ਸ਼ਹੀਦੀ ਜੋੜ ਮੇਲ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਪਟਿਆਲਾ ਤੋਂ ਸਰਹਿੰਦ ਤੱਕ ਨਵੀਂ ਬਣਨ ਵਾਲੀ ਸੜਕ ਦਾ ਜਲਦੀ ਕੰ
- by Jasbeer Singh
- November 24, 2024
ਸ਼ਹੀਦੀ ਜੋੜ ਮੇਲ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਪਟਿਆਲਾ ਤੋਂ ਸਰਹਿੰਦ ਤੱਕ ਨਵੀਂ ਬਣਨ ਵਾਲੀ ਸੜਕ ਦਾ ਜਲਦੀ ਕੰਮ ਮੁਕੰਮਲ ਕੀਤਾ ਜਾਵੇ : ਪ੍ਰੋ. ਬਡੂੰਗਰ ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਚੀਫ ਸੈਕਟਰੀ ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਦੇ ਨਵੇਂ ਬਣੇ ਪ੍ਰਧਾਨ ਅਮਨ ਅਰੋੜਾ, ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਫਤਿਹਗੜ੍ਹ ਸਾਹਿਬ ਵਿਖੇ ਲੱਗਣ ਵਾਲੇ ਸਲਾਨਾ ਸ਼ਹੀਦੀ ਜੋੜ ਮੇਲ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਪਟਿਆਲਾ ਤੋਂ ਸਰਹਿੰਦ ਤੱਕ ਨਵੀਂ ਬਣਨ ਵਾਲੀ ਸੜਕ ਦਾ ਜਲਦੀ ਕੰਮ ਮੁਕੰਮਲ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਸ੍ਰੀ ਫ਼ਤਹਿਗੜ੍ਹ ਸਾਹਿਬ (ਸਰਹਿੰਦ) ਦੀ ਧਰਤੀ ਉਤੇ ਦਸਮੇਸ਼ ਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੇ ‘ਬਾਬਾ ਜੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ' ਨੇ ਸ਼ਹੀਦੀ ਦਿੱਤੀ ਅਤੇ ਵਿਸ਼ਵ ਦਾ ਸਭ ਤੋਂ ਵੱਡਾ ਖੂਨੀ ਸਾਕਾ 'ਸਾਕਾ ਸਰਹੰਦ ਮਿਤੀ 25, 26, 27 ਦਸੰਬਰ 1704 ਈ. ਨੂੰ ਵਾਪਰਿਆ ਸੀ । ਉਨ੍ਹਾਂ ਕਿਹਾ ਕਿ ਲਗਭਗ 320 ਸਾਲ ਬਾਅਦ ਵੀ ਖਾਲਸਾ ਪੰਥ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਹਰ ਸਾਲ ਵੱਡਾ ਸਾਕਾ ਕਰਨ ਵਾਲੀਆਂ ਉਹਨਾਂ ਮਹਾਨ ਨਿੱਕੀਆਂ ਜਿੰਦਾਂ ਨੂੰ ਪੂਰੀ ਸ਼ਰਧਾ, ਸਤਿਕਾਰ ਅਤੇ ਨਿਮਰਤਾ ਨਾਲ ਸਿਜਦਾ ਕਰਨ ਲਈ ਆਉਂਦੀਆਂ ਹਨ। ਇਸ ਸ਼ਹੀਦੀ ਯਾਤਰਾ ਵਿਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਦੀ ਭਾਰੀ ਗਿਣਤੀ ਵਿਚ ਅਵਾਜਾਈ ਹਰ ਸਾਲ 1 ਨਵੰਬਰ ਤੋਂ ਅਰੰਭ ਹੋ ਕੇ 15 ਜਨਵਰੀ ਤੀਕ ਨਿਰੰਤਰ ਜਾਰੀ ਰਹਿੰਦੀ ਹੈ ਅਤੇ ਮਿਤੀ 25, 26 ਅਤੇ 27 ਦਸੰਬਰ ਨੂੰ ਤਾਂ ਬਹੁਤ ਹੀ ਭਾਰੀ ਗਿਣਤੀ ਵਿਚ ਸੰਗਤਾਂ ਸਾਹਿਬਜਾਦਿਆਂ ਨੂੰ ਨਤਮਸਤਕ ਹੋਣ ਲਈ ਆਉਂਦੀਆਂ ਹਨ । ਉਨ੍ਹਾਂ ਕਿਹਾ ਕਿ ਲਾਂਡਰਾਂ (ਜਿਲ੍ਹਾ ਮੋਹਾਲੀ), ਮੋਰਿੰਡਾ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ ਅਤੇ ਪਟਿਆਲਾ ਤੋਂ ਸ੍ਰੀ ਫਤਹਿਗੜ੍ਹ ਸਾਹਿਬ ਤੀਕ ਬਹੁਤ ਹੀ ਭਾਰੀ ਗਿਣਤੀ ਵਿਚ ਸੰਗਤਾਂ ਆਉਂਦੀਆਂ ਹਨ ਪਰੰਤੂ ਪਟਿਆਲਾ ਤੋਂ ਸਰਹੰਦ ਤੀਕ ਵੱਡੇ ਵੱਡੇ ਜਾਮ ਲਗਦੇ ਹਨ ਕਿਉਂਕਿ ਸੜਕ ਬਹੁਤ ਸੌੜੀ ਅਤੇ ਥੌੜੀ ਰਹਿ ਜਾਂਦੀ ਹੈ । ਸੜਕ ਦੇ ਦੋਹਾਂ ਪਾਸਿਆਂ ਉਤੇ ਸ਼ਰਧਾਲੂ ਸਿੱਖਾਂ ਵੱਲੋਂ ਗੁਰੂ ਕੇ ਲੰਗਰ ਵੀ ਸਜਾਏ ਜਾਂਦੇ ਹਨ। ਜਾਮ ਦੌਰਾਨ ਸੰਗਤਾਂ ਖਾਸ ਕਰਕੇ ਬੀਬੀਆਂ, ਬੱਚਿਆਂ ਅਤੇ ਬਜੁਰਗਾਂ ਨੂੰ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਉਹਨਾਂ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਆਪ ਜੀ ਨੂੰ ਪੰਜਾਬ ਦੀ ਸੇਵਾ ਕਰਨ ਦਾ ਸੁਭਾਗ ਬਖਸ਼ਿਆ ਹੈ, ਕਿਰਪਾ ਕਰਕੇ ਦੇਸ਼ਾਂ ਵਿਦੇਸ਼ਾਂ ਤੋਂ ਫਤਿਹਗੜ੍ਹ ਸਾਹਿਬ ਤੇ ਦੇਸ਼ ਤੇ ਪੰਜਾਬ ਦੇ ਕੋਨੇ ਕੋਨੇ ਤੋਂ ਸੰਗਤਾਂ ਆਪੋ ਆਪਣੇ ਵਾਹਨਾਂ ਰਾਹੀਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਵੰਬਰ ਮਹੀਨੇ ਤੋਂ ਹੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਟਰੈਫਿਕ ਸਮੱਸਿਆ ਨੂੰ ਮੁੱਖ ਰੱਖਦਿਆਂ ਹੋਇਆਂ ਜਲਦ ਤੋਂ ਜਲਦ ਪਟਿਆਲਾ ਤੋਂ ਸਰਹੰਦ ਤੱਕ ਬਣਨ ਜਾ ਰਹੀ ਸੜਕ ਦਾ ਕਾਰਜ ਜਲਦੀ ਤੋਂ ਜਲਦੀ ਮੁਕੰਮਲ ਕਰਵਾਇਆ ਜਾਣਾ ਚਾਹੀਦਾ ਹੈ । ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹ ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਤੋਂ ਬਾਅਦ ਬਣੇ ਮੁੱਖ ਮੰਤਰੀ ਭਗਵੰਤ ਮਾਨ, ਮੁੱਖ ਸਕੱਤਰ ਪੰਜਾਬ ਸਰਕਾਰ ਨੂੰ ਪੱਤਰ ਲਿਖੇ, ਜਿਸ ਦੀ ਬਦੌਲਤ ਇਸ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਹੋਇਆ ਸੀ ਤੇ ਹੁਣ ਵੀ ਸਰਕਾਰ ਨੂੰ ਚਾਹੀਦਾ ਹੈ ਕਿ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਪਟਿਆਲਾ ਤੋਂ ਸਰਹੰਦ ਤੱਕ ਚੌਹ ਮਾਰਗੀ ਬਣਨ ਵਾਲੀ ਸੜਕ ਦਾ ਕਾਰਜ ਤੇਜ ਕਰਕੇ ਜਲਦ ਤੋਂ ਜਲਦ ਮੁਕੰਮਲ ਕਰਵਾਇਆ ਜਾਵੇ ।
Related Post
Popular News
Hot Categories
Subscribe To Our Newsletter
No spam, notifications only about new products, updates.