ਬੇਲਰ ਦੀ ਮਦਦ ਨਾਲ ਪਿੰਡ ਬਾਹਮਣੀਵਾਲਾ ਦਾ ਕਿਸਾਨ ਕੁਲਦੀਪ ਸਿੰਘ ਕਰ ਰਿਹੈ ਪਰਾਲੀ ਦਾ ਸੁਚੱਜਾ ਨਿਬੇੜਾ
- by Jasbeer Singh
- October 18, 2024
ਬੇਲਰ ਦੀ ਮਦਦ ਨਾਲ ਪਿੰਡ ਬਾਹਮਣੀਵਾਲਾ ਦਾ ਕਿਸਾਨ ਕੁਲਦੀਪ ਸਿੰਘ ਕਰ ਰਿਹੈ ਪਰਾਲੀ ਦਾ ਸੁਚੱਜਾ ਨਿਬੇੜਾ ਸਨਅਤੀ ਖੇਤਰ ਵਿੱਚ ਪਰਾਲੀ ਦੀਆਂ ਗੱਠਾਂ ਦੀ ਮੰਗ ਵਧਣ ਨਾਲ ਕਿਸਾਨਾਂ ਦੀ ਆਰਥਿਕਤਾ ਮਜਬੂਤ ਹੋਣ ਦੇ ਨਾਲ-ਨਾਲ ਵਾਤਾਵਰਨ ਵੀ ਗੰਧਲਾ ਹੋਣ ਤੋਂ ਬਚੇਗਾ: ਐਸ.ਡੀ.ਐਮ. ਸੂਬਾ ਸਿੰਘ ਬਾਹਮਣੀਵਾਲਾ/ਸੰਗਰੂਰ, 18 ਅਕਤੂਬਰ : ਸੰਗਰੂਰ ਜ਼ਿਲ੍ਹੇ ਦੇ ਪਿੰਡ ਬਾਹਮਣੀਵਾਲਾ ਦੇ ਕਿਸਾਨ ਕੁਲਦੀਪ ਸਿੰਘ ਵੱਲੋਂ ਬੇਲਰ ਦੀ ਮਦਦ ਨਾਲ ਝੋਨੇ ਦੀ ਪਰਾਲੀ ਦਾ ਸੁਚੱਜੇ ਢੰਗ ਨਾਲ ਨਿਬੇੜਾ ਕਰਕੇ ਹੋਰਨਾਂ ਕਿਸਾਨਾਂ ਨੂੰ ਵੀ ਵਾਤਾਵਰਨ ਬਚਾਉਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਕਿਸਾਨ ਕੁਲਦੀਪ ਸਿੰਘ ਵੱਲੋਂ ਆਪਣੇ ਪੰਜ ਏਕੜ ਰਕਬੇ ‘ਤੇ ਝੋਨੇ ਦੀ ਪਰਾਲੀ ਬੇਲਰਾਂ ਦੀ ਮਦਦ ਨਾਲ ਇਕੱਠੀ ਕਰਵਾਈ ਗਈ ਹੈ । ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਦੀਆਂ ਹਦਾਇਤਾਂ ਤਹਿਤ ਅੱਜ ਪਿੰਡ ਬਾਹਮਣੀਵਾਲਾ ਦਾ ਦੌਰਾ ਕਰਨ ਮੌਕੇ ਐਸ.ਡੀ.ਐਮ. ਸੂਬਾ ਸਿੰਘ ਨੇ ਦੱਸਿਆ ਕਿ ਸਨਅਤੀ ਖੇਤਰ ਵਿੱਚ ਪਰਾਲੀ ਦੀ ਵਰਤੋਂ ਹੋਣ ਨਾਲ ਇਸਦੀ ਮੰਗ ਵਧੇਗੀ ਜਿਸ ਨਾਲ ਕਿਸਾਨਾਂ ਦੀ ਆਰਥਿਕਤਾ ਮਜਬੂਤ ਹੋਣ ਦੇ ਨਾਲ-ਨਾਲ ਵਾਤਾਵਰਨ ਨੂੰ ਵੀ ਗੰਧਲਾ ਹੋਣ ਤੋਂ ਬਚਾਇਆ ਜਾ ਸਕੇਗਾ । ਐਸ. ਡੀ. ਐਮ. ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਨਅਤਕਾਰਾਂ ਅਤੇ ਬੇਲਰ ਆਪ੍ਰੇਟਰਾਂ ਨੂੰ ਅਨੁਕੂਲ ਮਾਹੌਲ ਪ੍ਰਦਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉੱਦਮੀ ਕਿਸਾਨਾਂ ਨੂੰ ਬੇਲਰ ਮਸ਼ੀਨਾਂ ਸਬਸਿਡੀ ‘ਤੇ ਮੁਹੱਈਆ ਕਰਵਾਈਆਂ ਗਈਆਂ ਹਨ ਤਾਂ ਜੋ ਵੱਧ ਤੋਂ ਵੱਧ ਰਕਬੇ ‘ਤੇ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸਦੇ ਸੁਚੱਜੇ ਪ੍ਰਬੰਧ ਲਈ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਗੱਠਾਂ ਖ਼ਰੀਦਣ ਵਾਲੀਆਂ ਫੈਕਟਰੀਆਂ ਜਿੱਥੇ ਪਰਾਲੀ ਸਾੜਨ ਵਰਗੀਆਂ ਅਲਾਮਤਾਂ ਨੂੰ ਠੱਲ੍ਹਣ ਵਿੱਚ ਸਹਿਯੋਗ ਦੇ ਰਹੀਆਂ ਹਨ ਉੱਥੇ ਹੀ ਇਲਾਕੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਮੁਹੱਈਆ ਕਰਵਾ ਰਹੀਆਂ ਹਨ । ਐਸ.ਡੀ.ਐਮ. ਸੂਬਾ ਸਿੰਘ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਬੇਲਰ ਮਸ਼ੀਨਾਂ ਦੇ ਆਪ੍ਰੇਟਰ ਮੁਫ਼ਤ ਵਿੱਚ ਉਨ੍ਹਾਂ ਦੇ ਖੇਤਾਂ ਵਿੱਚੋਂ ਪਰਾਲੀ ਇਕੱਠੀ ਕਰਕੇ ਲੈ ਕੇ ਜਾਂਦੇ ਹਨ ਜਿਸ ਲਈ ਉਨ੍ਹਾਂ ਨੂੰ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ।
