਾਰ, ਕੰਮਕਾਜੀ ਮਾਹੌਲ, ਵੱਖ ਵੱਖ ਵਿਦਿਅਕ ਗਤੀਵਿਧੀਆਂ ਅਤੇ ਵਿਦਿਆਰਥੀਆਂ ਦੀ ਮਦਦ ਲਈ ਕੰਮ ਕਰ ਰਹੀਆਂ ਵੱਖ ਵੱਖ ਬਰਾਂਚਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਅਨੇਕਾਂ ਵਿਭਾਗਾਂ ਵੱਲੋਂ ਇੰਡਕਸ਼ਨ ਕਮ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ ਕੀਤੇ ਗਏ। ਜਿਨ੍ਹਾਂ ਵਿਭਾਗਾਂ ਵੱਲੋਂ ਇਹ ਪ੍ਰੋਗਰਾਮ ਕਰਵਾਏ ਗਏ ਉਹਨਾਂ ਵਿੱਚ ਪੋਸਟ ਗ੍ਰੈਜੂਏਟ ਇਤਿਹਾਸ ਵਿਭਾਗ, ਪੋਸਟ ਗਰੈਜੂਏਟ ਅਰਥਸ਼ਾਸਤਰ ਵਿਭਾਗ, ਪੋਸਟ ਗਰੈਜੂਏਟ ਮਨੋਵਿਗਿਆਨ ਵਿਭਾਗ, ਧਰਮ ਅਧਿਐਨ ਵਿਭਾਗ, ਸਮਾਜ ਵਿਗਿਆਨ ਵਿਭਾਗ, ਸੰਗੀਤ ਵਾਦਨ ਵਿਭਾਗ, ਪੋਸਟ ਗ੍ਰੈਜੂਏਟ ਐਗਰੀਕਲਚਰ ਵਿਭਾਗ, ਪੋਸਟ ਗਰੈਜੂਏਟ ਫੈਸ਼ਨ ਡਿਜਾਈਨਿੰਗ ਅਤੇ ਹੋਮ ਸਾਇੰਸ ਵਿਭਾਗ, ਹਿੰਦੀ ਵਿਭਾਗ, ਥੀਏਟਰ ਵਿਭਾਗ, ਪੋਸਟ ਗਰੈਜੂਏਟ ਇੰਗਲਿਸ਼ ਅਤੇ ਵਿਦੇਸ਼ੀ ਭਾਸ਼ਾਵਾਂ ਵਿਭਾਗ, ਪੋਸਟ ਗ੍ਰੈਜੂਏਟ ਰਾਜਨੀਤਿਕ ਵਿਗਿਆਨ ਵਿਭਾਗ, ਪੋਸਟ ਗਰੈਜੂਏਟ ਜੌਗਰਫੀ ਅਤੇ ਵਾਤਾਵਰਨ ਵਿਭਾਗ ਸ਼ਾਮਿਲ ਹਨ । ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਇਨ੍ਹਾਂ ਸਮਾਗਮਾਂ ਦੀ ਪ੍ਰਧਾਨਗੀ ਕਰਦਿਆਂ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ। ਉਹਨਾਂ ਆਪਣੇ ਸੰਬੋਧਨ ਵਿੱਚ ਸੰਪੂਰਨ ਸਿੱਖਿਆ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਸਹਿ-ਪਾਠਕ੍ਰਮ ਗਤੀਵਿਧੀਆਂ ਦੇ ਨਾਲ-ਨਾਲ ਅਕਾਦਮਿਕ ਉੱਤਮਤਾ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਖ਼ਾਲਸਾ ਕਾਲਜ ਦਾ ਗਿਆਨ ਚਾਨਣ ਮੁਨਾਰਾ ਹੈ ਅਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਤੁਹਾਨੂੰ ਇੱਕ ਉੱਜਵਲ ਭਵਿੱਖ ਵੱਲ ਅੱਗੇ ਵਧਣ ਲਈ ਸੇਧ ਦੇਈਏ । ਵਾਈਸ ਪਿ੍ਰੰਸੀਪਲ ਡਾ: ਹਰਵਿੰਦਰ ਕੌਰ ਨੇ ਵੀ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਅਨੁਸ਼ਾਸਨ ਬਣਾਈ ਰੱਖਣ ਅਤੇ ਕਾਲਜ ਵਿਖੇ ਉਪਲਬਧ ਵੱਖ-ਵੱਖ ਅਕਾਦਮਿਕ ਸਾਧਨਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ । ਵਾਈਸ ਪਿ੍ਰੰਸੀਪਲ ਡਾ: ਗੁਰਮੀਤ ਸਿੰਘ ਨੇ ਲੀਡਰਸ਼ਿਪ ਅਤੇ ਸਮਾਜ ਸੇਵਾ ਦੇ ਮਹੱਤਵ ਬਾਰੇ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਨੂੰ ਸਮਾਜ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਲਈ ਕਿਹਾ । ਇਹਨਾਂ ਵੱਖ-ਵੱਖ ਪ੍ਰੋਗਰਾਮਾਂ ਵਿੱਚ ਪ੍ਰੋ. ਜਤਿੰਦਰ ਸਿੰਘ ਭੁਟਾਲ, ਡਾ. ਕੁਲਦੀਪ ਕੁਮਾਰ, ਡਾ. ਹਰਪ੍ਰੀਤ ਕੌਰ, ਡਾ. ਬਲਬੀਰ ਕੌਰ, ਡਾ. ਹਰਜੀਤ ਕੌਰ, ਡਾ. ਵੰਦਨਾ ਕਪੂਰ, ਪ੍ਰੋ. ਜਸਪ੍ਰੀਤ ਕੌਰ, ਡਾ ਜਗਤਾਰ ਸਿੰਘ, ਡਾ. ਗੋਰਖ ਸਿੰਘ ਸਮੇਤ ਕਈ ਹੋਰ ਪਤਵੰਤੇ ਫੈਕਲਟੀ ਮੈਂਬਰਾਂ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਹਰੇਕ ਫੈਕਲਟੀ ਮੈਂਬਰ ਨੇ ਆਪੋ-ਆਪਣੇ ਵਿਭਾਗਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਇਸ ਬਾਰੇ ਸਲਾਹ ਦਿੱਤੀ ਕਿ ਕਿਵੇਂ ਵਿਦਿਆਰਥੀ ਖ਼ਾਲਸਾ ਕਾਲਜ ਵਿੱਚ ਆਪਣੇ ਸਮੇਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹਨ। ਓਰੀਐਂਟੇਸ਼ਨ ਪ੍ਰੋਗਰਾਮ ਇੰਟਰਐਕਟਿਵ ਸ਼ੈਸ਼ਨਾਂ ਦੇ ਨਾਲ ਸਮਾਪਤ ਹੋਏ ਅਤੇ ਵਿਦਿਆਰਥੀਆਂ ਨੂੰ ਹੋਰ ਵੀ ਅਨੇਕਾਂ ਕਿਸਮ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ।

Related Post