
ਸਰਵੋਤਮ ਪੰਜਾਬੀ ਪੁਸਤਕ ਪੁਰਸਕਾਰਾਂ ਲਈ ਭਾਸ਼ਾ ਵਿਭਾਗ ਨੇ ਕੀਤੀ ਕਿਤਾਬਾਂ ਦੀ ਮੰਗ
- by Jasbeer Singh
- January 7, 2025

ਸਰਵੋਤਮ ਪੰਜਾਬੀ ਪੁਸਤਕ ਪੁਰਸਕਾਰਾਂ ਲਈ ਭਾਸ਼ਾ ਵਿਭਾਗ ਨੇ ਕੀਤੀ ਕਿਤਾਬਾਂ ਦੀ ਮੰਗ ਪੁਰਸਕਾਰਾਂ ਦਾ ਘੇਰਾ ਵਧਾਉਣ ਲਈ ਵਿਭਾਗ ਨੇ ਨਿਯਮਾਂ ’ਚ ਕੀਤੀਆਂ ਸੋਧਾਂ- ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਪਟਿਆਲਾ 7 ਜਨਵਰੀ : ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰਵੋਤਮ ਪੰਜਾਬੀ ਪੁਸਤਕ ਪੁਰਸਕਾਰ-2025 ਲਈ ਕਿਤਾਬਾਂ ਦੀ ਮੰਗ ਕੀਤੀ ਹੈ । ਇੰਨਾਂ 11 ਪੁਰਸਕਾਰਾਂ ਲਈ 2024 ’ਚ ਛਪੀਆਂ ਪੁਸਤਕਾਂ ਵਿਭਾਗ ਦੇ ਮੁੱਖ ਦਫ਼ਤਰ ਸ਼ੇਰਾਂ ਵਾਲਾ ਗੇਟ ਵਿਖੇ ਡਾਕ ਰਾਹੀਂ ਜਾਂ ਦਸਤੀ 31 ਮਾਰਚ, 2025 ਤੱਕ ਜਮਾਂ ਕਰਵਾਈਆਂ ਜਾ ਸਕਦੀਆਂ ਹਨ । ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਇਸ ਸਬੰਧੀ ਦੱਸਿਆ ਕਿ ਵਿਭਾਗ ਵੱਲੋਂ ਵੱਧ ਤੋਂ ਵੱਧ ਲੇਖਕਾਂ ਨੂੰ ਇਨਾਮਾਂ ਦੇ ਘੇਰੇ ’ਚ ਲਿਆਉਣ ਹਿੱਤ ਨਿਯਮਾਂ ਵਿੱਚ ਕੁਝ ਸੋਧਾਂ ਕੀਤੀਆਂ ਹਨ । ਜਿੰਨਾਂ ਤਹਿਤ ਅੱਗੇ ਤੋਂ ਹਰ ਸਾਲ ਨਾਵਲ ਤੇ ਕਹਾਣੀ/ਮਿੰਨੀ ਕਹਾਣੀ ਦੀਆਂ ਸਰਵੋਤਮ ਪੁਸਤਕਾਂ ਨੂੰ ਵੱਖ-ਵੱਖ ਪੁਰਸਕਾਰ ਦਿੱਤੇ ਜਾਣਗੇ । ਦੱਸਣਯੋਗ ਹੈ ਕਿ ਪਹਿਲਾ ਇਹ ਪੁਰਸਕਾਰ ਵਾਰੋ-ਵਾਰੀ (ਇੱਕ ਸਾਲ ਨਾਵਲ ਤੇ ਇੱਕ ਸਾਲ ਕਹਾਣੀ/ਮਿੰਨੀ ਕਹਾਣੀ) ਨੂੰ ਦਿੱਤੇ ਜਾਂਦੇ ਸਨ । ਇਸ ਦੇ ਨਾਲ ਹੀ ਭਾਰਤੀ ਸਾਹਿਤ ਅਕਾਦਮੀ, ਯੁਵਾ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਪੁਸਤਕਾਂ ਨੂੰ ਭਾਸ਼ਾ ਵਿਭਾਗ ਦੇ ਪੁਰਸਕਾਰਾਂ ਲਈ ਵਿਚਾਰਿਆ ਨਹੀਂ ਜਾਵੇਗਾ । ਕਿਸੇ ਵੀ ਲੇਖਕ ਦੀ ਪੁਸਤਕ ਪ੍ਰਕਾਸ਼ਕ ਜਾਂ ਕੋਈ ਹੋਰ ਵੀ ਪੁਰਸਕਾਰਾਂ ਲਈ ਭੇਜ ਸਕਦਾ ਹੈ । ਇੱਕ ਲੇਖਕ ਇੱਕ ਵਿਧਾ ’ਚ ਇੱਕ ਵਾਰ ਹੀ ਭਾਸ਼ਾ ਵਿਭਾਗ ਦਾ ਪੁਰਸਕਾਰ ਪ੍ਰਾਪਤ ਕਰ ਸਕਦਾ ਹੈ । ਵੱਖ-ਵੱਖ ਵਿਧਾਵਾਂ ’ਚ ਇੱਕ-ਇੱਕ ਵਾਰ ਪੁਰਸਕਾਰ ਹਾਸਲ ਕਰਨ ’ਤੇ ਕੋਈ ਬੰਦਿਸ਼ ਨਹੀਂ ਹੋਵੇਗੀ, ਜੇਕਰ ਕੋਈ ਲੇਖਕ ਇੱਕ ਸਾਲ ਵਿੱਚ ਇੱਕ ਤੋਂ ਵੱਧ ਵਿਧਾਵਾਂ ’ਚ ਪੁਰਸਕਾਰ ਜੇਤੂ ਬਣਦਾ ਹੈ ਤਾਂ ਉਸ ਨੂੰ ਸਿਰਫ਼ ਇੱਕ ਵਿਧਾ ’ਚ ਹੀ ਪੁਰਸਕਾਰ ਦਿੱਤਾ ਜਾਵੇਗਾ। ਵੱਖ-ਵੱਖ ਪੁਸਤਕਾਂ ਨੂੰ ਸੰਪਾਦਿਤ ਕਰਕੇ ਇੱਕ ਪੁਸਤਕ ਦੇ ਰੂਪ ’ਚ ਛਪਵਾ ਕੇ ਕਿਸੇ ਵੀ ਪੁਰਸਕਾਰ ਲਈ ਬਿਨੈ ਪੱਤਰ ਨਹੀਂ ਦਿੱਤਾ ਜਾ ਸਕਦਾ। ਸ. ਜ਼ਫ਼ਰ ਨੇ ਦੱਸਿਆ ਕਿ ਪੁਰਸਕਾਰਾਂ ਲਈ ਨਿਯਮ ਅਤੇ ਬਿਨੈ ਪੱਤਰ ਦਾ ਨਮੂਨਾ ਵਿਭਾਗ ਦੀ ਵੈਬਸਾਈਟ ਅਤੇ ਫੇਸਬੁੱਕ ਪੇਜ ’ਤੇ ਉਪਲਬਧ ਹਨ । ਦੱਸਣਯੋਗ ਹੈ ਕਿ ਸਰਵੋਤਮ ਪੁਸਤਕ ਪੁਰਸਕਾਰਾਂ ਤਹਿਤ ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ, ਸਵੈ-ਜੀਵਨੀ, ਯਾਦਾਂ ਤੇ ਰੇਖਾ ਚਿੱਤਰ), ਨਾਨਕ ਸਿੰਘ ਪੁਰਸਕਾਰ (ਨਾਵਲ), ਪਿ੍ਰੰ. ਸੁਜਾਨ ਸਿੰਘ ਪੁਰਸਕਾਰ (ਕਹਾਣੀ ਤੇ ਮਿੰਨੀ ਕਹਾਣੀ), ਗੁਰਬਖਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਿਬੰਧ, ਸਫ਼ਰਨਾਮਾ ਤੇ ਵਿਅੰਗ), ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ ਪੁਰਸਕਾਰ (ਕਵਿਤਾ), ਈਸ਼ਵਰ ਚੰਦਰ ਨੰਦਾ ਪੁਰਸਕਾਰ (ਨਾਟਕ ਤੇ ਇਕਾਂਗੀ), ਪ੍ਰੋ. ਗੁਰਦਿਆਲ ਸਿੰਘ ਪੁਰਸਕਾਰ (ਅਨੁਵਾਦ), ਐੱਮ. ਐਸ. ਰੰਧਾਵਾ ਪੁਰਸਕਾਰ (ਗਿਆਨ ਸਾਹਿਤ ਤੇ ਸੰਪਾਦਨ), ਸ੍ਰੀ ਗੁਰੂ ਹਰਕਿ੍ਰਸ਼ਨ ਪੁਰਸਕਾਰ (ਬਾਲ ਸਾਹਿਤ), ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ ਤੇ ਖੋਜ) ਅਤੇ ਭਾਈ ਕਾਨ ਸਿੰਘ ਨਾਭਾ ਪੁਰਸਕਾਰ (ਟੀਕਾਕਾਰੀ, ਕੋਸ਼ਕਾਰੀ, ਭਾਸ਼ਾ ਵਿਗਿਆਨ, ਵਿਆਕਰਣ ਅਤੇ ਹਵਾਲਾ ਗ੍ਰੰਥ) ਲਈ ਭਾਸ਼ਾ ਵਿਭਾਗ ਵੱਲੋਂ 2024 ’ਚ ਛਪੀਆ ਪੁਸਤਕਾਂ ਦੀ ਮੰਗ ਕੀਤੀ ਗਈ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.