ਮਹਾਰਾਜਗੰਜ ਨੇੜੇ ਤੇਂਦੁਏ ਨੇ ਇਕ ਕੁੜੀ ਨੂੰ ਮਾਰ ਦਿੱਤਾ ਮਹਾਰਾਜਗੰਜ, 11 ਜਨਵਰੀ 2026 : ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਦੇ ਸੋਹਾਗੀ ਬਰਵਾ ਵਾਈਲਡ ਲਾਈਫ ਡਿਵੀਜ਼ਨ ਦੇ ਬਕੁਲਹੀਆ ਜੰਗਲ ਨੇੜੇ ਇਕ ਤੇਂਦੂਏ ਨੇ ਇਕ ਕੁੜੀ ਨੂੰ ਮਾਰ ਦਿੱਤਾ। ਮ੍ਰਿਤਕ ਦੀ ਪਛਾਣ ਗੁੱਡੀ (15) ਵਜੋਂ ਹੋਈ ਹੈ, ਜੋ ਸੋਹਾਗੀ ਬਰਵਾ ਪਿੰਡ ਦੀ ਰਹਿਣ ਵਾਲੀ ਸੀ । ਪਹਿਲਾਂ ਤੋਂ ਹੀ ਝਾੜੀਆਂ ਵਿਚ ਲੁਕੇ ਤੇਂਦੂਏ ਨੇ ਕਰ ਦਿੱਤਾ ਇਕਦਮ ਹਮਲਾ ਪੁਲਸ ਤੇ ਜੰਗਲਾਤ ਵਿਭਾਗ ਅਨੁਸਾਰ ਗੁੱਡੀ ਜੰਗਲ ਨੇੜੇ ਲੱਕੜਾਂ ਇਕੱਠੀਆਂ ਕਰਨ ਗਈ ਸੀ । ਝਾੜੀਆਂ 'ਚ ਪਹਿਲਾਂ ਤੋਂ ਹੀ ਲੁਕੇ ਹੋਏ ਤੇਂਦੂਏ ਨੇ ਅਚਾਨਕ ਉਸ ਉੱਤੇ ਛਾਲ ਮਾਰ ਦਿੱਤੀ ਤੇ ਉਸ ਨੂੰ ਜੰਗਲ 'ਚ ਘਸੀਟ ਕੇ ਲੈ ਗਿਆ। ਜਦੋਂ ਉਸ ਨਾਲ ਗਏ ਹੋਰ ਬੱਚਿਆਂ ਨੇ ਰੌਲਾ ਪਾਇਆ ਤਾਂ ਪਿੰਡ ਵਾਸੀਆਂ ਨੇ ਗੁੱਡੀ ਦੀ ਭਾਲ ਸ਼ੁਰੂ ਕੀਤੀ । ਸ਼ਨੀਵਾਰ ਸਵੇਰੇ ਉਸ ਦੀ ਲਾਸ਼ ਝਾੜੀਆਂ 'ਚੋਂ ਮਿਲੀ। ਤੇਂਦੁਏ ਨੇ ਉਸ ਦੇ ਦੋਵੇਂ ਹੱਥ ਵੱਖ ਕਰ ਦਿੱਤੇ ਸਨ। ਇਕ ਹੱਥ ਲੱਭ ਪਿਆ ਹੈ ਤੇ ਦੂਜੇ ਦੀ ਭਾਲ ਜਾਰੀ ਹੈ। ਇਸ ਘਟਨਾ ਕਾਰਨ ਪਿੰਡ 'ਚ ਸਨਸਨੀ ਫੈਲ ਗਈ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਜੰਗਲੀ ਜਾਨਵਰਾਂ ਤੋਂ ਸੁਚੇਤ ਰਹਿਣ ਤੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਦੀ ਚਿਤਾਵਨੀ ਦਿੱਤੀ ਹੈ।
