
ਕ੍ਰਿਸ਼ੀ ਵਿਗਿਆਨ ਕੇਂਦਰ ਨੇ ਫਲ਼ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਸਬੰਧੀ ਕਿੱਤਾ ਮੁਖੀ ਸਿਖਲਾਈ ਕੋਰਸ ਕਰਵਾਇਆ
- by Jasbeer Singh
- May 23, 2025

ਕ੍ਰਿਸ਼ੀ ਵਿਗਿਆਨ ਕੇਂਦਰ ਨੇ ਫਲ਼ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਸਬੰਧੀ ਕਿੱਤਾ ਮੁਖੀ ਸਿਖਲਾਈ ਕੋਰਸ ਕਰਵਾਇਆ ਪਟਿਆਲਾ, 23 ਮਈ : ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਫਲ਼ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦਾ ਪੰਜ-ਰੋਜ਼ਾ ਸਿਖਲਾਈ ਕੋਰਸ ਆਯੋਜਿਤ ਕੀਤਾ ਗਿਆ। ਇਸ ਸਿਖਲਾਈ ਕੋਰਸ ਵਿਚ ਨੇੜਲੇ ਪਿੰਡਾਂ ਦਿਲਾਵਰਪੁਰ, ਦੀਵਾਨਗੜ੍ਹ, ਸਾਲੂਵਾਲ, ਨਰਮਾਣਾ, ਖੇੜੀ ਜਟਾਂ ਅਤੇ ਗੁਰਦਿੱਤਪੁਰਾ ਤੋਂ 48 ਕਿਸਾਨ ਅਤੇ ਬੀਬੀਆਂ ਨੇ ਭਾਗ ਲਿਆ। ਸਿਖਲਾਈ ਦੇ ਕੋਰਸ ਕੁਆਰਡੀਨੇਟਰ ਡਾ. ਰਜਨੀ ਗੋਇਲ, ਪ੍ਰੋਫੈਸਰ (ਭੋਜਨ ਵਿਗਿਆਨ) ਨੇ ਫਲ਼ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ, ਪੈਕਿੰਗ ਅਤੇ ਲੇਬਲਿੰਗ ਬਾਰੇ ਸਿਖਲਾਈ ਦਿੱਤੀ। ਕੋਰਸ ਦੌਰਾਨ ਸਿੱਖਿਆਰਥੀਆਂ ਨੇ ਆਪਣੇ ਹੱਥੀ ਵੱਖ-ਵੱਖ ਮੁਰੱਬੇ, ਕੈਂਡੀ, ਜੈਮ, ਆਰ.ਟੀ.ਸੀ., ਸੁਕੈਸ਼, ਬਰਫ਼ੀ ਅਤੇ ਜੂਸ ਤਿਆਰ ਕਰਨ ਦੀ ਵਿਧੀ ਨੂੰ ਜਾਣਿਆ। ਸਿੱਖਿਆਰਥੀਆਂ ਨੂੰ ਸੂਰਜੀ ਜਿਣਸ ਸੁਕਾਵਾਂ ਅਤੇ ਸੋਲਰ ਕੁਕਰ ਦੀ ਵਰਤੋਂ ਬਾਰੇ ਵੀ ਦੱਸਿਆ ਗਿਆ। ਅਗਾਂਹਵਧੂ ਕਿਸਾਨ ਬਲਵਿੰਦਰ ਸਿੰਘ, ਪਿੰਡ ਅਲਹੋਰਾਂ ਖ਼ੁਰਦ ਨੇ ਸਿੱਖਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸਖ਼ਤ ਮਿਹਨਤ ਲਈ ਉਤਸ਼ਾਹਿਤ ਕੀਤਾ। ਡਾ. ਗੁਰਉਪਦੇਸ਼ ਕੌਰ, ਪ੍ਰੋਫੈਸਰ (ਗ੍ਰਹਿ ਵਿਗਿਆਨ), ਕੇ.ਵੀ.ਕੇ., ਪਟਿਆਲਾ ਨੇ ਸਿੱਖਿਆਰਥੀਆਂ ਨੂੰ ਫਲ਼ਾਂ ਅਤੇ ਸਬਜ਼ੀਆਂ ਦੇ ਖੁਰਾਕੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਡਾ. ਰਚਨਾ ਸਿੰਗਲਾ, ਪ੍ਰੋਫੈਸਰ (ਬਾਗਬਾਨੀ) ਨੇ ਘਰੇਲੂ ਬਗੀਚੀ ਅਤੇ ਫਲਦਾਰ ਬੂਟਿਆਂ ਦੀ ਕਾਸ਼ਤ ਬਾਰੇ ਦੱਸਿਆ। ਡਾ. ਹਰਦੀਪ ਸਿੰਘ ਸਭਿਖੀ, ਡਿਪਟੀ ਡਾਇਰੈਕਟਰ (ਸਿਖਲਾਈ), ਕੇ. ਵੀ. ਕੇ., ਪਟਿਆਲਾ ਨੇ ਸਿੱਖਿਆਰਥੀਆਂ ਨੂੰ ਕੇ.ਵੀ.ਕੇ. ਦੀਆ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਅਤੇ ਇਸ ਕੋਰਸ ਨੂੰ ਵਪਾਰਕ ਪੱਧਰ ਤੇ ਵਰਤਣ ਲਈ ਵੀ ਪ੍ਰੇਰਿਆ। ਇਸ ਕੋਰਸ ਦੌਰਾਨ ਪਿੰਡ ਕਲਿਆਣ ਵਿਖੇ ਸਿੱਖਿਆਰਥੀਆਂ ਨੂੰ ਪ੍ਰੋਸੈਸਿੰਗ ਯੂਨਿਟ ਦਾ ਦੌਰਾ ਵੀ ਕਰਵਾਇਆ। ਫੂਡ ਪ੍ਰੋਸੈਸਰ ਬੀਬੀ ਗੁਰਪ੍ਰੀਤ ਕੌਰ (ਕੇ.ਐਸ.ਐਗਰੋ) ਨੇ ਆਪਣੇ ਸਫਲਤਾ ਦੇ ਨੁਕਤੇ ਸਿੱਖਿਆਰਥੀਆਂ ਨਾਲ ਸਾਂਝੇ ਕੀਤੇ। ਸਿਖਲਾਈ ਵਿਚ ਹਿੱਸਾ ਲੈਣ ਵਾਲੇ ਸਾਰੇ ਸਿੱਖਿਆਰਥੀਆਂ ਨੇ ਪੀ.ਏ.ਯੂ. ਦੀਆਂ ਪ੍ਰਕਾਸ਼ਿਤ ਕਿਤਾਬਾਂ ਵੀ ਖਰੀਦੀਆਂ।
Related Post
Popular News
Hot Categories
Subscribe To Our Newsletter
No spam, notifications only about new products, updates.