
ਕ੍ਰਿਸ਼ੀ ਵਿਗਿਆਨ ਕੇਂਦਰ ਨੇ ਪਰਾਲੀ ਪ੍ਰਬੰਧਨ ਸਬੰਧੀ ਖੇਤ ਦਿਵਸ ਮਨਾਇਆ
- by Jasbeer Singh
- March 5, 2025

ਕ੍ਰਿਸ਼ੀ ਵਿਗਿਆਨ ਕੇਂਦਰ ਨੇ ਪਰਾਲੀ ਪ੍ਰਬੰਧਨ ਸਬੰਧੀ ਖੇਤ ਦਿਵਸ ਮਨਾਇਆ ਪਟਿਆਲਾ, 5 ਮਾਰਚ : ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਿੰਡ ਨਰਮਾਣਾ ਵਿਖੇ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਉੱਪਰ ਖੇਤ ਦਿਵਸ -ਕਮ- ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ । ਇਹ ਖੇਤ ਦਿਵਸ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਸਥਾਪਿਤ ਕਣਕ ਦੀ ਵੱਖ-ਵੱਖ ਢੰਗਾਂ ਨਾਲ ਬਿਜਾਈ ਦੇ ਪ੍ਰਦਰਸ਼ਨੀ ਪਲਾਟ ਵਿਚ ਕੀਤਾ ਗਿਆ । ਇਸ ਖੇਤ ਦਿਵਸ ਵਿਚ ਤਕਰੀਬਨ 150 ਕਿਸਾਨਾਂ ਵੱਲੋਂ ਸ਼ਿਰਕਤ ਕੀਤੀ ਗਈ । ਇਸ ਮੌਕੇ ਬੋਲਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਦੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਹਰਦੀਪ ਸਿੰਘ ਸਭਿਖੀ ਨੇ ਆਏ ਹੋਏ ਕਿਸਾਨਾਂ ਨੂੰ ਕੇ.ਵੀ.ਕੇ. ਦੀਆਂ ਗਤੀਵਿਧੀਆਂ ਅਤੇ ਪੌਦਾ ਰੋਗਾਂ ਤੇ ਕੀੜਿਆਂ ਦੀ ਸਰਵਪੱਖੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ । ਡਾ. ਰਜਨੀ ਗੋਇਲ, ਪ੍ਰੋਫੈਸਰ (ਭੋਜਨ ਵਿਗਿਆਨ) ਨੇ ਐਗਰੋ ਪ੍ਰੋਸੈਸਿੰਗ ਯੂਨਿਟਾਂ ਦੀ ਸਥਾਪਨਾ ਬਾਰੇ ਜਾਣਕਾਰੀ ਸਾਂਝੀ ਕੀਤੀ । ਡਾ. ਰਚਨਾ ਸਿੰਗਲਾ, ਪ੍ਰੋਫੈਸਰ (ਬਾਗਬਾਨੀ) ਨੇ ਫਲਦਾਰ ਬੂਟਿਆਂ ਦੀ ਕਾਸ਼ਤ ਬਾਰੇ ਅਤੇ ਖੁੰਬ ਉਤਪਾਦਨ ਵਿਚ ਪਰਾਲੀ ਦੀ ਵਰਤੋਂ ਬਾਰੇ ਦੱਸਿਆ । ਡਾ. ਗੁਰਪ੍ਰੀਤ ਸਿੰਘ ਸਿੱਧੂ ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਕਿਸਾਨਾਂ ਨਾਲ ਝੋਨੇ ਦੀ ਪਰਾਲੀ ਦਾ ਖੇਤ ਵਿਚ ਹੀ ਪ੍ਰਬੰਧ ਕਰਨ ਅਤੇ ਵੱਖ-ਵੱਖ ਢੰਗਾਂ ਨਾਲ ਕਣਕ ਦੀ ਬਿਜਾਈ ਬਾਰੇ ਚਰਚਾ ਕੀਤੀ । ਇਸ ਦੇ ਨਾਲ ਹੀ ਪਰਾਲੀ ਸਾੜਨ ਨਾਲ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਅਤੇ ਮਿੱਟੀ ਵਿਚਲੇ ਖੁਰਾਕੀ ਤੱਤ ਨਸ਼ਟ ਹੋਣ ਬਾਰੇ ਜਾਗਰੂਕ ਕੀਤਾ । ਇਸ ਮੌਕੇ ਪਿੰਡ ਨਰਮਾਣਾ ਅਤੇ ਨੇੜਲੇ ਪਿੰਡਾਂ ਤੋਂ ਆਏ ਉੱਦਮੀ ਕਿਸਾਨਾਂ ਅਤੇ ਆਏ ਹੋਏ ਮਾਹਿਰਾਂ ਨੇ ਸਰਫੇਸ ਸੀਡਰ, ਸੁਪਰ ਸੀਡਰ, ਹੈਪੀ ਸੀਡਰ ਅਤੇ ਸਮਾਰਟ ਸੀਡਰ ਨਾਲ ਬੀਜੀ ਕਣਕ ਦੇ ਪ੍ਰਦਰਸ਼ਨੀ ਪਲਾਟ ਦਾ ਦੌਰਾ ਕੀਤਾ । ਅਗਾਂਹਵਧੂ ਕਿਸਾਨ ਸ੍ਰੀ. ਗੁਰਦਰਸ਼ਨ ਸਿੰਘ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ, ਪਟਿਆਲਾ ਦਾ ਇਸ ਪਿੰਡ ਵਿਖੇ ਖੇਤੀਬਾੜੀ ਦਾ ਕੈਂਪ ਲਾਉਣ ਦਾ ਧੰਨਵਾਦ ਕੀਤਾ । ਇਸ ਮੌਕੇ ਕਿਸਾਨਾਂ ਨੂੰ ਖੇਤੀ ਸਾਹਿਤ ਵੀ ਮੁਹੱਈਆ ਕਰਵਾਇਆ ਗਿਆ। ਅੰਤ ਵਿਚ ਡਾ. ਰਚਨਾ ਸਿੰਗਲਾ ਨੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ ।
Related Post
Popular News
Hot Categories
Subscribe To Our Newsletter
No spam, notifications only about new products, updates.