ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਜ਼ਿਲ੍ਹਾ ਜੇਲ੍ਹ ਨਾਭਾ ਦੇ ਪੈਟਰੋਲ ਪੰਪ ਦਾ ਉਦਘਾਟਨ
- by Jasbeer Singh
- November 25, 2024
ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਜ਼ਿਲ੍ਹਾ ਜੇਲ੍ਹ ਨਾਭਾ ਦੇ ਪੈਟਰੋਲ ਪੰਪ ਦਾ ਉਦਘਾਟਨ -ਬੰਦੀਆਂ ਦੇ ਪੁਨਰਵਸੇਬੇ ’ਚ ਸਹਾਈ ਹੋਣਗੇ ਜੇਲ੍ਹ ਵਿਭਾਗ ਵੱਲੋਂ ਲਗਾਏ ਜਾ ਰਹੇ ਪੈਟਰੋਲ ਪੰਪ : ਲਾਲਜੀਤ ਸਿੰਘ ਭੁੱਲਰ -ਕਿਹਾ, ਸੂਬੇ ਦੀਆਂ 8 ਜੇਲ੍ਹਾਂ ਦੇ ਬਾਹਰ ਲਗਾਏ ਜਾ ਚੁੱਕੇ ਨੇ ਪੈਟਰੋਲ ਪੰਪ, ਹਰੇਕ ਪੰਪ ਤੋਂ ਪ੍ਰਤੀ ਮਹੀਨਾ 5 ਲੱਖ ਰੁਪਏ ਹੋ ਰਹੀ ਹੈ ਆਮਦਨ -ਪੈਟਰੋਲ ਪੰਪ ਦੀ ਆਮਦਨ ਨੂੰ ਜੇਲ੍ਹ ਸੁਧਾਰਾਂ ਲਈ ਵਰਤਿਆ ਜਾਵੇਗਾ : ਜੇਲ੍ਹ ਮੰਤਰੀ -ਜੇਲ੍ਹ ਦੇ ਕੈਦੀ ਪਾਇਆ ਕਰਨਗੇ ਗੱਡੀਆਂ 'ਚ ਤੇਲ ਨਾਭਾ/ਪਟਿਆਲਾ, 25 ਨਵੰਬਰ : ਪੰਜਾਬ ਦੇ ਜੇਲ੍ਹ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵੱਲੋਂ ਜ਼ਿਲ੍ਹਾ ਜੇਲ੍ਹ ਨਾਭਾ (ਮੈਕਸੀਮਮ ਸਕਿਉਰਿਟੀ ਜੇਲ੍ਹ) ਦੇ ਬਾਹਰ ਪੰਜਾਬ ਜੇਲ੍ਹ ਵਿਕਾਸ ਬੋਰਡ ਵੱਲੋਂ ਬਣਾਇਆ ਗਿਆ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਦਾ ਪੈਟਰੋਲ ਪੰਪ (ਉਜਾਲਾ ਫਿਊਲਜ਼) ਲੋਕਾਂ ਨੂੰ ਸਮਰਪਿਤ ਕੀਤਾ ਗਿਆ । ਇਸ ਮੌਕੇ ਉਨ੍ਹਾਂ ਸਬ ਜੇਲ੍ਹ ਫ਼ਾਜ਼ਿਲਕਾ ਵਿਖੇ ਲੱਗੇ ਪੈਟਰੋਲ ਪੰਪ ਦਾ ਵਰਚੂਅਲ ਤੌਰ ਤੇ ਉਦਘਾਟਨ ਵੀ ਕੀਤਾ । ਸਮਾਗਮ ਮੌਕੇ ਏ. ਡੀ. ਜੀ. ਪੀ. (ਜੇਲ੍ਹਾਂ) ਅਰੁਨਪਾਲ ਸਿੰਘ, ਆਈ. ਜੀ. ਜੇਲ੍ਹਾਂ ਰੂਪ ਕੁਮਾਰ ਅਰੋੜਾ, ਡੀ. ਆਈ. ਜੀ. ਜੇਲ੍ਹਾਂ ਐਸ. ਐਸ. ਸੈਣੀ ਅਤੇ ਆਈ. ਓ. ਸੀ. ਦੇ ਕਾਰਜਕਾਰੀ ਡਾਇਰੈਕਟਰ ਜਤਿੰਦਰ ਕੁਮਾਰ, ਜੀ. ਐਮ. ਸੁਭਾਸ਼ ਐਮ ਤੁਮਨੇ ਵੀ ਮੌਜੂਦ ਸਨ । ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਇਸੇ ਲੜੀ ਤਹਿਤ ਪੰਜਾਬ ਦੀਆਂ ਜੇਲ੍ਹਾਂ ਅੰਦਰ ਜਿਥੇ ਬੰਦੀਆਂ ਦੇ ਕੰਮ ਕਰਨ ਲਈ ਨਵੀਂ ਮਸ਼ੀਨਰੀ ਲਗਾਉਣ ਦਾ ਕੰਮ ਜਾਰੀ ਹੈ, ਉਥੇ ਹੀ ਸੂਬੇ ਅੰਦਰਲੀਆਂ ਜੇਲ੍ਹਾਂ ਦੇ ਬਾਹਰ 8 ਪੈਟਰੋਲ ਪੰਪ ਵੀ ਲਗਾਏ ਜਾ ਚੁੱਕੇ ਹਨ । ਉਨ੍ਹਾਂ ਕਿਹਾ ਕਿ ਹੁਣ ਤੱਕ ਲੁਧਿਆਣਾ, ਰੂਪਨਗਰ, ਹੁਸ਼ਿਆਰਪੁਰ, ਫਿਰੋਜ਼ਪੁਰ, ਸੰਗਰੂਰ ਅਤੇ ਪਟਿਆਲਾ ਵਿਖੇ 6 ਪੈਟਰੋਲ ਪੰਪ ਲਗਾਏ ਜਾ ਚੁੱਕੇ ਹਨ ਅਤੇ ਅੱਜ ਦੋ ਹੋਰ ਪੈਟਰੋਲ ਪੰਪ ਨਾਭਾ ਤੇ ਫ਼ਾਜ਼ਿਲਕਾ ਵਾਸੀਆਂ ਨੂੰ ਸਮਰਪਿਤ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ ਪੈਟਰੋਲ ਪੰਪ ਲੱਗਣ ਨਾਲ ਜੇਲ੍ਹ ਵਿਭਾਗ ਨੂੰ ਹਰੇਕ ਪੈਟਰੋਲ ਪੰਪ ਤੋਂ ਤਕਰੀਬਨ 5 ਲੱਖ ਰੁਪਏ ਪ੍ਰਤੀ ਮਹੀਨਾ ਆਮਦਨ ਹੋ ਰਹੀ ਹੈ ਤੇ ਇਹ ਪੈਸਾ ਜੇਲ੍ਹ ਵਿਭਾਗ ਦੇ ਸੁਧਾਰ ਲਈ ਹੀ ਖਰਚੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਜੇਲ੍ਹ ਵਿਕਾਸ ਬੋਰਡ ਅਤੇ ਆਈ. ਓ. ਸੀ. ਵੱਲੋਂ ਚਲਾਏ ਜਾਣ ਵਾਲੇ ਇਸ ਪੈਟਰੋਲ ਪੰਪ (ਉਜਾਲਾ ਫਿਊਲਜ਼) ਨੂੰ ਚੰਗੇ ਆਚਰਣ ਵਾਲੇ ਕੈਦੀਆਂ ਵੱਲੋਂ ਵੀ ਸੰਚਾਲਿਤ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਜੋ ਵਿਅਕਤੀ ਕਿਸੇ ਨਾ ਕਿਸੇ ਕਾਰਨ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ, ਉਨ੍ਹਾਂ ਨੂੰ ਜੇਲ੍ਹ ਦੇ ਅੰਦਰ ਰਹਿ ਕੇ ਆਪਣੇ ਵਿੱਚ ਸੁਧਾਰ ਲਿਆਉਣ ਦੇ ਨਾਲ ਨਾਲ ਹੁਣ ਜੇਲ੍ਹ ਵਿਭਾਗ ਦੇ ਉਪਰਾਲੇ ਸਦਕਾ ਜੇਲ੍ਹ ਤੋਂ ਬਾਹਰ ਵੀ ਡਿਊਟੀ ਨਿਭਾਉਣ ਦਾ ਮੌਕਾ ਮਿਲੇਗਾ । ਉਨ੍ਹਾਂ ਕਿਹਾ ਕਿ ਇਸ ਨਾਲ ਕੈਦੀ ਆਪਣੇ ਆਪ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਦਰੁਸਤ ਰੱਖ ਸਕਣਗੇ ਅਤੇ ਨਾਲ ਹੀ ਉਨ੍ਹਾਂ ਨੂੰ ਆਮਦਨ ਵੀ ਹੋਵੇਗੀ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਬੰਦੀਆਂ ਦੇ ਪੁਨਰਵਸੇਬੇ ਵਿੱਚ ਵੀ ਸਹਾਈ ਹੋਵੇਗਾ । ਇਸ ਮੌਕੇ ਉਨ੍ਹਾਂ ਪਹਿਲੀ ਗੱਡੀ ਵਿੱਚ ਤੇਲ ਪਵਾ ਕੇ ਪੈਟਰੋਲ ਪੰਪ ਦੀ ਰਸਮੀ ਸ਼ੁਰੂਆਤ ਵੀ ਕਰਵਾਈ । ਇਸ ਮੌਕੇ ਏ. ਡੀ. ਜੀ. ਪੀ. (ਜੇਲ੍ਹਾਂ) ਅਰੁਨਪਾਲ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਜੇਲ੍ਹ ਨਾਭਾ (ਮੈਕਸੀਮਮ ਸਕਿਉਰਿਟੀ ਜੇਲ੍ਹ) ਵਿਖੇ ਬਣੇ ਉਜਾਲਾ ਫਿਊਲ ਵਿੱਚ ਤੇਲ ਪਾਉਣ ਲਈ ਅਤਿ ਆਧੁਨਿਕ ਮਸ਼ੀਨਰੀ ਲਗਾਈ ਗਈ ਹੈ । ਇਸ ਮੌਕੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆ ਵਾਲਾ, ਚੀਫ ਜਨਰਲ ਮੈਨੇਜਰ ਆਈ. ਓ. ਸੀ. ਵਿਨੇ ਅਗਰਵਾਲ, ਜੇਲ੍ਹ ਸੁਪਰਡੈਂਟ ਲਲਿਤ ਕੁਮਾਰ ਕੋਹਲੀ, ਐਸ. ਡੀ. ਐਮ. ਨਾਭਾ ਇਸਮਤ ਵਿਜੈ ਸਿੰਘ, ਡੀ. ਐਸ. ਪੀ. ਮਨਦੀਪ ਕੌਰ, ਐਚ.ਐਸ ਗਿੱਲ ਤੋਂ ਇਲਾਵਾ ਵੱਡੀ ਗਿਣਤੀ ਪਤਵੰਤੇ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.