post

Jasbeer Singh

(Chief Editor)

Punjab

ਮਾਲੇਰਕੋਟਲਾ ਪੁਲਿਸ ਵੱਲੋਂ ਧੀਆਂ ਦੀ ਲੋਹੜੀ ਧੂਮਧਾਮ ਨਾਲ ਮਨਾਈ ਗਈ

post-img

ਮਾਲੇਰਕੋਟਲਾ ਪੁਲਿਸ ਵੱਲੋਂ ਧੀਆਂ ਦੀ ਲੋਹੜੀ ਧੂਮਧਾਮ ਨਾਲ ਮਨਾਈ ਗਈ ਮਾਲੇਰਕੋਟਲਾ, 13 ਜਨਵਰੀ 2026 : ਧੀਆਂ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਅਤੇ ਸਮਾਜ ਵਿੱਚ ਸਕਾਰਾਤਮਕ ਸੋਚ ਨੂੰ ਪ੍ਰੋਤਸਾਹਿਤ ਕਰਨ ਦੇ ਉਦੇਸ਼ ਨਾਲ ਐੱਸ.ਐੱਸ.ਪੀ ਗਗਨ ਅਜੀਤ ਸਿੰਘ ਦੀ ਅਗਵਾਈ ਹੇਠ ਜ਼ਿਲਾ ਪੁਲਿਸ ਮਾਲੇਰਕੋਟਲਾ ਵੱਲੋਂ ਪੁਲਿਸ ਅਤੇ ਸਾਂਝ ਕੇਂਦਰ ਦੇ ਸਹਿਯੋਗ ਨਾਲ ਧੀਆਂ ਦੀ ਲੋਹੜੀ ਮਨਾਉਣ ਲਈ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ । ਇਸ ਸਮਾਗਮ ਦੌਰਾਨ ਪੁਲਿਸ ਮੁਲਾਜ਼ਮਾਂ ਦੀਆਂ ਧੀਆਂ ਨੂੰ ਸੱਦਾ ਦੇ ਕੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਪਿਆਰ ਦੇ ਪ੍ਰਤੀਕ ਵਜੋਂ ਤੋਹਫ਼ੇ ਭੇਟ ਕੀਤੇ ਗਏ। ਸਮਾਗਮ ਦਾ ਮੰਤਵ ਧੀਆਂ ਪ੍ਰਤੀ ਸਮਾਜਕ ਜ਼ਿੰਮੇਵਾਰੀ ਅਤੇ ਸਨਮਾਨ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸੀ। ਸਮਾਗਮ ਦੌਰਾਨ ਸਕੂਲੀ ਵਿਦਿਆਰਥੀਆਂ ਵੱਲੋਂ ਦੇਸ਼ਭਗਤੀ ਅਤੇ ਸੱਭਿਆਚਾਰਕ ਰੰਗ ਨਾਲ ਭਰਪੂਰ ਗੀਤ ਪੇਸ਼ ਕੀਤੇ ਗਏ, ਜਦਕਿ ਭੰਗੜੇ ਦੀ ਪੇਸ਼ਕਾਰੀ ਨੇ ਸਮੂਹ ਮਾਹੌਲ ਨੂੰ ਖੁਸ਼ੀ ਅਤੇ ਉਤਸ਼ਾਹ ਨਾਲ ਭਰ ਦਿੱਤਾ। ਪੁਲਿਸ ਪਰਿਵਾਰਾਂ ਨੇ ਪੂਰੇ ਉਤਸ਼ਾਹ ਨਾਲ ਇਸ ਸਮਾਗਮ ਵਿੱਚ ਭਾਗ ਲਿਆ । ਇਸ ਮੌਕੇ ਐੱਸ.ਐੱਸ.ਪੀ ਗਗਨ ਅਜੀਤ ਸਿੰਘ ਵੱਲੋਂ ਬੱਚੀਆਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਦੀ ਪ੍ਰਤਿਭਾ, ਆਤਮਵਿਸ਼ਵਾਸ ਅਤੇ ਉਤਸ਼ਾਹ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਗਈ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਧੀਆਂ ਸਿਰਫ਼ ਪਰਿਵਾਰ ਦਾ ਹੀ ਨਹੀਂ ਸਗੋਂ ਸਮੂਹ ਸਮਾਜ ਦਾ ਮਾਣ ਹਨ। ਉਨ੍ਹਾਂ ਨੇ ਕਿਹਾ ਕਿ ਧੀਆਂ ਨੂੰ ਬਰਾਬਰੀ ਦੇ ਮੌਕੇ, ਸਿੱਖਿਆ ਅਤੇ ਸੁਰੱਖਿਆ ਦੇਣਾ ਸਾਡਾ ਫਰਜ਼ ਹੈ ਅਤੇ ਇਸ ਦਿਸ਼ਾ ਵਿੱਚ ਹਰ ਵਰਗ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਲੋਹੜੀ ਦੇ ਤਿਉਹਾਰ ਦੀ ਰਸਮ ਅਨੁਸਾਰ ਧੂਣੀ ਬਾਲੀ ਗਈ, ਜਿਸ ਦੌਰਾਨ ਰੇਵੜੀਆਂ, ਮੂੰਗਫ਼ਲੀ, ਗੱਚਕ ਅਤੇ ਹੋਰ ਖਾਣ-ਪੀਣ ਦਾ ਸਮਾਨ ਵੰਡਿਆ ਗਿਆ। ਇਸ ਦੇ ਨਾਲ ਹੀ ਪੰਜਾਬ ਪੁਲਿਸ ਵਿੱਚ ਨਿਯੁਕਤ ਹੋਏ 9 ਨਵੇਂ ਪੁਲਿਸ ਮੁਲਾਜ਼ਮਾਂ ਨੂੰ ਵੀ ਇਸ ਖੁਸ਼ੀ ਦੇ ਮੌਕੇ ‘ਤੇ ਮੁਬਾਰਕਬਾਦ ਦਿੱਤੀ ਗਈ ਅਤੇ ਉਨ੍ਹਾਂ ਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ ਗਈ। ਸਮਾਗਮ ਵਿੱਚ ਐੱਸ.ਪੀ.(ਡੀ) ਸੱਤਪਾਲ ਸ਼ਰਮਾ, ਐੱਸ.ਪੀ.(ਪੀ.ਬੀ.ਆਈ) ਰਾਜਵਿੰਦਰ ਸਿੰਘ, ਡੀ.ਐੱਸ.ਪੀ ਸ਼ਤੀਸ ਕੁਮਾਰ, ਡੀ.ਐੱਸ.ਪੀ ਅਮਰਗੜ੍ਹ ਸੰਜੀਵ ਕਪੂਰ, ਜ਼ਿਲਾ ਨੋਡਲ ਸਟੂਡੈਂਟ ਪੁਲਿਸ ਕੈਡੇਟ ਪ੍ਰੇਮ ਸਿੰਘ ਸਮੇਤ ਵੱਖ-ਵੱਖ ਸ਼ਾਖਾਵਾਂ ਦੇ ਪੁਲਿਸ ਅਧਿਕਾਰੀ, ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਰਹੇ। ਸਮਾਗਮ ਅੰਤ ਵਿੱਚ ਸਾਂਝੇ ਉਦੇਸ਼ ਨਾਲ ਸਮਾਜ ਵਿੱਚ ਧੀਆਂ ਪ੍ਰਤੀ ਸਨਮਾਨ, ਸੁਰੱਖਿਆ ਅਤੇ ਸਮਾਨ ਅਧਿਕਾਰਾਂ ਦਾ ਸੰਦੇਸ਼ ਦੇ ਕੇ ਸੰਪੰਨ ਹੋਇਆ।

Related Post

Instagram