
ਕ੍ਰਿਸ਼ੀ ਵਿਗਿਆਨ ਕੇਂਦਰ ਨੇ ਪਿੰਡ ਨੱਥੂਮਾਜਰਾ ਵਿਖੇ “ਤੀਆਂ ਦੇ ਰੰਗ, ਨਾਰੀ ਸ਼ਕਤੀਕਰਨ ਦੇ ਸੰਗ” ਤੀਆਂ ਦਾ ਤਿਉਹਾਰ ਮਨਾਇਆ
- by Jasbeer Singh
- August 10, 2024

ਕ੍ਰਿਸ਼ੀ ਵਿਗਿਆਨ ਕੇਂਦਰ ਨੇ ਪਿੰਡ ਨੱਥੂਮਾਜਰਾ ਵਿਖੇ “ਤੀਆਂ ਦੇ ਰੰਗ, ਨਾਰੀ ਸ਼ਕਤੀਕਰਨ ਦੇ ਸੰਗ” ਤੀਆਂ ਦਾ ਤਿਉਹਾਰ ਮਨਾਇਆ ਰਾਜਪੁਰਾ, ਪਟਿਆਲਾ, 10 ਅਗਸਤ : ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਨੇ “ਤੀਆਂ ਦੇ ਰੰਗ, ਨਾਰੀ ਸ਼ਕਤੀਕਰਨ ਦੇ ਸੰਗ” ਵਿਸ਼ੇ ਉਪਰ ਪਿੰਡ ਨੱਥੂਮਾਜਰਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ। ਇਸ ਮੌਕੇ ਤੀਆਂ ਦੇ ਤਿਉਹਾਰ ਨੂੰ ਦਰਸਾਉਂਦੇ ਹੋਏ ਪੰਜਾਬ ਦੇ ਅਮੀਰ ਸੱਭਿਆਚਾਰ, ਵਿਰਸੇ ਅਤੇ ਪਰੰਪਰਾਵਾਂ ਨੂੰ ਦਿਲਚਸਪ ਢੰਗ ਨਾਲ ਪੇਸ਼ ਕਰਦਿਆਂ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਮੌਕੇ ਹਰ ਉਮਰ ਦੀਆਂ ਔਰਤਾਂ ਨੇ ਲੋਕ ਨਾਚ ਗਿੱਧਾ ਪਾ ਕੇ ਇਸ ਤਿਉਹਾਰ ਨੂੰ ਮਨਾਇਆ । ਕ੍ਰਿਸ਼ੀ ਵਿਗਿਆਨ ਕੇਂਦਰ ਦੇ ਪ੍ਰੋਫੈਸਰ ਕਮ ਇੰਚਾਰਜ (ਗ੍ਰਹਿ ਵਿਗਿਆਨ) ਨੇ ਦੱਸਿਆ ਕਿ ਇਸ ਸਾਲ ਸਬੱਬ ਨਾਲ ਕੌਮੀ ਹੈਂਡਲੂਮ ਦਿਵਸ ਵੀ ਅਸੀਂ ਤੀਆਂ ਦੇ ਤਿਉਹਾਰ ਮੌਕੇ ਇਸ ਤ੍ਰਿਜਣ ਵਿਖੇ ਪੰਜਾਬੀ ਰਵਾਇਤੀ ਸ਼ਿਲਪਕਾਰੀ ਫੁ਼ਲਕਾਰੀ ਦੇ ਨਾਲ ਇਕੱਠੇ ਮਨਾ ਰਹੇ ਹਾਂ। ਉਨ੍ਹਾਂ ਨੇ ਪਿੰਡ ਦੀਆਂ ਔਰਤਾਂ ਨੂੰ ਗਹਿਣੇ, ਗਿਫਟ ਹੈਂਪਰ, ਪੋਟਲੀ ਪਰਸ ਵਰਗੇ ਨਵੀਨਤਾਕਾਰੀ ਉਤਪਾਦ ਬਣਾਉਣ ਲਈ ਸ਼ਿਲਪਕਾਰੀ ਦੀ ਮਾਰਕੀਟਿੰਗ ਦਾ ਵਿਸਤਾਰ ਕਰਨ ਲਈ ਪ੍ਰੇਰਤ ਕੀਤਾ। ਉਨ੍ਹਾਂ ਕਿਹਾ ਕਿ ਤਕਨਾਲੋਜੀ ਨੂੰ ਨਾਲ ਜੋੜਕੇ ਰਵਾਇਤੀ ਕਾਰੀਗਰਾਂ ਦੇ ਹੁਨਰ ਦਾ ਵਿਕਾਸ ਹੋਵੇਗਾ ਤਾਂ ਦਸਤਕਾਰੀ ਵੀ ਹੋਰ ਵਧੇਗੀ । ਬਾਗਬਾਨੀ ਦੇ ਪ੍ਰੋਫੈਸਰ ਰਚਨਾ ਸਿੰਗਲਾ ਨੇ ਫ਼ਲਾਂ ਦੇ ਪੌਸ਼ਟਿਕ ਮੁੱਲ ਅਤੇ ਫ਼ਲਾਂ ਦੇ ਪੌਦਿਆਂ ਦੀ ਚੋਣ, ਟੋਏ ਪੁੱਟਣ, ਉਚਿਤ ਦੂਰੀ ਉਪਰ ਪੌਦੇ ਲਗਾਉਣ ਬਾਅਦ ਇਨ੍ਹਾਂ ਦੀ ਦੇਖਭਾਲ ਬਾਰੇ ਮਾਰਗਦਰਸ਼ਨ ਕੀਤਾ। ਇਸ ਦੌਰਾਨ ਜੀਵਨ ਦੇ ਸਾਰੇ ਖੇਤਰਾਂ ਵਿੱਚ ਔਰਤਾਂ ਦੀ ਸਵੈ-ਨਿਰਭਰਤਾ ਦੀ ਮਹੱਤਤਾ 'ਤੇ ਵੀ ਵਿਚਾਰ ਕੀਤਾ ਗਿਆ। ਇਸ ਮੌਕੇ ਅਮਰਜੀਤ ਕੌਰ ਅਤੇ ਅਰਸਲੀਨ ਕੌਰ ਨੇ ਰਵਾਇਤੀ ਤ੍ਰਿੰਜਨ ਦ੍ਰਿਸ਼ ਨੂੰ ਪ੍ਰਦਰਸ਼ਿਤ ਕੀਤਾ।