
ਭੌਂ ਪ੍ਰਾਪਤੀ ਕੁਲੈਕਟਰ ਵੱਲੋਂ ਨਵੀਂਆਂ ਅਰਬਨ ਅਸਟੇਟਾਂ ਵਿਕਸਤ ਕਰਨ ਸਬੰਧੀ ਭੌਂ ਮਾਲਕਾਂ ਨਾਲ ਬੈਠਕ
- by Jasbeer Singh
- July 12, 2025

ਭੌਂ ਪ੍ਰਾਪਤੀ ਕੁਲੈਕਟਰ ਵੱਲੋਂ ਨਵੀਂਆਂ ਅਰਬਨ ਅਸਟੇਟਾਂ ਵਿਕਸਤ ਕਰਨ ਸਬੰਧੀ ਭੌਂ ਮਾਲਕਾਂ ਨਾਲ ਬੈਠਕ -ਲੈਂਡ ਪੂਲਿੰਗ ਪਾਲਿਸੀ ਸਬੰਧੀ ਭੌਂ ਮਾਲਕਾਂ ਨੂੰ ਦਿੱਤੀ ਜਾਣਕਾਰੀ ਪਟਿਆਲਾ, 12 ਜੁਲਾਈ : ਪਟਿਆਲਾ ਡਿਵੈਲਪਮੈਂਟ ਅਥਾਰਟੀ ਵੱਲੋਂ ਪਟਿਆਲਾ ਵਿਖੇ ਨਵੀਂ ਅਰਬਨ ਅਸਟੇਟ ਅਤੇ ਮੌਜੂਦਾ ਅਰਬਨ ਅਸਟੇਟਾਂ ਦੀ ਐਕਸਟੈਸ਼ਨਾਂ ਵਿਕਸਤ ਕੀਤੀਆਂ ਜਾਣੀਆਂ ਹਨ। ਇਸ ਸਬੰਧੀ ਭੌਂ ਮਾਲਕਾਂ ਨੂੰ ਲੈਂਡ ਪੂਲਿੰਗ ਪਾਲਿਸੀ ਤਹਿਤ ਮਿਲਣ ਵਾਲੇ ਲਾਭ ਸਬੰਧੀ ਜਾਣਕਾਰੀ ਦੇਣ ਲਈ ਉਪ ਮੰਡਲ ਮੈਜਿਸਟਰੇਟ -ਕਮ- ਭੌਂ ਪ੍ਰਾਪਤੀ ਕੁਲੈਕਟਰ ਪਟਿਆਲਾ ਵੱਲੋਂ ਪਿੰਡ ਸ਼ੇਰਮਾਜਰਾ, ਫਲੌਲੀ, ਪਸਿਆਣਾ ਤੇ ਚੌਰਾ ਦੇ ਜ਼ਮੀਨ ਮਾਲਕਾਂ ਨਾਲ ਬੈਠਕ ਕੀਤੀ ਗਈ । ਭੌਂ ਪ੍ਰਾਪਤੀ ਕੁਲੈਕਟਰ ਪਟਿਆਲਾ ਨੇ ਲੈਂਡ ਪੂਲਿੰਗ ਪਾਲਿਸੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਰਿਹਾਇਸ਼ੀ ਸੈਕਟਰ ਵਿੱਚ ਇਕ ਕਨਾਲ ਜ਼ਮੀਨ ਸਰਕਾਰ ਨੂੰ ਦੇਵੇਗਾ ਤਾਂ ਉਸ ਨੂੰ ਇੱਕ ਰਿਹਾਇਸ਼ੀ ਪਲਾਟ 150 ਵਰਗ ਗਜ਼ ਦਿੱਤਾ ਜਾਵੇਗਾ ਅਤੇ ਜੇਕਰ ਕੋਈ 8 ਕਨਾਲ ਜ਼ਮੀਨ ਸਰਕਾਰ ਨੂੰ ਦੇਵੇਗਾ ਤਾਂ ਉਸ ਨੂੰ 500 ਵਰਗ ਗਜ਼ ਦਾ ਇਕ ਰਿਹਾਇਸ਼ੀ ਪਲਾਟ ਅਤੇ ਇਕ 200 ਵਰਗ ਗਜ਼ ਦਾ ਕਮਰਸ਼ੀਅਲ ਪਲਾਟ ਦਿੱਤਾ ਜਾਵੇਗਾ। ਜਿਸ ਦੀ ਕੀਮਤ ਆਉਣ ਵਾਲੇ ਸਮੇਂ ਵਿੱਚ ਕਾਫ਼ੀ ਜ਼ਿਆਦਾ ਹੋ ਜਾਵੇਗੀ । ਭੌਂ ਪ੍ਰਾਪਤੀ ਕੁਲੈਕਟਰ ਪਟਿਆਲਾ ਨੇ ਦੱਸਿਆ ਕਿ ਇਸ ਪਾਲਿਸੀ ਤਹਿਤ ਛੋਟੇ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਰੁਜ਼ਗਾਰ ਕਰਨ ਵਿੱਚ ਮਦਦ ਮਿਲੇਗੀ । ਕਿਉਂਕਿ ਜੇਕਰ ਉਨ੍ਹਾਂ ਦੀ ਜ਼ਮੀਨ ਵਿੱਚ ਅਰਬਨ ਅਸਟੇਟ ਵਿਕਸਤ ਹੁੰਦਾ ਹੈ ਤਾਂ ਆਬਾਦੀ ਹੋਣ ਨਾਲ ਰੁਜ਼ਗਾਰ ਦੇ ਮੌਕੇ ਵਧਣਗੇ। ਉਨ੍ਹਾਂ ਦੱਸਿਆ ਕਿ ਨਵੀਂ ਅਰਬਨ ਅਸਟੇਟ ਵਿੱਚ ਸੜਕਾਂ ਤੋਂ ਲੈ ਕੇ ਸੀਵਰੇਜ ਤੱਕ, ਬਿਜਲੀ ਤੋਂ ਲੈ ਕੇ ਪਾਣੀ ਦੀ ਸਪਲਾਈ ਤੱਕ, ਸਭ ਕੁਝ ਪੰਜਾਬ ਸਰਕਾਰ ਵੱਲੋਂ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਪਟਵਾਰੀਆਂ ਨੂੰ ਲੋਕਾਂ ਨੂੰ ਇਸ ਪਾਲਿਸੀ ਸਬੰਧੀ ਜਾਗਰੂਕ ਕਰਨ ਲਈ ਪਿੰਡ ਪੱਧਰ ’ਤੇ ਜਾਗਰੂਕਤਾ ਪ੍ਰੋਗਰਾਮ ਉਲੀਕਣ ਦੀ ਹਦਾਇਤ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਪਾਲਿਸੀ ਦਾ ਸਹੀ ਲਾਭ ਆਮ ਲੋਕਾਂ ਤੱਕ ਪਹੁੰਚ ਸਕੇਗਾ ।