
ਖ਼ਾਲਸਾ ਕਾਲਜ ਪਟਿਆਲਾ ਵੱਲੋਂ ਕਨਵੋਕੇਸ਼ਨ ਦੌਰਾਨ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ
- by Jasbeer Singh
- February 15, 2025

ਖ਼ਾਲਸਾ ਕਾਲਜ ਪਟਿਆਲਾ ਵੱਲੋਂ ਕਨਵੋਕੇਸ਼ਨ ਦੌਰਾਨ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਵੱਲੋਂ ਅੱਜ ਆਪਣਾ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਲਈ ਕਨਵੋਕੇਸ਼ਨ ਕਰਵਾਈ ਗਈ, ਜਿਸ ਵਿਚ ਪੋਸਟ ਗ੍ਰੈਜੂਏਸ਼ਨ ਦੇ 149 ਅਤੇ ਅੰਡਰ ਗ੍ਰੈਜੂਏਟ ਦੇ 157 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ । ਇਸ ਕਨਵੋਕੇਸ਼ਨ ਵਿੱਚ ਮੁੱਖ ਮਹਿਮਾਨ ਵੱਜੋਂ ਸ. ਸੁਖਮਿੰਦਰ ਸਿੰਘ ਸਕੱਤਰ ਵਿੱਦਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਰਤਸਰ ਸਾਹਿਬ ਨੇ ਸ਼ਿਰਕਤ ਕੀਤੀ । ਇਸ ਮੌਕੇ ਆਪਣੇ ਕਨਵੋਕੇਸ਼ਨ ਭਾਸ਼ਣ ਵਿੱਚ ਸ. ਸੁਖਮਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਕੰਮ ਦੀ ਸੰਪੂਰਨਤਾ ਦਾ ਪਲ ਅਜਿਹੀ ਸੁਭਾਗੀ ਘੜੀ ਹੁੰਦੀ ਹੈ, ਜਿਸ ਦੀ ਯਾਦ ਹਮੇਸ਼ਾ ਹੀ ਸਾਡੇ ਨਾਲ ਰਹਿੰਦੀ ਹੈ। ਖ਼ਾਲਸਾ ਕਾਲਜ ਪਟਿਆਲਾ ਤੋਂ ਆਪਣੀ ਪੜ੍ਹਾਈ ਪੂਰੀ ਕਰਕੇ ਡਿਗਰੀਆਂ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਤੁਸੀਂ ਜ਼ਿੰਦਗੀ ਦਾ ਇਕ ਮੁਕਾਮ ਪੂਰਾ ਕਰ ਲਿਆ ਹੈ ਤੇ ਹੁਣ ਤੁਸੀਂ ਜ਼ਿੰਦਗੀ ਦੇ ਅਗਲੇ ਪੜਾਅ ਵਿੱਚ ਦਾਖਲ ਹੋਣ ਜਾ ਰਹੇ ਹੋ, ਜਿੱਥੇ ਅਨੇਕਾਂ ਪ੍ਰਕਾਰ ਦੀਆਂ ਜਿੰਮੇਵਾਰੀਆਂ ਤੁਹਾਡੇ ’ਤੇ ਆਇਦ ਹੋਣਗੀਆਂ। ਖ਼ਾਲਸਾ ਕਾਲਜ ਤੋਂ ਪ੍ਰਾਪਤ ਕੀਤੀ ਵਿੱਦਿਆ ਤੁਹਾਨੂੰ ਉਹ ਜ਼ਿੰਮੇਵਾਰੀਆਂ ਨਿਭਾਉਣ ਵਿਚ ਮੱਦਦਗਾਰ ਰਹੇਗੀ । ਉਨ੍ਹਾਂ ਇਹ ਗੱਲ ਵੀ ਜ਼ੋਰ ਦੇ ਕੇ ਕਹੀ ਕਿ ਜੀਵਨ ਵਿਚ ਕੁਝ ਵੀ ਸਿੱਖਣ ਦਾ ਸਬੱਬ ਹਮੇਸ਼ਾਂ ਹੀ ਬਣਿਆ ਰਹਿੰਦਾ ਹੈ ਬਾਸ਼ਰਤੇ ਕਿ ਅਸੀਂ ਸਿੱਖਣ ਲਈ ਹਮੇਸ਼ਾਂ ਤਤਪਰ ਰਹੀਏ । ਡਾ. ਧਰਮਿੰਦਰ ਸਿੰਘ ਉੱਭਾ ਪਿ੍ਰੰਸੀਪਲ ਖ਼ਾਲਸਾ ਕਾਲਜ ਪਟਿਆਲਾ ਨੇ ਇਸ ਮੌਕੇ ਦੱਸਿਆ ਕਿ ਖ਼ਾਲਸਾ ਕਾਲਜ ਪਟਿਆਲਾ ਵੱਲੋਂ ਹਮੇਸ਼ਾ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਨ੍ਹਾਂ ਦੇ ਵਿਦਿਆਰਥੀ ਜਦੋਂ ਆਪਣੀ ਡਿਗਰੀ ਹਾਸਲ ਕਰਨ ਤਾਂ ਉਹ ਗਿਆਨ ਦੇ ਪੱਖ ਤੋਂ ਵੀ ਸਰਬਪੱਖੀ ਮੁਹਾਰਤ ਰੱਖਦੇ ਹੋਣ। ਉਨ੍ਹਾਂ ਡਿਗਰੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਵਾਦ ਦਿੱਤੀ ਅਤੇ ਨਾਲ ਹੀ ਆਸ ਵੀ ਪ੍ਰਗਟ ਕੀਤੀ ਕਿ ਜੀਵਨ ਦੇ ਅਗਲੇ ਮੁਕਾਮ ’ਤੇ ਵੀ ਉਨ੍ਹਾਂ ਨੂੰ ਸਫ਼ਲਤਾ ਮਿਲੇਗੀ ਅਤੇ ਉਹ ਜ਼ਿੰਦਗੀ ਵਿਚ ਉੱਚੇ ਮੁਕਾਮ ਹਾਸਲ ਕਰਨਗੇ। ਜਿੱਥੇ ਉਹ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨਗੇ ਉਥੇ ਨਾਲ ਦੀ ਨਾਲ ਖ਼ਾਲਸਾ ਕਾਲਜ ਪਟਿਆਲਾ ਦੀ ਸ਼ੋਭਾ ਨੂੰ ਵੀ ਚਾਰ ਚੰਨ ਲਾਉਣਗੇ । ਅੰਤ ਤੇ ਪਿ੍ਰੰਸੀਪਲ ਸਾਹਿਬ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਅਸੀਸਾਂ ਤੇ ਉਨ੍ਹਾਂ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕਰਦੇ ਹੋਏ, ਵਧਾਈਆਂ ਦਿੱਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਪਿ੍ਰੰਸੀਪਲ ਡਾ. ਜਸਲੀਨ ਕੌਰ, ਵਾਇਸ ਪਿ੍ਰੰਸੀਪਲ ਡਾ. ਹਰਵਿੰਦਰ ਕੌਰ, ਵਾਇਸ ਪਿ੍ਰੰਸੀਪਲ ਡਾ. ਅਜੀਤ ਸਿੰਘ, ਵਾਇਸ ਪਿ੍ਰੰਸੀਪਲ ਡਾ. ਗੁਰਮੀਤ ਸਿੰਘ, ਕੰਟਰੋਲਰ ਪ੍ਰੀਖਿਆਵਾਂ ਡਾ. ਜਸਪ੍ਰੀਤ ਕੌਰ ਅਤੇ ਸਮੂਹ ਡੀਨ ਸਾਹਿਬਾਨ, ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ ।