

ਮਜੀਠੀਆ ਦੀ ਜ਼ਮਾਨਤ ਅਰਜ਼ੀ `ਤੇ ਸੁਣਵਾਈ ਹੋਵੇਗੀ 13 ਨੂੰ ਮੁਹਾਲੀ, 12 ਅਗਸਤ 2025 : ਪੰਜਾਬ ਦੇ ਜਿ਼ਲਾ ਮੋਹਾਲੀ ਦੀ ਮਾਨਯੋਗ ਅਦਾਲਤ ਨੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਉਤੇ ਸੁਣਵਾਈ ਮੁੜ ਤੋਂ ਮੁਲਤਵੀ ਕਰਦਿਆਂ ਹੁਣ ਇਸ ਮਾਮਲੇ ਉਤੇ ਸੁਣਵਾਈ 13 ਅਗਸਤ ਨੂੰ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਬੈਰਕ ਬਦਲਣ ਦੇ ਮਾਮਲੇ ਉਤੇ ਵੀ ਸੁਣਵਾਈ ਦੀ ਅਗਲੀ ਤਰੀਕ 21 ਅਗਸਤ ਪਾ ਦਿੱਤੀ ਗਈ ਹੈ। ਕੀ ਹੈ ਮਾਮਲਾ ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਸ਼੍ਰੋਮਣੀ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਇਸ ਸਮੇਂ ਨਾਭਾ ਜੇਲ੍ਹ ’ਚ ਬੰਦ ਹਨ। ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਮਜੀਠੀਆ ਨੂੰ ਅੰਮ੍ਰਿਤਸਰ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਸੀ। ਬੀਤੇ ਦਿਨ ਵੀ ਮਜੀਠਿਆ ਦੀ ਜਮਾਨਤ ਅਰਜੀ ‘ਤੇ ਸੁਣਵਾਈ ਹੋਈ ਅਤੇ ਲਗਭਗ ਡੇਢ ਘੰਟਾ ਬਹਿਸ ਹੋਈ ਸੀ। ਹਾਲਾਂਕਿ ਕੋਈ ਵੀ ਫੈਸਲਾ ਨਹੀਂ ਹੋਇਆ ਅਤੇ ਸੁਣਵਾਈ ਫੇਰ ਮੁਲਤਵੀ ਕਰ ਦਿੱਤੀ ਗਈ ਸੀ। ਇਹ ਛੇਵੀਂ ਵਾਰ ਹੈ ਜਦੋਂ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ‘ਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ।