ਅਧਿਆਪਕਾਂ ਤੇ ਮਾਪਿਆਂ ਦਾ ਚੰਗੇ ਪਾਠਕ ਹੋਣਾ ਸਭ ਤੋਂ ਜ਼ਰੂਰੀ- ਸ. ਜਸਵੰਤ ਸਿੰਘ ਜ਼ਫ਼ਰ
- by Jasbeer Singh
- December 3, 2025
ਅਧਿਆਪਕਾਂ ਤੇ ਮਾਪਿਆਂ ਦਾ ਚੰਗੇ ਪਾਠਕ ਹੋਣਾ ਸਭ ਤੋਂ ਜ਼ਰੂਰੀ- ਸ. ਜਸਵੰਤ ਸਿੰਘ ਜ਼ਫ਼ਰ ਭਾਸ਼ਾ ਵਿਭਾਗ ਪੰਜਾਬ ਦੀ ਪੁਸਤਕ ਬੈਠਕ ’ਚ ਸ਼ਾਮਲ ਹੋਏ ਰਾਣਾ ਰਣਬੀਰ ਕਿਤਾਬ ਮਨੁੱਖ ਨੂੰ ਕਿਰਦਾਰ, ਤਾਕਤ ਤੇ ਬਰਾਬਰਤਾ ਪ੍ਰਦਾਨ ਕਰਦੀ ਹੈ- ਰਾਣਾ ਰਣਬੀਰ ਪਟਿਆਲਾ 3 ਦਸੰਬਰ 2025 : ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਕਰਵਾਏ ਜਾਂਦੇ ਮਹੀਨਾਵਾਰ ਸਮਾਗਮ ‘ਪੁਸਤਕ ਬੈਠਕ’ ਦੌਰਾਨ ਅੱਜ ਉੱਘੇ ਲੇਖਕ ਤੇ ਰੰਗਕਰਮੀ ਰਾਣਾ ਰਣਬੀਰ ‘ਜ਼ਿੰਦਗੀ ’ਚ ਪੁਸਤਕਾਂ ਦੀ ਅਹਿਮੀਅਤ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਦੇਣ ਲਈ ਸ਼ਾਮਲ ਹੋਏ। ਜਿਸ ਦੌਰਾਨ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਪਿਛਲੇ ਮਹੀਨੇ ਦੌਰਾਨ ਪੜ੍ਹੀਆਂ ਪੁਸਤਕਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ । ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਰਾਣਾ ਰਣਬੀਰ ਇੱਕ ਅਜਿਹਾ ਕਲਾਕਾਰ ਹੈ ਜਿਸ ਦੀ ਪ੍ਰਤਿਭਾ ਦੇ ਹਰ ਰੰਗ ’ਚੋਂ ਪੁਸਤਕਾਂ ਦਾ ਪ੍ਰਭਾਵ ਝਲਕਦਾ ਹੈ। ਜਿਸ ਕਾਰਨ ਉਹ ਹਮੇਸ਼ਾ ਹੀ ਆਪਣੀ ਕਲਾ ਰਾਹੀਂ ਸਮਾਜ ਨੂੰ ਕੋਈ ਨਾ ਕੋਈ ਨਿੱਗਰ ਸੁਨੇਹਾ ਦੇਣ ਦਾ ਜ਼ਰੂਰ ਯਤਨ ਕਰਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਮਾਪੇ ਖ਼ੁਦ ਕਿਤਾਬਾਂ ਨਾਲ ਜੁੜੇ ਹੁੰਦੇ ਹਨ ਉਨ੍ਹਾਂ ਦੇ ਬੱਚੇ ਆਪਣੇ ਆਪ ਹੀ ਪੁਸਤਕਾਂ ਦੀ ਅਹਿਮੀਅਤ ਸਮਝਣ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਕਾਦਮਿਕ ਖੇਤਰ ’ਚ ਜਿਹੜੇ ਅਧਿਆਪਕ ਖ਼ੁਦ ਕਿਤਾਬਾਂ ਪੜ੍ਹਦੇ ਹਨ ਉਨ੍ਹਾਂ ਦੇ ਵਿਿਦਆਰਥੀ ਵੀ ਜ਼ਿੰਦਗੀ ਦੇ ਹਰ ਖੇਤਰ ’ਚ ਤਰੱਕੀ ਪ੍ਰਾਪਤ ਕਰਦੇ ਹਨ। ਇਸ ਕਰਕੇ ਮਾਪਿਆਂ ਤੇ ਅਧਿਆਪਕਾਂ ਦਾ ਵਧੀਆ ਪਾਠਕ ਹੋਣਾ ਅਤਿ ਜ਼ਰੂਰੀ ਹੈ। ਰਾਣਾ ਰਣਬੀਰ ਨੇ ‘ਜ਼ਿੰਦਗੀ ’ਚ ਕਿਤਾਬਾਂ ਦੀ ਅਹਿਮੀਅਤ’ ਵਿਸ਼ੇ ’ਤੇ ਬੋਲਦਿਆਂ ਕਿਹਾ ‘ਕਿਤਾਬ’ ਮਨੁੱਖ ਨੂੰ ਕਿਰਦਾਰ, ਤਾਕਤ ਤੇ ਬਰਾਬਰਤਾ ਪ੍ਰਦਾਨ ਕਰਦੀ ਹੈ। ਇਹ ਧਾਰਨਾ ਉਸ ਦੇ ਜੀਵਨ ’ਤੇ ਪੂਰੀ ਤਰ੍ਹਾਂ ਢੁਕਦੀ ਹੈ। ਉਸ ਨੇ ਕਿਤਾਬਾਂ ਪੜ੍ਹਕੇ ਹੀ ਲਿਖਣਾ ਸ਼ੁਰੂ ਕੀਤਾ ਜਿਸ ਸਦਕਾ ਹੀ ਉਸ ਲਈ ਅਦਾਕਾਰੀ, ਫਿਲਮ ਲੇਖਣ ਤੇ ਹੋਰ ਰਸਤੇ ਖੁੱਲ੍ਹਦੇ ਗਏ। ਉਨ੍ਹਾਂ ਕਿਹਾ ਕਿ ਕਿਤਾਬਾਂ ਮਨੁੱਖ ਨੂੰ ਹਰ ਦੁੱਖ-ਸੁੱਖ ’ਚੋਂ ਕੱਢਣ ਲਈ ਸਹਾਈ ਹੁੰਦੀਆਂ ਹਨ ਅਤੇ ਨਵੇਂ ਸੁਪਨੇ ਦਿਖਾਉਂਦੀਆਂ ਹਨ। ਕਿਤਾਬ ਮਨੁੱਖ ਨੂੰ ਅਜਿਹੇ ਸੰਸਾਰ ਦੇ ਦੀਦਾਰ ਕਰਵਾਉਂਦੀ ਹੈ ਜੋ ਸਾਨੂੰ ਸਕੂਨ, ਅਕਲ ਅਤੇ ਨਵੀਆਂ ਮੰਜ਼ਿਲਾਂ ਵੱਲ ਵਧਣਾ ਸਿਖਾਉਂਦਾ ਹੈ। ਕਿਤਾਬ ਮਨੁੱਖ ਦੀ ਸਭ ਤੋਂ ਸੱਚੀ ਦੋਸਤ ਹੈ ਅਤੇ ਉਸ ਦੇ ਵਿਅਕਤੀਗਤ ’ਚ ਨਿਖਾਰ ਲਿਆਉਂਦੀ ਹੈ। ਰਾਣੇ ਨੇ ਕਿਹਾ ਕਿ ਜਿਹੜਾ ਕਲਾਕਾਰ ਕਿਤਾਬਾਂ ਪੜ੍ਹਦਾ ਹੈ ਉਹ ਸਮਾਜ ਨੂੰ ਵਧੇਰੇ ਨੇੜੇ ਹੋ ਕੇ ਸਮਝਦਾ ਹੈ। ਇਸ ਕਰਕੇ ਉਸ ਦੀ ਕਲਾ ਵੀ ਆਮ ਲੋਕਾਂ ਦੀ ਗੱਲ ਕਰਦੀ ਹੈ ਅਤੇ ਲੋਕਾਂ ਨੂੰ ਪਸੰਦ ਵੀ ਵਧੇਰੇ ਆਉਂਦੀ ਹੈ । ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਰਾਣਾ ਰਣਬੀਰ ਨਾਲ ਸੰਵਾਦ ਰਚਾਇਆ। ਇਸ ਮੌਕੇ ਖੋਜ ਅਫ਼ਸਰ ਡਾ. ਸੰਤੋਖ ਸੁੱਖੀ ਤੇ ਸੀਨੀਅਰ ਸਹਾਇਕ ਸਰੂਪ ਸਿੰਘ ਨੇ ਰਾਣਾ ਰਣਬੀਰ ਬਾਰੇ ਲਿਖੀਆਂ ਕਵਿਤਾਵਾਂ ਸੁਣਾਈਆਂ। ਖੋਜ ਅਫ਼ਸਰ ਡਾ. ਮਨਜਿੰਦਰ ਸਿੰਘ, ਖੋਜ ਸਹਾਇਕ ਮਹੇਸ਼ਇੰਦਰ ਖੋਸਲਾ ਤੇ ਅੰਕੁਸ਼ ਕੁਮਾਰ ਨੇ ਪੁਸਤਕਾਂ ਪੜ੍ਹਨ ਸਬੰਧੀ ਆਪਣੇ ਤਜ਼ਰਬੇ ਸਾਂਝੇ ਕੀਤੇ। ਇਸ ਮੌਕੇ ਕੈਨੇਡਾ ਤੋਂ ਪੁੱਜੇ ਸਾਹਿਤ ਪ੍ਰੇਮੀ ਅਜਾਇਬ ਸਿੰਘ ਚੱਠਾ, ਸ਼ਾਇਰ ਅਵਤਾਰਜੀਤ, ਸਹਾਇਕ ਡਾਇਰੈਕਟਰ ਸੁਖਪ੍ਰੀਤ ਕੌਰ, ਸੁਰਿੰਦਰ ਕੌਰ ਤੇ ਦਵਿੰਦਰ ਕੌਰ ਸਮੇਤ ਵੱਡੀ ਗਿਣਤੀ ’ਚ ਸਾਹਿਤ ਪ੍ਰੇਮੀ ਹਾਜ਼ਰ ਸਨ। ਅਖ਼ੀਰ ਵਿੱਚ ਵਿਭਾਗ ਵੱਲੋਂ ਰਾਣਾ ਰਣਬੀਰ ਦਾ ਸਨਮਾਨ ਕੀਤਾ ਗਿਆ।
