
ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਖੇਤੀ ਵਿਚ ਲਿੰਗਕ ਬਰਾਬਰੀ ਬਾਰੇ ਵਿਚਾਰ-ਚਰਚਾ
- by Jasbeer Singh
- September 12, 2025

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਖੇਤੀ ਵਿਚ ਲਿੰਗਕ ਬਰਾਬਰੀ ਬਾਰੇ ਵਿਚਾਰ-ਚਰਚਾ ਪਟਿਆਲਾ, 12 ਸਤੰਬਰ 2025 : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਖੇਤੀ ਵਿਚ ਲਿੰਗਕ ਬਰਾਬਰੀ ਬਾਰੇ ਵਿਚਾਰ-ਚਰਚਾ ਪਿੰਡ ਕੋਟਲੀ ਜ਼ਿਲ੍ਹਾ ਪਟਿਆਲਾ ਵਿਖੇ ਆਯੋਜਨ ਕੀਤੀ ਗਈ । ਇਹ ਚਰਚਾ ਭਾਰਤੀ ਸਮਾਜਿਕ ਸਿੱਖਿਆ ਖੋਜ ਪ੍ਰੀਸ਼ਦ, ਨਵੀਂ ਦਿੱਲੀ ਵੱਲੋਂ ਸਥਿਰ ਭਵਿੱਖ ਵਿਚ ਖੇਤ ਮਜ਼ਦੂਰਾਂ ਦੀ ਸਮਾਜਿਕ, ਮਾਨਸਿਕ ਅਤੇ ਪੌਸ਼ਟਿਕ ਸਿਹਤ ਬਾਰੇ ਜਾਰੀ ਕੀਤੇ ਪ੍ਰਾਜੈਕਟ ਦੇ ਅਧੀਨ ਕੀਤੀ ਗਈ । ਪ੍ਰੋਫੈਸਰ (ਗ੍ਰਹਿ ਵਿਗਿਆਨ) ਅਤੇ ਇਸ ਪ੍ਰਾਜੈਕਟ ਦੇ ਮੁੱਖ ਨਿਗਰਾਨ ਡਾ. ਗੁਰਉਪਦੇਸ਼ ਕੌਰ ਨੇ ਹਾਜ਼ਰੀਨ ਔਰਤਾਂ ਨੂੰ ਸੰਬੋਧਨ ਕਰਦਿਆਂ ਸਮਾਜਿਕ ਅਤੇ ਆਰਥਿਕ ਵਿਕਾਸ ਵਿਚ ਨਾਰੀ ਦੀ ਭੂਮਿਕਾ ਨੂੰ ਅੰਕਿਤ ਕੀਤਾ । ਉਨ੍ਹਾਂ ਨੇ ਕਿਹਾ ਜਿੰਨੀ ਦੇਰ ਤੱਕ ਔਰਤ ਨੂੰ ਸਿੱਖਿਅਤ ਅਤੇ ਆਰਥਿਕ ਤੌਰ ਤੇ ਸਵੈ-ਨਿਰਭਰ ਨਹੀਂ ਬਣਾਇਆ ਜਾਂਦਾ ਉਨ੍ਹੀਂ ਦੇਰ ਤੱਕ ਲਿੰਗਕ ਬਰਾਬਰੀ ਦਾ ਸੁਪਨਾ ਅਧੂਰਾ ਹੀ ਰਹੇਗਾ । ਉਨ੍ਹਾਂ ਦੱਸਿਆ ਕਿ ਖੇਤੀ ਕਾਰਜਾਂ ਵਿਚ ਔਰਤ ਦੀ ਹਿੱਸੇਦਾਰੀ, ਪਰਿਵਾਰ ਦੀ ਸਿਹਤ ਅਤੇ ਆਮਦਨ ਦਾ ਅਹਿਮ ਸਰੋਤ ਰਹੀ ਹੈ ਪਰ ਅੱਜਕੱਲ੍ਹ ਕੰਮ ਦਾ ਸੰਕਲਪ ਸਮਾਜਿਕ ਢਾਂਚੇ ਵਿਚੋਂ ਘੱਟ ਰਿਹਾ ਹੈ ਅਤੇ ਇਸ ਦਾ ਅਸਰ ਖੇਤੀ ਨਾਲ ਜੁੜੇ ਪਰਿਵਾਰਾਂ ਉੱਪਰ ਵੀ ਨਜ਼ਰ ਆਉਂਦਾ ਹੈ । ਉਨ੍ਹਾਂ ਨੇ ਕਿਰਤ ਅਤੇ ਕਿਰਸ ਦੀ ਮੁੜ ਉਸਾਰੀ ਲਈ ਔਰਤਾਂ ਨੂੰ ਲਾਮਬੰਦ ਹੋਣ ਲਈ ਪ੍ਰੇਰਿਆ ਅਤੇ ਇਸ ਦਿਸ਼ਾ ਵਿਚ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਯੋਜਨਾਵਾਂ ਬਾਰੇ ਵੀ ਵਿਸ਼ੇਸ਼ ਗੱਲਬਾਤ ਕੀਤੀ । ਡਾ. ਰਚਨਾ ਸਿੰਗਲਾ, ਪ੍ਰੋਫੈਸਰ (ਬਾਗ਼ਬਾਨੀ) ਨੇ ਹਾਜ਼ਰੀਨ ਔਰਤਾਂ ਨੂੰ ਬਜ਼ਾਰ-ਅਧਾਰਿਤ ਭੋਜਨ ਸਰੋਤਾਂ 'ਤੇ ਨਿਰਭਰਤਾ ਨੂੰ ਘਟਾਉਣ ਅਤੇ ਭੋਜਨ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ, ਘਰੇਲੂ ਬਗੀਚੀ ਵਿੱਚ ਮੌਸਮੀ ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਕਰਨ ਲਈ ਉਤਸ਼ਾਹਿਤ ਕੀਤਾ । ਇਸ ਮੌਕੇ ਸ੍ਰੀਮਤੀ ਲਖਵੀਰ ਕੌਰ ਅਤੇ ਸੁਖਜੀਤ ਕੌਰ ਜੋ ਕਿ ਆਪਣੇ ਆਲ਼ੇ-ਦੁਆਲੇ ਦੀਆਂ ਔਰਤਾਂ ਨੂੰ ਆਤਮ-ਨਿਰਭਰ ਬਣਾ ਰਹੇ ਹਨ ਨੇ ਖੇਤੀਬਾੜੀ ਵਿਚ ਔਰਤਾਂ ਦੀ ਹਿੱਸੇਦਾਰੀ, ਪਰਿਵਾਰਿਕ ਸੰਘਰਸ਼ ਅਤੇ ਸਮਾਜਿਕ ਸਭਿਆਚਾਰਕ ਮਾਨਤਾਵਾਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਮੰਗ ਰੱਖੀ ਕਿ ਉਤਪਾਦਨ ਤੋਂ ਲੈ ਕੇ ਮੰਡੀਕਰਨ ਤੱਕ ਦੇ ਫ਼ੈਸਲਿਆਂ ਵਿਚ ਕਿਰਤੀ ਔਰਤਾਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਖੇਤ ਮਜ਼ਦੂਰਾਂ ਨੂੰ ਮਿਲਦੀ ਉਜਰਤ ਵਿਚ ਲਿੰਗਕ ਵਿਤਕਰੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ । ਅੰਤ ਦੇ ਵਿਚ ਡਾ. ਗੁਰਉਪਦੇਸ਼ ਕੌਰ ਨੇ ਦੱਸਿਆ ਕਿ ਇਸ ਪ੍ਰਾਜੈਕਟ ਦਾ ਮੁੱਖ ਮੰਤਵ ਖੇਤ ਮਜ਼ਦੂਰਾਂ ਵਿਚ ਲਿੰਗ ਆਧਾਰਿਤ ਵੰਡ ਦੀਆਂ ਚੁਣੌਤੀਆਂ ਬਾਰੇ ਖੋਜ ਨੂੰ ਅਕਾਦਮਿਕ ਹਸਤੀਆਂ, ਵਿਚਾਰਕਾਂ ਅਤੇ ਨੀਤੀਨਿਰਧਾਰਕਾਂ ਤੱਕ ਪਹੁੰਚਾਉਣਾ ਹੈ ਤਾਂ ਜੋ ਕਿ ਸਥਿਰ ਵਿਕਾਸ ਰਾਹੀਂ ਖ਼ੁਸ਼ਹਾਲ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ ।