post

Jasbeer Singh

(Chief Editor)

Latest update

ਆਈਪੀਐੱਲ: ਦਿੱਲੀ ਨੇ ਰਾਜਸਥਾਨ ਨੂੰ 20 ਦੌੜਾਂ ਨਾਲ ਹਰਾਇਆ

post-img

ਦਿੱਲੀ ਕੈਪੀਟਲਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਰਾਜਸਥਾਨ ਰੌਇਲਜ਼ ਨੂੰ 20 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਨੇ ਅੱਠ ਵਿਕਟਾਂ ਦੇ ਨੁਕਸਾਨ ’ਤੇ 221 ਦੌੜਾਂ ਬਣਾਈਆਂ ਸਨ। ਜਿੱਤ ਲਈ 222 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਰਾਜਸਥਾਨ ਦੀ ਟੀਮ ਅੱਠ ਵਿਕਟਾਂ ’ਤੇ 201 ਦੌੜਾਂ ਹੀ ਬਣਾ ਸਕੀ। ਰਾਜਸਥਾਨ ਵੱਲੋਂ ਕਪਤਾਨ ਸੰਜੂ ਸੈਮਸਨ ਨੇ ਸਭ ਤੋਂ ਵੱਧ 86 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਰਿਆਨ ਪਰਾਗ 27, ਸ਼ੁਭਮ ਦੂਬੇ 25 ਅਤੇ ਜੋਸ ਬਟਲਰ ਨੇ 13 ਦੌੜਾਂ ਦਾ ਯੋਗਦਾਨ ਪਾਇਆ। ਸੈਮਸਨ ਨੇ ਸੀਜ਼ਨ ਦਾ ਪੰਜਵਾਂ ਨੀਮ ਸੈਂਕੜਾ ਜੜਿਆ। ਉਹ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਤੀਜੇ ਨੰਬਰ ’ਤੇ ਆ ਗਿਆ ਹੈ। ਉਸ ਦੇ ਨਾਂ 11 ਮੈਚਾਂ ਵਿੱਚ 471 ਦੌੜਾਂ ਦਰਜ ਹਨ। ਪਹਿਲੇ ਸਥਾਨ ’ਤੇ ਵਿਰਾਟ ਕੋਹਲੀ ਦੇ ਨਾਂ 542 ਦੌੜਾਂ ਤੇ ਦੂਜੇ ਸਥਾਨ ’ਤੇ ਰੁਤੂਰਾਜ ਗਾਇਕਵਾੜ ਦੇ ਨਾਂ 541 ਦੌੜਾਂ ਹਨ। ਦਿੱਲੀ ਵੱਲੋਂ ਖਲੀਲ ਅਹਿਮਦ, ਕੁਲਦੀਪ ਯਾਦਵ ਤੇ ਮੁਕੇਸ਼ ਕੁਮਾਰ ਨੇ ਦੋ-ਦੋ ਜਦਕਿ ਅਕਸ਼ਰ ਪਟੇਲ ਅਤੇ ਆਰ.ਡੀ ਸਲਾਮ ਨੇ ਇੱਕ-ਇੱਕ ਵਿਕਟ ਲਈ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਅਭਿਸ਼ੇਕ ਪੋਰੇਲ ਅਤੇ ਜੈਕ ਫ੍ਰੇਜ਼ਰ-ਮੈਕਗੁਰਕ ਦੇ ਨੀਮ ਸੈਂਕੜਿਆਂ ਦੀ ਮਦਦ ਨਾਲ ਦਿੱਲੀ ਨੇ ਅੱਠ ਵਿਕਟਾਂ ’ਤੇ 221 ਦੌੜਾਂ ਬਣਾਈਆਂ। ਪੋਰੇਲ ਨੇ 36 ਗੇਂਦਾਂ ਵਿੱਚ ਸੱਤ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 65 ਦੌੜਾਂ ਦੀ ਪਾਰੀ ਖੇਡੀ। ਉਸ ਨੇ ਮੈਕਗੁਰਕ (20 ਗੇਂਦਾਂ ਵਿੱਚ 50 ਦੌੜਾਂ) ਨਾਲ 4.2 ਓਵਰਾਂ ਵਿੱਚ ਪਹਿਲੀ ਵਿਕਟ ਲਈ 60 ਦੌੜਾਂ ਦੀ ਭਾਈਵਾਲੀ ਕੀਤੀ। ਟ੍ਰਿਸਟਨ ਸਟੱਬਜ਼ (20 ਗੇਂਦਾਂ ਵਿੱਚ 41 ਦੌੜਾਂ) ਨੇ ਅੰਤ ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਟੀਮ ਦਾ ਸਕੋਰ 200 ਦੌੜਾਂ ਤੋਂ ਪਾਰ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਈ। ਦਿੱਲੀ ਦੀ ਟੀਮ ਆਖਰੀ ਤਿੰਨ ਓਵਰਾਂ ਵਿੱਚ 53 ਦੌੜਾਂ ਜੋੜਨ ’ਚ ਸਫਲ ਰਹੀ। ਰਾਜਸਥਾਨ ਲਈ ਰਵੀਚੰਦਰਨ ਅਸ਼ਵਿਨ ਨੇ 24 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।

Related Post