

ਏਸ਼ੀਅਨ ਕਾਲਜ ਪਟਿਆਲਾ ਵਿਖੇ ਲਾਇਬ੍ਰੇਰੀ ਦਿਵਸ ਮਨਾਇਆ ਗਿਆ ਪਟਿਆਲਾ : ਏਸ਼ੀਅਨ ਗਰੁੱਪ ਆਫ ਕਾਲਜਿਜ਼ ਪਟਿਆਲਾ ਵਿਖੇ ਪ੍ਰੋ. ਐਸ. ਆਰ. ਰੰਗਾਨਾਥਨ ਨੂੰ ਸਮਰਪਿਤ ਲਾਇਬ੍ਰੇਰੀ ਦਿਵਸ ਮਨਾਇਆ ਗਿਆ। ਕਾਲਜ ਦੇ ਚੇਅਰਮੈਨ ਤਰਸੇਮ ਸੈਣੀ, ਪ੍ਰਿੰਸੀਪਲ ਡਾ. ਮੀਨੂੰ ਸਿੰਘ ਸਚਾਨ ਇਸ ਸਮਾਗਮ ਵਿੱਚ ਪਹੁੰਚੇ। ਪ੍ਰੋਗਰਾਮ ਦੀ ਸ਼ੁਰੂਆਤ ਮੈਡਮ ਵਰਿੰਦਰ ਕੌਰ (ਲਾਇਬ੍ਰੇਰੀਅਨ) ਨੇ ਲਾਇਬ੍ਰੇਰੀ ਦੇ ਮੋਢੀ ਪ੍ਰੋ. ਐਸ. ਆਰ. ਰੰਗਾਨਾਥਨ ਦੇ ਜੀਵਨ ਬਾਰੇ, ਉਨ੍ਹਾਂ ਦੀ ਲਾਇਬ੍ਰੇਰੀ ਨੂੰ ਦੇਣ ਅਤੇ ਲਾਇਬ੍ਰੇਰੀ ਦੇ ਮੱਹਤਵਪੂਰਨ ਨਿਯਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਕੀਤੀ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ “ਕਿਤਾਬਾਂ ਮਨੁੱਖ ਦੀਆਂ ਸਭ ਤੋਂ ਚੰਗਾ ਸਾਥੀ ਹਨ” ਦੇ ਵਿਸ਼ੇ ਤੇ ਵਾਦ-ਵਿਵਾਦ ਵੀ ਕਰਵਾਇਆ ਗਿਆ। ਇਸ ਤੋਂ ਇਲਾਵਾ ਸਲੋਗਨ ਲੇਖਣ, ਪੋਸਟਰ ਮੇਕਿੰਗ ਅਤੇ ਲਾਇਬ੍ਰੇਰੀ ਨਾਲ ਸੰਬੰਧਤ ਕੁਇਜ਼ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਕਾਲਜ ਦੇ ਚੇਅਰਮੈਨ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਲਾਇਬ੍ਰੇਰੀ ਗਿਆਨ ਦੀ ਕੂੰਜੀ ਹੁੰਦੀ ਹੈ ਤੇ ਕਿਸੇ ਵੀ ਸਿਖਿਅਕ ਸੰਸਥਾ ਦਾ ਦਿਲ ਹੁੰਦੀ ਹੈ। ਇਹ ਸਾਡੇ ਜੀਵਨ ਵਿੱਚ ਸਿਹਤਮੰਦ ਭੂਮਿਕਾ ਨਿਭਾਉਂਦੀ ਹੈ ਤੇ ਸਿਹਤਮੰਦ ਵਾਤਾਵਰਨ ਪ੍ਰਦਾਨ ਕਰਦੀ ਹੈ। ਪੜ੍ਹਾਈ ਲਈ ਸ਼ਾਂਤ ਵਾਤਾਵਰਨ ਤੇ ਇਕਾਗਰਤਾ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ। ਕਿਤਾਬਾਂ ਸਾਡੀਆਂ ਚੰਗੀਆਂ ਸਾਥੀ ਹਨ ਤੇ ਗਿਆਨ ਦਾ ਭੰਡਾਰ ਹਨ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਹਰ ਰੋਜ਼ ਲਾਇਬ੍ਰੇਰੀ ਜਾਣ ਲਈ ਪ੍ਰੇਰਿਤ ਕੀਤਾ। ਕਾਲਜ ਦੇ ਚੇਅਰਮੈਨ ਨੇ ਅਤੇ ਪ੍ਰਿੰਸੀਪਲ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।