
ਧੂਰੀ ਦੀ ਜਨਤਕ ਲਾਇਬ੍ਰੇਰੀ ਨਾਲ ਹਲਕੇ 'ਚ ਲਾਇਬ੍ਰੇਰੀ ਸਭਿਆਚਾਰ ਮੁੜ ਸੁਰਜੀਤ ਹੋਇਆ
- by Jasbeer Singh
- October 22, 2025

ਧੂਰੀ ਦੀ ਜਨਤਕ ਲਾਇਬ੍ਰੇਰੀ ਨਾਲ ਹਲਕੇ 'ਚ ਲਾਇਬ੍ਰੇਰੀ ਸਭਿਆਚਾਰ ਮੁੜ ਸੁਰਜੀਤ ਹੋਇਆ -ਜਨਤਕ ਲਾਇਬ੍ਰੇਰੀ ਦੇ ਖੁੱਲ੍ਹਣ ਦਾ ਸਮਾਂ 8 ਘੰਟੇ ਤੋਂ ਵਧਾ ਕੇ 12 ਘੰਟੇ ਕੀਤਾ -ਮੁੱਖ ਮੰਤਰੀ ਦੇ ਮਿਸ਼ਨ ਗਿਆਨ ਸਦਕਾ ਧੂਰੀ ਦੇ ਵਿਦਿਆਰਥੀਆਂ ਨੂੰ ਮਿਲੀ ਅਤਿ ਆਧੁਨਿਕ ਸਹੂਲਤਾਂ ਵਾਲੀ ਲਾਇਬ੍ਰੇਰੀ -ਧੂਰੀ ’ਚ ਲਾਇਬ੍ਰੇਰੀ ਬਣਨ ਨਾਲ ਵਿਦਿਆਰਥੀਆਂ ਨੂੰ ਸੰਗਰੂਰ ਜਾਂ ਮਲੇਰਕੋਟਲਾ ਜਾਣ ਤੋਂ ਮਿਲੀ ਨਜਾਤ : ਵਿਦਿਆਰਥੀ ਧੂਰੀ (ਸੰਗਰੂਰ), 22 ਅਕਤੂਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨੌਜਵਾਨਾਂ ਨੂੰ ਪੜ੍ਹਨ ਲਈ ਮਾਹੌਲ ਪ੍ਰਦਾਨ ਕਰਨ ਦੇ ਮਕਸਦ ਨਾਲ ਮਿਸ਼ਨ ਗਿਆਨ ਤਹਿਤ ਸੂਬੇ ਭਰ ਵਿੱਚ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ । ਇਸੇ ਲੜੀ ਤਹਿਤ ਧੂਰੀ ਵਿਖੇ ਜੁਲਾਈ ਮਹੀਨੇ ਵਿੱਚ ਸ਼ਹਿਰ ਵਾਸੀਆਂ ਨੂੰ ਮੁੱਖ ਮੰਤਰੀ ਵੱਲੋਂ ਸਮਰਪਿਤ ਕੀਤੀ ਗਈ ਜਨਤਕ ਲਾਇਬ੍ਰੇਰੀ ਦਾ ਹੁਣ ਰੋਜ਼ਾਨਾ ਵੱਡੀ ਗਿਣਤੀ ਵਿਦਿਆਰਥੀ ਲਾਭ ਉਠਾ ਰਹੇ ਹਨ । ਕਰੀਬ 1.59 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਸ ਜਨਤਕ ਲਾਇਬ੍ਰੇਰੀ ਦੀਆਂ ਦੋਵੇਂ ਮੰਜ਼ਿਲਾਂ ਵਿੱਚ ਵਿਦਿਆਰਥੀਆਂ ਦੇ ਬੈਠ ਕੇ ਪੜ੍ਹਨ ਦੀ ਸਹੂਲਤ ਹੋਣ ਸਦਕਾ ਰੋਜ਼ਾਨਾ ਵੱਡੀ ਗਿਣਤੀ ਵਿਦਿਆਰਥੀ ਇੱਥੇ ਪੜ੍ਹਨ ਆ ਰਹੇ ਹਨ । ਵਾਈ-ਫਾਈ, ਸੂਰਜੀ ਊਰਜਾ, ਡਿਜੀਟਲ ਐਨਾਲਾਗ ਅਤੇ ਹੋਰ ਉੱਚ ਪੱਧਰੀ ਸਹੂਲਤਾਂ ਨਾਲ ਲੈਸ ਇਸ ਜਨਤਕ ਲਾਇਬ੍ਰੇਰੀ ਨੇ ਵਿਦਿਆਰਥੀਆਂ ਨੂੰ ਆਪਣੀ ਅਕਾਦਮਿਕ ਪੜ੍ਹਾਈ ਦੇ ਨਾਲ ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਵੀ ਸਾਜ਼ਗਾਰ ਮਾਹੌਲ ਪ੍ਰਦਾਨ ਕੀਤਾ ਹੈ। ਲਾਇਬ੍ਰੇਰੀ ਵਿੱਚ ਪੜ੍ਹਨ ਆਏ ਅਭਿਸ਼ੇਕ ਯਾਦਵ ਨੇ ਦੱਸਿਆ ਕਿ ਉਹ ਸੀ. ਏ. ਦੀ ਪੜ੍ਹਾਈ ਕਰ ਰਿਹਾ ਹੈ ਤੇ ਰੋਜ਼ਾਨਾ ਧੂਰੀ ਦੀ ਜਨਤਕ ਲਾਇਬ੍ਰੇਰੀ ਵਿੱਚ ਪੜ੍ਹਨ ਆ ਰਿਹਾ ਹੈ। ਉਸ ਨੇ ਦੱਸਿਆ ਕਿ ਘਰ ਬੈਠੇ ਕੇ ਪੜ੍ਹਨ ਸਮੇਂ ਉਹ ਇਕਾਗਰਤਾ ਨਹੀਂ ਬਣ ਪਾਉਂਦੀ ਜੋ ਲਾਇਬ੍ਰੇਰੀ ਵਿੱਚ ਪੜ੍ਹਨ ਸਮੇਂ ਬਣਦੀ ਹੈ ਤੇ ਇੱਥੇ ਬੈਠ ਕੇ ਪੜ੍ਹਨ ਨਾਲ ਸਿਲੇਬਸ ਵੀ ਸਮੇਂ ਸਿਰ ਪੂਰਾ ਹੋ ਰਿਹਾ ਹੈ ਤੇ ਆਤਮ-ਵਿਸ਼ਵਾਸ ਵੀ ਵਧਿਆ ਹੈ ਜੋ ਇਸ ਲਾਇਬ੍ਰੇਰੀ ਵਿੱਚ ਪੜ੍ਹਨ ਕਰਕੇ ਹੀ ਸੰਭਵ ਹੋ ਸਕਿਆਂ ਹੈ । ਸਰਕਾਰੀ ਨੌਕਰੀ ਲਈ ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਪੜ੍ਹਨ ਲਈ 20 ਕਿਲੋਮੀਟਰ ਦੂਰ ਖਰਚਾ ਕਰਕੇ ਮਲੇਰਕੋਟਲਾ ਲਾਇਬ੍ਰੇਰੀ ਜਾਣਾ ਪੈਂਦਾ ਸੀ, ਪਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਸੁਹਿਰਦ ਯਤਨਾਂ ਸਦਕਾ ਧੂਰੀ ਵਿਖੇ ਇਹ ਜਨਤਕ ਲਾਇਬ੍ਰੇਰੀ ਬਣੀ ਹੈ, ਇਸ ਦਾ ਸਾਨੂੰ ਬਹੁਤ ਲਾਭ ਹੋ ਰਿਹਾ ਹੈ ਤੇ ਇਹ ਲਾਇਬ੍ਰੇਰੀ 12 ਘੰਟੇ ਖੁੱਲ੍ਹੀ ਰਹਿੰਦੀ ਹੈ । ਵਿਦਿਆਰਥੀ ਦੀਪਕ ਸਿੰਘ ਨੇ ਦੱਸਿਆ ਕਿ ਧੂਰੀ ਵਿਖੇ ਲਾਇਬ੍ਰੇਰੀ ਖੁੱਲ੍ਹਣ ਨਾਲ ਇਲਾਕੇ ਨੂੰ ਵੱਡਾ ਲਾਭ ਹੋਇਆ ਹੈ । ਉਨ੍ਹਾਂ ਕਿਹਾ ਕਿ ਇੱਥੇ ਵਿਦਿਆਰਥੀ ਇਕ ਦੂਸਰੇ ਦੀ ਪੜ੍ਹਾਈ ਵਿੱਚ ਸਹਾਇਤਾ ਵੀ ਕਰਦੇ ਹਨ, ਜਿਸ ਨਾਲ ਵਿਦਿਆਰਥੀਆਂ ਦੇ ਸਵਾਲਾਂ ਦੇ ਸ਼ੰਕੇ ਇਕ ਦੂਸਰੇ ਨਾਲ ਰਾਏ ਕਰਕੇ ਹੱਲ ਹੋ ਜਾਂਦੇ ਹਨ । ਜਨਤਕ ਲਾਇਬ੍ਰੇਰੀ ਧੂਰੀ ਵਿਖੇ ਪੜ੍ਹ ਰਹੇ ਵਿਦਿਆਰਥੀਆਂ ਨੇ ਦੱਸਿਆ ਕਿ ਪਹਿਲਾਂ ਇਸ ਲਾਇਬ੍ਰੇਰੀ ਦੇ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਸੀ, ਪਰ ਵਿਦਿਆਰਥੀਆਂ ਵੱਲੋਂ ਇਸ ਦਾ ਸਮਾਂ ਵਧਾਉਣ ਦੀ ਬੇਨਤੀ ਕੀਤੀ ਗਈ, ਜਿਸ ਨੂੰ ਪੰਜਾਬ ਸਰਕਾਰ ਨੇ ਤੁਰੰਤ ਸਵੀਕਾਰਦਿਆਂ ਹੁਣ ਇਸ ਲਾਇਬ੍ਰੇਰੀ ਦਾ ਸਮਾਂ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਦਾ ਕਰ ਦਿੱਤਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਧੂਰੀ ਸ਼ਹਿਰ ਨੂੰ ਜਨਤਕ ਲਾਇਬ੍ਰੇਰੀ ਦੀ ਦਿੱਤੀ ਸੌਗਾਤ ਨੂੰ ਇਸ ਖੇਤਰ ਲਈ ਸਭ ਤੋਂ ਵੱਡਾ ਤੋਹਫ਼ਾ ਦੱਸਦਿਆਂ ਕਿਹਾ ਕਿ ਇੱਥੋਂ ਤਿਆਰੀ ਕਰਕੇ ਆਉਣ ਵਾਲੇ ਸਮੇਂ ਵਿੱਚ ਧੂਰੀ ਦੇ ਬੱਚੇ ਵੱਡੇ ਅਹੁਦਿਆਂ ’ਤੇ ਬਿਰਾਜਮਾਨ ਹੋਣਗੇ ।