ਕੋਲਕਾਤਾ ਰੇਪ ਤੇ ਕਤਲ ਮਾਮਲੇ ਦੇ ਦੋਸ਼ੀ ਸੰਜੈ ਰਾਏ ਦੀ ਸੱਸ ਦਾ ਬਿਆਨ, ਕਿਹਾ-'ਸਜ਼ਾ ਤਾਂ ਮਿਲਣੀ ਚਾਹੀਦੀ ਹੈ...
- by Jasbeer Singh
- August 20, 2024
ਕੋਲਕਾਤਾ- ਬੀਤੇ ਕਈ ਦਿਨਾਂ ਤੋਂ ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ 'ਚ ਦੂਜੇ ਸਾਲ ਦੀ ਪੋਸਟ ਗ੍ਰੈਜੂਏਟ ਮਹਿਲਾ ਡਾਕਟਰ ਨਾਲ ਹੋਏ ਜਬਰ-ਜਨਾਹ ਤੇ ਕਤਲ ਦੇ ਮਾਮਲੇ ਕਾਰਨ ਪੂਰੇ ਦੇਸ਼ ਦਾ ਮਾਹੌਲ ਗਰਮਾਇਆ ਹੋਇਆ ਹੈ। ਹਰ ਪਾਸੇ ਪੀੜਤਾ ਨੂੰ ਇਨਸਾਫ਼ ਦਿਵਾਉਣ ਲਈ ਆਵਾਜ਼ਾਂ ਉਠਾਈਆਂ ਜਾ ਰਹੀਆਂ ਹਨ। ਇਸ ਦੌਰਾਨ ਮਾਮਲੇ ਦਾ ਮੁੱਖ ਦੋਸ਼ੀ ਸੰਜੈ ਰਾਏ, ਜੋ ਕਿ ਪੁਲਸ 'ਚ ਸਿਵਿਕ ਵਾਲੰਟੀਅਰ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਬੀਤੇ ਦਿਨ ਪੀੜਤ ਡਾਕਟਰ ਦੇ ਮਾਪਿਆਂ ਦਾ ਬਿਆਨ ਸਾਹਮਣੇ ਆਇਆ ਸੀ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦੇ ਦਾਅਵੇ ਕਰਦੇ ਆ ਰਹੇ ਹਨ ਤੇ ਸਭ ਨੂੰ ਇਕਜੁੱਟ ਹੋਣ ਲਈ ਵੀ ਕਹਿ ਰਹੇ ਹਨ, ਪਰ ਫ਼ਿਰ ਉਹ ਉਨ੍ਹਾਂ ਲੋਕਾਂ ਨੂੰ ਜੇਲ੍ਹਾਂ 'ਚ ਕਿਉਂ ਸੁੱਟ ਰਹੇ ਹਨ, ਜੋ ਸੜਕਾਂ 'ਤੇ ਉਤਰ ਕੇ ਉਸ ਦੀ ਧੀ ਨੂੰ ਇਨਸਾਫ਼ ਦਿਵਾਉਣ ਲਈ ਗੁਹਾਰ ਲਗਾ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਮੁੱਖ ਮੰਤਰੀ ਜੋ ਕਰ ਰਹੇ ਹਨ, ਅਸੀਂ ਉਸ ਨਾਲ ਸੰਤੁਸ਼ਟ ਨਹੀਂ ਹਾਂ।ਹੁਣ ਇਸ ਤੋਂ ਬਾਅਦ ਮਾਮਲੇ ਦੇ ਮੁੱਖ ਦੋਸ਼ੀ ਸੰਜੈ ਰਾਏ ਦੀ ਸੱਸ ਦੁਰਗਾ ਦੇਵੀ ਨੇ ਵੀ ਉਸ ਦੇ ਬਾਰੇ ਪਹਿਲੀ ਵਾਰ ਕੋਈ ਬਿਆਨ ਦਿੱਤਾ ਹੈ। ਉਸ ਨੇ ਦੱਸਿਆ ਕਿ ਸੰਜੈ ਦਾ ਪਹਿਲਾਂ ਵੀ ਇਕ ਵਿਆਹ ਹੋਇਆ ਸੀ, ਜਿਸ 'ਚ ਉਸ ਦਾ ਤਲਾਕ ਹੋ ਗਿਆ ਸੀ। 2 ਸਾਲ ਪਹਿਲਾਂ ਹੀ ਉਸ ਦੀ ਧੀ ਨਾਲ ਸੰਜੈ ਨੇ ਦੂਜਾ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਸੰਜੈ ਉਸ ਦੀ ਧੀ ਨਾਲ ਚੰਗਾ ਵਿਵਹਾਰ ਨਹੀਂ ਕਰਦਾ ਸੀ। ਉਸ ਨੇ ਅੱਗੇ ਦੱਸਿਆ ਕਿ ਉਹ ਉਸ ਨਾਲ ਸ਼ਰਾਬ ਪੀ ਕੇ ਕੁੱਟਮਾਰ ਕਰਦਾ ਸੀ, ਜਿਸ ਕਾਰਨ ਉਸ ਦੀ ਧੀ ਦਾ 3 ਮਹੀਨੇ ਦੀ ਗਰਭਵਤੀ ਹੋਣ ਤੋਂ ਬਾਅਦ ਗਰਭਪਾਤ ਹੋ ਗਿਆ ਸੀ। ਉਸ ਦੇ ਮਾੜੇ ਵਤੀਰੇ ਕਾਰਨ ਉਸ ਦੇ ਇਲਾਜ ਦਾ ਸਾਰਾ ਖ਼ਰਚਾ ਵੀ ਦੁਰਗਾ ਦੇਵੀ ਦੇ ਪਰਿਵਾਰ ਨੇ ਖ਼ੁਦ ਕੀਤਾ ਸੀ। ਉਨ੍ਹਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਵੀ ਦਿੱਤੀ ਸੀ। ਉਨ੍ਹਾਂ ਦੀ ਧੀ ਗਰਭਪਾਤ ਹੋਣ ਦੇ ਕਰੀਬ ਡੇਢ ਤੋਂ 2 ਮਹੀਨੇ ਬਾਅਦ ਹੀ ਦੁਨੀਆ ਨੂੰ ਅਲਵਿਦਾ ਕਹਿ ਗਈ ਸੀ। ਇਸ ਮਾਮਲੇ 'ਤੇ ਅੱਜ (ਮੰਗਲਵਾਰ) ਸੁਪਰੀਮ ਕੋਰਟ 'ਚ ਸੁਣਵਾਈ ਹੋਵੇਗੀ। ਸੁਪਰੀਮ ਕੋਰਟ ਨੇ ਜੂਨੀਅਰ ਡਾਕਟਰ ਦੇ ਬਲਾਤਕਾਰ ਅਤੇ ਹੱਤਿਆ ਅਤੇ ਹਸਪਤਾਲ ਵਿੱਚ ਭੰਨਤੋੜ ਦੇ ਮਾਮਲੇ ਦਾ ਖੁਦ ਨੋਟਿਸ ਲਿਆ ਹੈ। ਚੀਫ਼ ਜਸਟਿਸ (ਸੀ.ਜੇ.ਆਈ.) ਡੀ.ਵਾਈ. ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਮਾਮਲੇ ਦੀ ਸੁਣਵਾਈ ਕਰੇਗੀ।
