July 9, 2024 05:10:30
post

Jasbeer Singh

(Chief Editor)

National

ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਅੱਜ ਅਸਤਾਨਾ ਵਿਚ ਮਿਟਿੰਗ ਕਰਕੇ ਚੰਗਾ ਲੱਗਾ

post-img

ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਅੱਜ ਅਸਤਾਨਾ ਵਿਚ ਮਿਟਿੰਗ ਕਰਕੇ ਚੰਗਾ ਲੱਗਾ ਨਵੀਂ ਦਿੱਲੀ : ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਹੋਈ ਮੀਟਿੰਗ ਨੂੰ ਚੰਗਾ ਦੱਸਦਿਆਂ ਕਿਹਾ ਕਿ ਯੂਕਰੇਨ ਨਾਲ ਲੱਗਦੀ ਸਰਹੱਦ ’ਤੇ ਜੰਗ ਦੇ ਮੈਦਾਨ ਵਿਚ ਰੂਸੀ ਫੌਜ ਲਈ ਲੜ ਰਹੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਦਾ ਮੁੱਦਾ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਵਿਚਾਰਿਆ ਹੈ। ਜੈਸ਼ੰਕਰ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਦੀ ਸਾਲਾਨਾ ਮੀਟਿੰਗ ਵਿਚ ਸ਼ਾਮਲ ਹੋਣ ਲਈ ਮੰਗਲਵਾਰ ਨੂੰ ਇਥੇ ਪੁੱਜੇ ਸਨ। ਭਾਰਤ ਤੇ ਰੂਸ ਦੇ ਵਿਦੇਸ਼ ਮੰਤਰੀਆਂ ਦਰਮਿਆਨ ਇਹ ਬੈਠਕ ਅਜਿਹੇ ਮੌਕੇ ਹੋਈ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਜੁਲਾਈ ਨੂੰ ਮਾਸਕੋ ਦੌਰੇ ’ਤੇ ਆ ਰਹੇ ਹਨ। ਸ੍ਰੀ ਮੋਦੀ ਦੀ ਇਸ ਫੇਰੀ ਬਾਰੇ ਭਾਵੇਂ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ, ਪਰ ਰਿਪੋਰਟਾਂ ਮੁਤਾਬਕ ਸ੍ਰੀ ਮੋਦੀ ਅਗਲੇ ਹਫ਼ਤੇ ਮਾਸਕੋ ਆ ਸਕਦੇ ਹਨ। ਜੈਸ਼ੰਕਰ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਅੱਜ ਅਸਤਾਨਾ ਵਿਚ ਮਿਟਿੰਗ ਕਰਕੇ ਚੰਗਾ ਲੱਗਾ। ਇਸ ਦੌਰਾਨ ਸਾਡੀ ਦੁਵੱਲੀ ਭਾਈਵਾਲੀ ਤੇ ਸਮਕਾਲੀ ਮੁੱਦਿਆਂ ਨੂੰ ਲੈ ਕੇ ਵਿਆਪਕ ਚਰਚਾ ਹੋਈ। ਦਸੰਬਰ 2023 ਵਿਚ ਸਾਡੀ ਆਖਰੀ ਬੈਠਕ ਮਗਰੋਂ ਹੁਣ ਤੱਕ ਵੱਖ ਵੱਖ ਖੇਤਰਾਂ ਵਿਚ ਕੀਤੇ ਵਿਕਾਸ ’ਤੇ ਝਾਤ ਮਾਰੀ।’’ ਜੈਸ਼ੰਕਰ ਨੇ ਪੋਸਟ ਵਿਚ ਹੋਰ ਕਿਹਾ, ‘‘ਮੌਜੂਦਾ ਸਮੇਂ ਜੰਗ ਦੇ ਮੈਦਾਨ ਵਿਚ ਲੜ ਰਹੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨਾਲ ਜੁੜੇ ਫ਼ਿਕਰਾਂ ਨੂੰ ਜ਼ੋਰਦਾਰ ਢੰਗ ਨਾਲ ਉਭਾਰਿਆ। ਉਨ੍ਹਾਂ ਦੀ ਸੁਰੱਖਿਅਤ ਤੇ ਫੌਰੀ ਵਾਪਸੀ ਲਈ ਜ਼ੋਰ ਪਾਇਆ।’’ ਜੈਸ਼ੰਕਰ ਨੇ ਪੋਸਟ ਦੇ ਨਾਲ ਬੈਠਕ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਉਧਰ ਰੂਸੀ ਵਿਦੇਸ਼ ਮੰਤਰਾਲੇ ਨੇ ਵੀ ਐਕਸ ’ਤੇ ਮਿਲਦੀ ਜੁਲਦੀ ਪੋਸਟ ਦੇ ਨਾਲ ਬੈਠਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਕਾਬਿਲੇਗੌਰ ਹੈ ਕਿ ਜਦੋਂ ਦੀ ਰੂਸ-ਯੂਕਰੇਨ ਜੰਗ ਛਿੜੀ ਹੈ ਉਦੋਂ ਤੋਂ ਭਾਰਤ ਵੱਲੋਂ ਰੂਸੀ ਫੌਜ ਵਿਚ ਤਾਇਨਾਤ ਆਪਣੇ ਨਾਗਰਿਕਾਂ ਦੀ ਸੁਰੱਖਿਆ ਤੇ ਦੇਸ਼ ਵਾਪਸੀ ਲਈ ਰੂਸ ’ਤੇ ਦਬਾਅ ਪਾਇਆ ਜਾ ਰਿਹਾ ਹੈ।

Related Post