post

Jasbeer Singh

(Chief Editor)

Patiala News

ਭਾਸ਼ਾ ਵਿਭਾਗ ਪੰਜਾਬ ਨੇ ਮਨਾਇਆ ਅਜ਼ਾਦੀ ਦਿਵਸ

post-img

ਭਾਸ਼ਾ ਵਿਭਾਗ ਪੰਜਾਬ ਨੇ ਮਨਾਇਆ ਅਜ਼ਾਦੀ ਦਿਵਸ ਵਿਭਾਗ ਦੇ ਸੇਵਾਦਾਰਾਂ ਨੇ ਲਹਿਰਾਇਆ ਕੌਮੀ ਝੰਡਾ ਪਟਿਆਲਾ, 16 ਅਗਸਤ 2025 : ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਭਾਸ਼ਾ ਭਵਨ ਵਿਖੇ 79ਵਾਂ ਅਜ਼ਾਦੀ ਦਿਵਸ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਮਨਾਇਆ ਗਿਆ। ਇਸ ਮੌਕੇ ਵਿਭਾਗ ਦੇ ਸੇਵਾਦਾਰ ਬੰਟੀ ਤੇ ਈਸ਼ਾ ਨੇ ਸਾਂਝੇ ਤੌਰ ’ਤੇ ਵਿਭਾਗ ਦੇ ਹਰੇ-ਭਰੇ ਪਾਰਕ ’ਚ ਨਿਸਚਤ ਸਥਾਨ ’ਤੇ ਕੌਮੀ ਝੰਡਾ ਲਹਿਰਾਇਆ। ਇਸ ਉਪਰੰਤ ਇਕੱਤਰ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਮਿਲਕੇ ਰਾਸ਼ਟਰੀ ਗਾਣ ਗਾਇਆ । ਇਸ ਮੌਕੇ ਆਪਣੇ ਸੰਬੋਧਨ ’ਚ ਸ. ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਕਿਹਾ ਕਿ ਅਸੀਂ ਹਰ ਸਾਲ ਆਪਣੇ ਮੁਲਕ ਨੂੰ ਅਜ਼ਾਦ ਕਰਵਾਉਣ ਲਈ ਕੁਰਬਾਨੀਆਂ ਦੇਣ ਵਾਲੇ ਦੇਸ਼ ਭਗਤਾਂ ਨੂੰ ਯਾਦ ਕਰਦੇ ਹਾਂ ਪਰ ਕਦੇ ਵੀ ਇਸ ਪੱਖ ਵੱਲ ਧਿਆਨ ਨਹੀਂ ਮਾਰਦੇ ਕਿ ਅਸੀਂ ਗੁਲਾਮ ਕਿਉਂ ਹੋਏ ਸੀ? ਇਸ ਦੀ ਮੁੱਖ ਵਜ੍ਹਾ ਸਾਡੀ ਬੇਇਤਫ਼ਾਕੀ, ਜਾਤ-ਪਾਤ, ਫਿਰਕਾਪ੍ਰਸਤੀ, ਸਵਾਰਥ ਦਾ ਬੋਲਬਾਲਾ ਅਤੇ ਰਾਜਸੀ ਚੇਤਨਾ ਦੀ ਘਾਟ ਸੀ । ਸਾਨੂੰ ਗੁਲਾਮੀ ਦੇ ਇਨ੍ਹਾਂ ਕਾਰਨਾਂ ਬਾਰੇ ਪਤਾ ਵੀ ਹੈ ਪਰ ਫਿਰ ਵੀ ਅਸੀਂ ਪੁਰਾਣੀਆਂ ਕਮਜ਼ੋਰੀਆਂ ਦੂਰ ਕਰਨ ਲਈ ਕੁਝ ਅਸਰਦਾਰ ਨਹੀਂ ਕਰ ਰਹੇ। ਇਸ ਤੋਂ ਇਲਾਵਾ ਅਸੀਂ ਆਪਣੇ ਸੁਭਾਅ, ਵਿਚਾਰਾਂ ਤੇ ਰਵੱਈਏ ਦੇ ਗੁਲਾਮ ਬਣ ਚੁੱਕੇ ਹਾਂ ਜਿਸ ਕਾਰਨ ਆਪਣੀਆਂ ਜਿੰਮੇਵਾਰੀਆਂ ਤੋਂ ਭੱਜਦੇ ਰਹਿੰਦੇ ਹਾਂ । ਇਸ ਕਰਕੇ ਲੋੜ ਹੈ ਦੇਸ਼ ਦੀ ਅਜ਼ਾਦੀ ਨੂੰ ਕਾਇਮ ਰੱਖਣ ਲਈ ਆਪੋ ਆਪਣੀਆਂ ਜਿੰਮੇਵਾਰੀਆਂ ਨੂੰ ਸਮਝੀਏ ਤੇ ਨਿਭਾਈਏ। ਅਖ਼ੀਰ ’ਚ ਉਨ੍ਹਾਂ ਆਪਣੀ ਕਵਿਤਾ ‘ਕਿਉਂਕਿ ਚਿੜੀ ਅਜ਼ਾਦ ਹੈ..’ ਰਾਹੀਂ ਅਪੀਲ ਕੀਤੀ ਕਿ ਅਜ਼ਾਦੀ ਮਾਣਨ ਲਈ ਵਿਤਕਰਿਆਂ ਨੂੰ ਛੱਡਕੇ ਆਦਮੀ ਬਣਨਾ ਸਿੱਖੀਏ । ਇਸ ਮੌਕੇ ਵਿਭਾਗ ਦੇ ਖੋਜ ਅਫ਼ਸਰ ਡਾ. ਸੰਤੋਖ ਸੁੱਖੀ ਨੇ ਆਪਣੀ ਕਵਿਤਾ ਰਾਹੀਂ ਰੁਤਬਿਆਂ ਸਦਕਾ ਹਾਊਮੈ ਦਾ ਸ਼ਿਕਾਰ ਹੋਏ ਲੋਕਾਂ ਨੂੰ ਮਿਹਨਤੀ ਤੇ ਕਿਰਤੀ ਲੋਕਾਂ ਨੂੰ ਢੁੱਕਵਾਂ ਸਤਿਕਾਰ ਦੇਣ ਦੀ ਗੱਲ ਕੀਤੀ। ਸੀਨੀਅਰ ਸਹਾਇਕ ਗੁਰਮੇਲ ਸਿੰਘ ਵਿਰਕ ਨੇ ਆਪਣੀ ਕਵਿਤਾ ‘ਦੇ ਕੇ ਕੁਰਬਾਨੀਆਂ ਸ਼ਹੀਦਾਂ ਨੇ ਦੇਸ਼ ਅਜ਼ਾਦ ਕਰਵਾਇਆ..’ ਰਾਹੀਂ ਦੇਸ਼ ’ਚ ਫੈਲੀਆਂ ਫਿਰਕਾਪ੍ਰਸਤੀ, ਵਰਗ ਵੰਡ ਤੇ ਹੋਰਨਾਂ ਸਮਾਜਿਕ ਸਮੱਸਿਆਵਾਂ ’ਤੇ ਵਿਅੰਗ ਕੀਤਾ। ਖੋਜ ਅਫ਼ਸਰ ਸਤਪਾਲ ਸਿੰਘ ਨੇ ਆਪਣੀ ਗ਼ਜ਼ਲ ਰਾਹੀਂ ਜ਼ਿੰਦਗੀ ਦੀ ਤੁਲਨਾ ਚਾਰ ਪਹਿਰਾਂ ਨਾਲ ਕੀਤੀ । ਖੋਜ ਅਫ਼ਸਰ ਡਾ. ਮਨਜਿੰਦਰ ਸਿੰਘ ਨੇ ਦੇਸ਼ ਦੀ ਅਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਗੁੰਮਨਾਮ ਯੋਧਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਮੰਚ ਸੰਚਾਲਨ ਮਨਪ੍ਰੀਤ ਕੌਰ ਨੇ ਬਹੁਤ ਸਲੀਕੇ ਨਾਲ ਕੀਤਾ। ਇਸ ਮੌਕੇ ਵਿਭਾਗ ਦੇ ਡਿਪਟੀ ਡਾਇਰੈਕਟਰ ਹਰਭਜਨ ਕੌਰ, ਚੰਦਨਦੀਪ ਕੌਰ ਤੇ ਆਲੋਕ ਚਾਵਲਾ, ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ, ਸੁਰਿੰਦਰ ਕੌਰ, ਜਸਪ੍ਰੀਤ ਕੌਰ, ਰਾਬੀਆ ਤੇ ਵੱਡੀ ਗਿਣਤੀ ’ਚ ਕਰਮਚਾਰੀ ਹਾਜ਼ਰ ਸਨ ।

Related Post