
ਕਈ ਸਰਕਾਰਾਂ ਆਈਆਂ ; ਕਰੋੜਾਂ ਰੁਪਏ ਵੀ ਖਰਚੇ ਗਏ ਪਰ ਹਾਲਾਤ ਉਥੇ ਦੇ ਉਥੇ
- by Jasbeer Singh
- May 8, 2024

ਪਟਿਆਲਾ, 8 ਮਈ (ਜਸਬੀਰ)-ਸ਼ਾਹੀ ਸ਼ਹਿਰ ਪਟਿਆਲਾ ਦੀ ਮਾਲ ਰੋਡ ’ਤੇ ਦਹਾਕਿਆਂ ਪੁਰਾਣੀ ਇਤਿਹਾਸਕ ਰਾਜਿੰਦਰਾ ਲੇਕ ਦੀ ਹਾਲਤ ਸੁਧਰਨ ਦਾ ਨਾਮ ਹੀ ਨਹੀਂ ਲੈ ਰਹੀ। ਪਿਛਲੇ 25 ਸਾਲਾਂ ਦੌਰਾਨ ਕਈ ਸਰਕਾਰਾਂ ਆਈਆਂ, ਜਿਨ੍ਹਾਂ ਕਰੋੜਾਂ ਰੁਪਏ ਖਰਚ ਵੀ ਕੀਤੇ। ਅਕਾਲੀ ਦਲ, ਭਾਜਪਾਈ, ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ ਸਾਰਿਆਂ ਨੇ ਵੱਡੇ-ਵੱਡੇ ਦਾਅਵੇ ਕੀਤੇ, ਫੋਟੋਆਂ ਵੀ ਖਿਚਵਾਈਆਂ ਪਰ ਅੱਜ ਤੱਕ ਸ਼ਹਿਰ ਦਾ ਦਿਲ ਮੰਨੀ ਜਾਣ ਵਾਲੀ ਇਸ ਰਾਜਿੰਦਰਾ ਲੇਕ ਨੂੰ ਤਿਆਰ ਕਰਕੇ ਲੋਕਾਂ ਦੇ ਹਵਾਲੇ ਨਾ ਕਰ ਸਕੇ, ਜਿਸ ਦੇ ਕਾਰਨ ਕਰੋੜਾਂ ਰੁਪਏ ਖਰਚ ਕੀਤੇ ਜਾਣ ਦੇ ਬਾਵਜੂਦ ਵੀ ਰਾਜਿੰਦਰਾ ਝੀਲ ਦੀ ਹਾਲਤ ਜਿਊਂ ਦੀ ਤਿਊਂ ਬਣੀ ਹੋਈ ਹੈ। ਫਿਰ ਤੋਂ ਉਥੇ ਝਾੜੀਆਂ ਤੇ ਬੂਟੀਆਂ ਨੇ ਆਪਣਾ ਡੇਰਾ ਜਮਾ ਲਿਆ ਹੈ। ਉਸਦੀ ਸੁੰਦਰਤਾ ਵਧਾਉਣ ਲਈ ਫੁਹਾਰੇ ਬੰਦ ਪਏ ਹਨ। ਕਹਿਣ ਨੂੰ ਰਾਜਿੰਦਰਾ ਝੀਲ ਹੈ ਪਰ ਉਸ ਵਿਚ ਪਾਣੀ ਦੀ ਬੂੰਦ ਤੱਕ ਨਹੀਂ ਹੈ। ਰਾਜਿੰਦਰਾ ਝੀਲ ਨਾ ਕੇਵਲ ਸ਼ਹਿਰ ਦੀ ਸੁੰਦਰਤਾ ਨੂੰ ਵਧਾਉਂਦੀ ਹੈ ਸਗੋਂ ਇਕ ਵਿਰਾਸਤੀ ਝੀਲ ਵੀ ਹੈ, ਜਿਸਦਾ ਸਾਡੇ ਇਤਿਹਾਸ ’ਚ ਵੱਡੇ ਪੱਧਰ ’ਤੇ ਵਰਣਨ ਮਿਲਦਾ ਹੈ। ਇਥੇ ਦੱਸਣਯੋਗ ਹੈ ਕਿ ਸਾਲ 2002 ਵਿਚ ਜਦੋਂ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣੀ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਝੀਲ ਦੀ ਬਿਊਟੀਫਿਕੇਸ਼ਨ ਕਰਕੇ ਇਥੇ ਬੋਟ ਕਲੱਬ ਬਣਾਇਆ ਪਰ ਉਹ ਕੁੱਝ ਮਹੀਨੇ ਹੀ ਚੱਲ ਸਕਿਆ ਅਤੇ ਇਥੇ ਲੋਕਾਂ ਦੇ ਮਨੋਰੰਜਨ ਲਈ ਛੱਡੀਆਂ ਗਈਆਂ ਕਿਸ਼ਤੀਆਂ ਵੀ ਕਬਾੜ ਹੀ ਬਣ ਗਈਆਂ। ਉਸ ਤੋਂ ਬਾਅਦ ਫਿਰ ਅਕਾਲੀ ਦਲ ਦੀ ਸਰਕਾਰ ਆਈ, ਕਈ ਮੀਟਿੰਗਾਂ ਹੋਈਆਂ ਤੇ ਕਈ ਵਾਰ ਫਾਈਲ ਮੁੱਖ ਮੰਤਰੀ ਦੇ ਦਰਬਾਰ ਤੱਕ ਪਹੁੰਚੀ ਪਰ ਝੀਲ ਦੇ ਹਾਲਾਤ ਫਿਰ ਵੀ ਨਾ ਬਦਲੇ। ਅਕਾਲੀ ਦਲ ਨੇ ਸਰਕਾਰ ਦੇ ਆਖਰੀ ਦਿਨਾਂ ਵਿਚ ਝੀਲ ਦੀ ਸਫਾਈ ਵੀ ਕਰਵਾਈ ਤੇ ਝੀਲ ਦੀ ਬਿਊਟੀਫਿਕੇਸ਼ਨ ਦਾ ਕੰਮ ਵੀ ਕੀਤਾ ਪਰ ਸਮੇਂ ਦੇ ਨਾਲ ਉਹ ਵੀ ਖਤਮ ਹੋ ਗਿਆ। ਸਾਲ 2017 ਵਿਚ ਫਿਰ ਤੋਂ ਸੂਬੇ ’ਚ ਕਾਂਗਰਸ ਦੀ ਸਰਕਾਰ ਆਈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਣੇ, ਉਦੋਂ ਝੀਲ ਦੀ ਖਸਤਾ ਹਾਲਤ ਨੂੰ ਸੁਧਾਰਨ ਦੇ ਲਈ ਕਾਫੀ ਜੋਰ ਅਜਮਾਇਸ਼ ਹੋਈ, ਝੀਲ ਨੂੰ ਖਾਲੀ ਕੀਤਾ ਗਿਆ, ਉਸਦੀ ਬਿਊਟੀਫਿਕੇਸ਼ਨ ਲਈ ਆਸੇ-ਪਾਸੇ ਤੋਂ ਪੱਕਾ ਕੀਤਾ ਗਿਆ, ਕੁੱਝ ਫੁਹਾਰੇ ਵੀ ਲਗਾਏ ਗਏ। ਕਾਂਗਰਸ ਦੇ ਰਾਜ ਵਿਚ ਕਾਫੀ ਪੈਸੇ ਝੀਲ ’ਤੇ ਖਰਚ ਕੀਤੇ ਗਏ ਪਰ ਕੰਮ ਮੁਕੰਮਲ ਨਾ ਹੋਏ ਅਤੇ ਨਾ ਹੀ ਝੀਲ ਨੂੰ ਪਾਣੀ ਨਾਲ ਭਰ ਕੇ ਲੋਕਾਂ ਦੇ ਹਵਾਲੇ ਕੀਤਾ ਜਾ ਸਕਿਆ। ਜਿਊਂ ਹੀ ਸਰਕਾਰ ਗਈ ਝੀਲ ਦੇ ਹਾਲਾਤ ਫਿਰ ਉਸੇ ਤਰ੍ਹਾਂ ਬਣ ਗਏ ਤੇ ਅੱਜ ਫਿਰ ਤੋਂ ਰਾਜਿੰਦਰਾ ਝੀਲ ਵਿਚ ਪਾਣੀ ਦੀ ਬਜਾਏ ਸੁੱਕਾ ਘਾਹ ਤੇ ਜੜ੍ਹੀਆਂ ਬੂਟੀਆਂ ਦੇਖਣ ਨੂੰ ਮਿਲਦੀਆਂ ਹਨ। ਸੁੰਦਰਤਾ ਅਤੇ ਸ਼ਹਿਰ ਦੀ ਰੌਣਕ ਵਧਾਉਣ ਦੇ ਨਜ਼ਰੀਏ ਨਾਲ ਰਾਜਿੰਦਰਾ ਝੀਲ ਮਾਲ ਰੋਡ ’ਤੇ ਸਥਿਤ ਹੈ ਅਤੇ ਜਦੋਂ ਵੀ ਝੀਲ ਨੂੰ ਲੋਕਾਂ ਦੇ ਲਈ ਸਾਫ਼ ਸੁਥਰਾ ਕਰਕੇ ਭਰਿਆ ਗਿਆ ਤਾਂ ਇਹ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਜ਼ਰੂਰ ਬਣੀ ਹੈ।