
ਲਾਰੈਂਸ ਬਿਸ਼ਨੋਈ ਦਾ ਭਰਾ ਵਿਦੇਸ਼ ਭੱਜਿਆ, ਪੁਲਿਸ ਨੇ ਚਲਾਨ ਪੇਸ਼ ਕਰਨ ਲਈ ਮੰਗਿਆ 20 ਦਿਨਾਂ ਦਾ ਸਮਾਂ
- by Jasbeer Singh
- November 6, 2024

ਲਾਰੈਂਸ ਬਿਸ਼ਨੋਈ ਦਾ ਭਰਾ ਵਿਦੇਸ਼ ਭੱਜਿਆ, ਪੁਲਿਸ ਨੇ ਚਲਾਨ ਪੇਸ਼ ਕਰਨ ਲਈ ਮੰਗਿਆ 20 ਦਿਨਾਂ ਦਾ ਸਮਾਂ ਮੋਹਾਲੀ, 6 ਨਵੰਬਰ : ਬਦਨਾਮ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਅਤੇ ਗੈਂਗ ਦੇ ਹੋਰ ਮੈਂਬਰਾਂ ਨੂੰ ਫਰਜ਼ੀ ਪਾਸਪੋਰਟ ਬਣਾ ਕੇ ਵਿਦੇਸ਼ ਭੇਜਣ ਦੇ ਮਾਮਲੇ ਦੀ ਮੰਗਲਵਾਰ ਨੂੰ ਮੋਹਾਲੀ ਜਿ਼ਲਾ ਅਦਾਲਤ ‘ਚ ਸੁਣਵਾਈ ਹੋਈ । ਜਾਂਚ ਅਧਿਕਾਰੀ ਨੇ ਅਦਾਲਤ ਤੋਂ 20 ਦਿਨਾਂ ਦਾ ਸਮਾਂ ਮੰਗਿਆ ਕਿਉਂਕਿ ਹੁਣ ਤੱਕ ਇਸ ਕੇਸ ਦਾ ਚਲਾਨ ਪੇਸ਼ ਨਹੀਂ ਕੀਤਾ ਗਿਆ ਹੈ। ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਸਮਾਂ ਦਿੱਤਾ । ਹੁਣ ਮਾਮਲੇ ਦੀ ਅਗਲੀ ਸੁਣਵਾਈ 19 ਨਵੰਬਰ ਨੂੰ ਹੋਵੇਗੀ । ਸੁਣਵਾਈ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ, ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ, ਬੂਟਾ ਖਾਨ ਅਤੇ ਦੀਪਕ ਟੀਨੂੰ ਨੂੰ ਵੀਡੀਓ ਕਾਨਫਰੰਸਿੰਗ (ਵੀਸੀ) ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ । ਪਿਛਲੀ ਪੇਸ਼ੀ ਮੌਕੇ ਗੈਂਗਸਟਰ ਜੱਗੂ ਭਗਵਾਨਪੁਰੀਆ, ਬੂਟਾ ਖਾਨ ਅਤੇ ਦੀਪਕ ਟੀਨੂੰ ਨੂੰ ਜੇਲ੍ਹ ਪ੍ਰਸ਼ਾਸਨ ਨੇ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਸੀ । ਇਸ ‘ਤੇ ਅਦਾਲਤ ਨੇ ਤਿੰਨਾਂ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕਰਕੇ 5 ਨਵੰਬਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਸਨ।ਮੰਗਲਵਾਰ ਨੂੰ ਸੁਣਵਾਈ ਦੌਰਾਨ ਐਸ. ਆਈ. ਅਮਨਦੀਪ ਸਿੰਘ ਅਦਾਲਤ ਵਿੱਚ ਪੇਸ਼ ਹੋਏ ਅਤੇ ਕਿਹਾ ਕਿ ਉਹ ਮਾਮਲੇ ਦੇ ਜਾਂਚ ਅਧਿਕਾਰੀ ਹਨ। ਮਾਮਲੇ ਦਾ ਚਲਾਨ ਸਬੰਧਤ ਅਧਿਕਾਰੀ ਤੋਂ ਮਨਜ਼ੂਰੀ ਲਈ ਲੰਬਿਤ ਹੈ ਅਤੇ ਇਸ ਨੂੰ 20 ਦਿਨਾਂ ਵਿੱਚ ਪੇਸ਼ ਕੀਤਾ ਜਾਵੇਗਾ। ਉਦੋਂ ਤੱਕ ਅਦਾਲਤ ਉਨ੍ਹਾਂ ਨੂੰ ਸਮਾਂ ਦੇਵੇ ।