
ਮਾਨਵਤਾ ਨੂੰ ਬਚਾਉਣਾ ਸਮਝਾਉਣਾ ਸੱਭ ਦੀ ਜ਼ੁਮੇਵਾਰੀ : ਰਵਨੀਤ ਦੂਬੇ
- by Jasbeer Singh
- January 7, 2025

ਮਾਨਵਤਾ ਨੂੰ ਬਚਾਉਣਾ ਸਮਝਾਉਣਾ ਸੱਭ ਦੀ ਜ਼ੁਮੇਵਾਰੀ : ਰਵਨੀਤ ਦੂਬੇ ਪਟਿਆਲਾ : ਮਾਨਵਤਾ, ਧਰਤੀ, ਵਾਤਾਵਰਨ ਅਤੇ ਵਰਤਮਾਨ ਨੂੰ ਸੁਰੱਖਿਅਤ, ਸਿਹਤਮੰਦ, ਤਦੰਰੁਸਤ ਰਖਣ ਲਈ ਹਰੇਕ ਵਿਦਿਆਰਥੀ, ਅਧਿਆਪਕ- ਗੁਰੂ, ਨਾਗਰਿਕ ਅਤੇ ਮਾਤਾ ਪਿਤਾ ਦਾ ਜਾਗਰੂਕ ਹੋਕੇ, ਆਪਣੇ ਦੇਸ਼, ਸਮਾਜ, ਘਰ ਪਰਿਵਾਰਾਂ, ਵਾਤਾਵਰਨ, ਧਰਤੀ ਮਾਂ, ਪ੍ਰਤੀ ਆਪਣੇ ਫ਼ਰਜ਼ਾਂ ਜ਼ੁਮੇਵਾਰੀਆਂ ਨੂੰ ਇਮਾਨਦਾਰੀ ਵਫ਼ਾਦਾਰੀ ਨਾਲ ਨਿਭਾਉਣਾ ਬਹੁਤ ਜ਼ਰੂਰੀ ਹੈ ਤਾਂ ਜ਼ੋ ਬੱਚਿਆਂ ਅਤੇ ਨੌਜਵਾਨਾਂ ਨੂੰ ਖੁਸ਼ਹਾਲ, ਸਿਹਤਮੰਦ, ਸੁਰਖਿਅਤ, ਸਵੱਛ ਭਵਿੱਖ ਮਿਲਣ, ਇਹ ਵਿਚਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੀਫ਼ ਇੰਜੀਨੀਅਰ ਡਾਕਟਰ ਰਵਨੀਤ ਕੁਮਾਰ ਦੂਬੇ ਨੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਦੀ 310ਵੀ ਮੀਟਿੰਗ ਦੌਰਾਨ, ਪੰਜਾਬੀ ਯੂਨੀਵਰਸਿਟੀ ਦੇ ਹੋਣਹਾਰ 25 ਐਨ. ਐਸ. ਐਸ. ਵੰਲਟੀਅਰਾਂ ਨੂੰ ਸਨਮਾਨਤ ਕਰਦੇ ਹੋਏ ਪ੍ਰਗਟ ਕੀਤੇ ਜ਼ੋ ਦਿਲ, ਦਿਮਾਗ,ਭਾਵਨਾਵਾਂ, ਵਿਚਾਰਾਂ ਅਤੇ ਆਦਤਾਂ ਰਾਹੀਂ, ਵਫ਼ਾਦਾਰ ਸੈਨਿਕਾਂ ਵਾਂਗ ਮਾਨਵਤਾ, ਵਾਤਾਵਰਨ ਅਤੇ ਨੋਜਵਾਨਾਂ ਨੂੰ ਬਚਾਉਣ ਲਈ ਮਦਦਗਾਰ ਫ਼ਰਿਸ਼ਤਿਆਂ ਵਜੋਂ ਕਾਰਜ ਕਰ ਰਹੇ ਹਨ। ਸੰਸਥਾ ਦੇ ਪ੍ਰਧਾਨ ਡਾਕਟਰ ਰਾਕੇਸ਼ ਵਰਮੀ, ਸਕੱਤਰ ਹਰਪ੍ਰੀਤ ਸਿੰਘ ਸੰਧੂ ਅਤੇ ਮੀਤ ਪ੍ਰਧਾਨ ਬੀ ਐਸ ਬੇਦੀ ਨੇ ਦੱਸਿਆ ਕਿ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵਲੋਂ ਮਾਨਵਤਾ, ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਹਾਦਸਿਆਂ, ਦੁਰਘਟਨਾਵਾਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ, ਸਿਹਤ, ਸੇਫਟੀ, ਫਸਟ ਏਡ, ਆਫ਼ਤ ਪ੍ਰਬੰਧਨ, ਸੀ ਪੀ ਆਰ, ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਸੁਸਾਇਟੀ ਦੀ ਅਗਵਾਈ ਹੇਠ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਮੈਡੀਕਲ ਕਾਲਜ ਰਾਜਿੰਦਰਾ ਹਸਪਤਾਲ ਵਿਖੇ ਜਾਗਰੂਕਤਾ ਮਿਸ਼ਨ ਚਲਾਏਂ ਜਾ ਰਹੇ ਹਨ ਕਿਉਂਕਿ ਜਾਗਰੂਕ ਇਨਸਾਨ ਹੀ ਹਾਦਸੇ ਘਟਾਉਣ, ਪੀੜਤਾਂ ਨੂੰ ਬਚਾਉਣ ਅਤੇ ਵਾਤਾਵਰਣ ਨੂੰ ਸੁਰੱਖਿਅਤ, ਖੁਸ਼ਹਾਲ ਬਣਾਉਣ ਲਈ ਯਤਨ ਕਰਦੇ ਹਨ। ਇਸ ਮੌਕੇ, ਡਾਕਟਰ ਨਵਨੀਤ ਕੌਰ, ਡਾਕਟਰ ਰਿਸ਼ਮਾਂ ਕੌਹਲੀ, ਮੁਰਾਰੀ ਲਾਲ ਸ਼ਰਮਾ, ਕਾਕਾ ਰਾਮ ਵਰਮਾ, ਮਨਜੀਤ ਕੌਰ ਆਜ਼ਾਦ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਨਵਤਾਵਾਦੀ ਮਹਾਨ ਕਾਰਜਾਂ ਨੂੰ ਯਾਦ ਕਰਦਿਆਂ, ਨੋਜਵਾਨਾਂ ਨੂੰ, ਭਾਈ ਘਨ੍ਹਈਆ ਜੀ ਵਾਂਗ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਨਣ ਲਈ ਪ੍ਰੇਰਿਤ ਕੀਤਾ । ਸ਼੍ਰੀ ਦੂਬੇ ਨੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਮਾਨਵਤਾਵਾਦੀ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਧਰਤੀ ਮਾਂ ਨੂੰ ਬਚਾਉਣ ਲਈ ਪਲਾਸਟਿਕ, ਰਸਾਇਣਕ, ਧੂੰਏਂ ਗੈਸਾਂ ਦੇ ਪ੍ਰਦੂਸ਼ਣ ਘਟਾਉਣ, ਪਲਾਸਟਿਕ ਬੋਤਲਾਂ ਅਤੇ ਲਿਫਾਫਿਆਂ ਦੀ ਥਾਂ, ਚੰਗੀਆਂ ਚੀਜ਼ਾਂ ਦੀ ਵਰਤੋਂ ਕਰਕੇ, ਕੈਂਸਰ ਅਤੇ ਦੂਸਰੀਆਂ ਬਿਮਾਰੀਆਂ ਤੋਂ ਬਚਣ ਲਈ ਯਤਨ ਕੀਤੇ ਜਾਣ । ਉਨ੍ਹਾਂ ਨੇ ਕਿਹਾ ਕਿ ਚਾਇਨਾ ਡੋਰ ਜ਼ੋ ਨੋਜਵਾਨ ਪਤੰਗ ਉਡਾਉਣ ਲਈ ਵਰਤਦੇ ਹਨ, ਉਸ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਚਾਇਨਾ ਡੋਰ ਖ਼ਰੀਦਣ, ਵੇਚਣ ਅਤੇ ਰੱਖਣ ਵਾਲਿਆਂ ਨੂੰ ਭਾਰੀ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ । ਉਨ੍ਹਾਂ ਨੇ ਵੱਧ ਤੋਂ ਵੱਧ ਪੋਦੇ ਲਗਾਉਣ, ਗੱਡੀਆਂ ਦੀ ਵਰਤੋਂ ਲੋੜ ਅਨੁਸਾਰ ਕਰਨ ਦੀ ਬੇਨਤੀ ਕੀਤੀ । ਕਾਕਾ ਰਾਮ ਵਰਮਾ ਨੇ ਚਲ ਰਹੇ ਆਵਾਜਾਈ ਸੁਰੱਖਿਆ ਮਹੀਨੇ ਦੀ ਮਹੱਤਤਾ ਦੱਸੀ ਅਤੇ ਬੇਨਤੀ ਕੀਤੀ ਕਿ ਸੜਕਾਂ ਤੇ ਚਲਦੇ ਫਿਰਦੇ ਵ੍ਹੀਕਲ ਚਲਾਉਂਦੇ ਸਮੇਂ, ਨਿਯਮਾਂ ਕਾਨੂੰਨਾਂ ਅਸੂਲਾਂ ਫਰਜ਼ਾਂ ਦੀ ਪਾਲਣਾ ਕੀਤੀ ਜਾਵੇ ।