ਮਨੀਪੁਰ: ਕਾਂਗਰਸ ਵੱਲੋਂ 47 ਪੋਲਿੰਗ ਸਟੇਸ਼ਨਾਂ ’ਤੇ ਮੁੜ ਵੋਟਿੰਗ ਦੀ ਮੰਗ
- by Aaksh News
- April 21, 2024
ਕਾਂਗਰਸ ਨੇ ਮਨੀਪੁਰ ਦੇ 47 ਪੋਲਿੰਗ ਬੂਥਾਂ ’ਤੇ ਮੁੜ ਚੋਣ ਕਰਵਾਉਣ ਦੀ ਮੰਗ ਕੀਤੀ ਹੈ। ਪਾਰਟੀ ਨੇ ਦਾਅਵਾ ਕੀਤਾ ਕਿ ਪੋਲਿੰਗ ਦੌਰਾਨ ਇਨ੍ਹਾਂ ਬੂਥਾਂ ’ਤੇ ਕਬਜ਼ੇ ਕੀਤੇ ਗਏ ਤੇ ਉੱਤਰਪੁੂਰਬੀ ਰਾਜ ਵਿਚ ਦੋ ਲੋਕ ਸਭਾ ਹਲਕਿਆਂ ਦੀ ਚੋਣ ’ਚ ਗੜਬੜ ਕੀਤੀ ਗਈ। ਮਨੀਪੁਰ ਦੇ ਦੋ ਲੋਕ ਸਭਾ ਹਲਕਿਆਂ- ਇੰਨਰ ਮਨੀਪੁਰ ਤੇ ਆਊਟਰ ਮਨੀਪੁਰ ਲਈ ਸ਼ੁੱਕਰਵਾਰ ਨੂੰ ਰਿਕਾਰਡ 68 ਫੀਸਦ ਤੋਂ ਵੱਧ ਪੋਲਿੰਗ ਦਰਜ ਕੀਤੀ ਗਈ ਸੀ। ਵੋਟਿੰਗ ਦੌਰਾਨ ਕੁਝ ਬੂਥਾਂ ’ਤੇ ਗੋਲੀਬਾਰੀ, ਡਰਾਉਣ ਧਮਕਾਉਣ ਤੇ ਈਵੀਐੱਮਜ਼ ਦੀ ਭੰਨਤੋੜ ਦੀਆਂ ਘਟਨਾਵਾਂ ਰਿਪੋਰਟ ਹੋਈਆਂ ਸਨ। ਮਨੀਪੁਰ ਕਾਂਗਰਸ ਦੇ ਪ੍ਰਧਾਨ ਕੇ.ਮੇਘਾਚੰਦਰਾ ਨੇ ਕਿਹਾ ਕਿ ਪਾਰਟੀ ਨੇ ਮਨੀਪੁਰ ਦੇ ਮੁੱਖ ਚੋਣ ਅਧਿਕਾਰੀ ਕੋਲ ਦਰਜ ਕੀਤੀ ਸ਼ਿਕਾਇਤ ਵਿਚ ਇੰਨਰ ਮਨੀਪੁਰ ਹਲਕੇ ਦੇ 36 ਪੋਲਿੰਗ ਬੂਥਾਂ ਅਤੇ ਆਊਟਰ ਮਨੀਪੁਰ ਹਲਕੇ ਦੇ 11 ਬੂਥਾਂ ’ਤੇ ਮੁੜ ਚੋਣਾਂ ਕਰਵਾਉਣ ਦੀ ਮੰਗ ਕੀਤੀ ਸੀ। ਮੇਘਾਚੰਦਰਾ ਨੇ ਸ਼ੁੱਕਰਵਾਰ ਰਾਤ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ‘‘ਅਣਪਛਾਤੇ ਹਥਿਆਰਬੰਦ ਅਨਸਰਾਂ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਉਮੀਦਵਾਰ ਬਿਮੋਲ ਅਕੋਈਜਾਮ ਤੇ ਪਾਰਟੀ ਦੇ ਚੋਣ ਏਜੰਟਾਂ ਨੂੰ ਧਮਕਾਇਆ ਜਾ ਰਿਹਾ ਸੀ।’’ ਪਾਰਟੀ ਨੇ ਮੁੱਖ ਮੰਤਰੀ ਐੱਨ.ਬੀਰੇਨ ਸਿੰਘ ਦੇ ਅਸੈਂਬਲੀ ਹਲਕੇ ਹੇਨਗੈਂਗ ਵਿਚਲੇ ਤਿੰਨ ਪੋਲਿੰਗ ਸਟੇਸ਼ਨਾਂ ਵਿਚ ਵੀ ਮੁੜ ਚੋਣ ਕਰਵਾਉਣ ਦੀ ਮੰਗ ਕੀਤੀ ਹੈ। ਪੋਲਿੰਗ ਬੂਥ ਨੇੇੜੇ ਗੋਲੀਬਾਰੀ ਮਾਮਲੇ ’ਚ ਤਿੰਨ ਗ੍ਰਿਫ਼ਤਾਰਇੰਫਾਲ: ਮਨੀਪੁਰ ਪੁਲੀਸ ਨੇ ਪੂਰਬੀ ਇੰਫਾਲ ਜ਼ਿਲ੍ਹੇ ਵਿਚ ਪੋਲਿੰਗ ਸਟੇਸ਼ਨ ਨੇੜੇ ਗੋਲੀਬਾਰੀ ਦੀ ਘਟਨਾ ਵਿਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀ ਨੇ ਕਿਹਾ ਕਿ ਕਾਬੂ ਕੀਤੇ ਮੁਲਜ਼ਮ ਸ਼ੁੱਕਰਵਾਰ ਨੂੰ ਪੂਰਬੀ ਇੰਫਾਲ ਜ਼ਿਲ੍ਹੇ ਵਿਚ ਮੋਇਰੰਗਕਾਂਪੂ ਸਾਜੇਬ ਵਿਚ ਹੋਈ ਗੋਲੀਬਾਰੀ ਦੀ ਘਟਨਾ ਵਿਚ ਸ਼ਾਮਲ ਸਨ। ਗੋਲੀਬਾਰੀ ਵਿਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਸੀ। ਇਸ ਘਟਨਾ ਮਗਰੋਂ ਤਿੰਨੋਂ ਵਿਅਕਤੀ ਚਾਰਪਹੀਆ ’ਤੇ ਫਰਾਰ ਹੋ ਗਏ ਸਨ ਤੇ ਉਨ੍ਹਾਂ ਨੂੰ ਸ਼ੁੱਕਰਵਾਰ ਸ਼ਾਮ ਨੂੰ ਘਟਨਾ ਵਾਲੀ ਥਾਂ ਤੋਂ ਪੰਜ ਕਿਲੋਮੀਟਰ ਦੂਰ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮਾਂ ਦੇ ਕਬਜ਼ੇ ਵਿਚੋਂ .32 ਬੋਰ ਦੀ ਪਿਸਟਲ, ਗੋਲੀਸਿੱਕਾ ਤੇ ਡੇਢ ਲੱਖ ਦੀ ਨਗ਼ਦੀ ਬਰਾਮਦ ਕੀਤੀ ਗਈ ਹੈ। ਅਧਿਕਾਰੀ ਨੇ ਕਿਹਾ ਕਿ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। 11 ਪੋਲਿੰਗ ਸਟੇਸ਼ਨਾਂ ’ਤੇ ਮੁੜ ਵੋਟਿੰਗ ਭਲਕੇਇੰਫਾਲ: ਮਨੀਪੁਰ ਦੇ ਮੁੱਖ ਚੋਣ ਅਧਿਕਾਰੀ ਨੇ ਅੰਦਰੂਨੀ ਮਨੀਪੁਰ ਹਲਕੇ ਦੇ 11 ਪੋਲਿੰਗ ਸਟੇਸ਼ਨਾਂ ’ਤੇ 22 ਅਪਰੈਲ ਨੂੰ ਮੁੜ ਵੋਟਿੰਗ ਕਰਵਾਉਣ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਇੱਕ ਦਿਸ਼ਾ ਨਿਰਦੇਸ਼ ਮਗਰੋਂ ਆਇਆ ਹੈ, ਜਿਸ ’ਚ ਚੋਣ ਕਮਿਸ਼ਨ ਨੇ 19 ਅਪਰੈਲ ਨੂੰ ਇਨ੍ਹਾਂ ਪੋਲਿੰਗ ਸਟੇਸ਼ਨਾਂ ’ਤੇ ਪਈਆਂ ਵੋਟਾਂ ਨੂੰ ਰੱਦ ਐਲਾਨਦਿਆਂ ਤਾਜ਼ਾ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ। ਜਾਣਕਾਰੀ ਮੁਤਾਬਕ ਮਨੀਪੁਰ ਦੇ ਕੁਝ ਪੋਲਿੰਗ ਬੂਥਾਂ ’ਤੇ ਫਾਇਰਿੰਗ, ਦਖ਼ਲਅੰਦਾਜ਼ੀ, ਈਵੀਐੱਮਜ਼ ਦੀ ਭੰਨ-ਤੋੜ ਤੇ ਬੂਥਾਂ ’ਤੇ ਕਬਜ਼ਾ ਕਰਨ ਦੀਆਂ ਸ਼ਿਕਾਇਤਾਂ ਆਈਆਂ ਸਨ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.