ਮੇਅਰ, ਐਡਵਾਇਜਰੀ ਮੈਨੇਜਿੰਗ ਕਮੇਟੀ ਤੇ ਏ ਡੀ ਸੀ ਵੱਲੋਂ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਦੇ ਨਵੀਨੀਕਰਨ ਪ੍ਰਾਜੈਕਟਾਂ ਦੇ ਚੱ
- by Jasbeer Singh
- January 12, 2026
ਮੇਅਰ, ਐਡਵਾਇਜਰੀ ਮੈਨੇਜਿੰਗ ਕਮੇਟੀ ਤੇ ਏ ਡੀ ਸੀ ਵੱਲੋਂ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਦੇ ਨਵੀਨੀਕਰਨ ਪ੍ਰਾਜੈਕਟਾਂ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ -ਕਿਹਾ, ਮੰਦਰ ਨਵੀਨੀਕਰਨ ਦੇ ਕੰਮ ਇੱਕ ਸਾਲ ਦੇ ਅੰਦਰ-ਅੰਦਰ ਮੁਕੰਮਲ ਕਰਨ ਲਈ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਪਟਿਆਲਾ, 12 ਜਨਵਰੀ 2026 : ਪਟਿਆਲਾ ਦੇ ਇਤਿਹਾਸਕ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਦੇ ਨਵੀਨੀਕਰਨ ਲਈ ਸ਼ੁਰੂ ਕੀਤੇ ਗਏ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਲਈ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਮੰਦਰ ਦੀ ਐਡਵਾਇਜਰੀ ਮੈਨੇਜਿੰਗ ਕਮੇਟੀ ਦੇ ਮੈਂਬਰਾਂ ਸੀ.ਏ. ਅਜੇ ਅਲੀਪੁਰੀਆ, ਡਾ ਰਾਜ ਗੁਪਤਾ ਤੇ ਸੰਜੇ ਸਿੰਗਲਾ ਅਤੇ ਏ.ਡੀ.ਸੀ. (ਜ) ਸਿਮਰਪ੍ਰੀਤ ਕੌਰ ਨੇ ਦੌਰਾ ਕੀਤਾ । ਇਸ ਮੌਕੇ ਉ੍ਨ੍ਹਾਂ ਦੇ ਨਾਲ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪਿਯੂਸ਼ ਅਗਰਵਾਲ, ਐਸ.ਡੀ.ਓ ਮਿਯੰਕ ਕੁਮਾਰ ਅਤੇ ਜਨ ਸਿਹਤ ਵਿਭਾਗ, ਡਰੇਨੇਜ ਸਮੇਤ ਬਿਜਲੀ ਵਿੰਗ ਆਦਿ ਦੇ ਨੁਮਾਇੰਦੇ ਵੀ ਮੌਜੂਦ ਸਨ । ਮੇਅਰ ਕੁੰਦਨ ਗੋਗੀਆ ਸਮੇਤ ਐਡਵਾਇਜਰੀ ਮੈਨੇਜਿੰਗ ਕਮੇਟੀ ਦੇ ਮੈਂਬਰਾਂ ਸੀ.ਏ. ਅਜੇ ਅਲੀਪੁਰੀਆ ਤੇ ਡਾ ਰਾਜ ਗੁਪਤਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਮੰਦਰ ਦੇ ਨਵ ਨਿਰਮਾਣ ਦੇ ਕਾਰਜਾਂ ਨੂੰ ਮਿੱਥੇ ਸਮੇਂ ਅੰਦਰ ਮੁਕੰਮਲ ਕਰਨ ਲਈ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ । ਉਨ੍ਹਾਂ ਕਿਹਾ ਕਿ ਸ੍ਰੀ ਕਾਲੀ ਮਾਤਾ ਮੰਦਰ ਦੇ ਨਵੀਨੀਕਰਨ ਲਈ ਕਰੀਬ 75 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਸ਼ਰਆਲੂਆਂ ਅਤੇ ਖਾਸ ਕਰਕੇ ਪਟਿਆਲਾ ਲਈ ਸ਼ੁਭ ਸ਼ਗਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸ੍ਰੀ ਕਾਲੀ ਮਾਤਾ ਮੰਦਰ ਨੂੰ ਨਵਾਂ ਰੂਪ ਦੇਣ ਲਈ ਇਨ੍ਹਾਂ ਪ੍ਰਾਜੈਕਟਾਂ ਵਿੱਚ ਮੰਦਰ ਦੇ ਸਰੋਵਰ ਸਾਫ਼ ਨਹਿਰੀ ਪਾਣੀ ਦੀ ਸਪਲਾਈ, ਸੀਵਰੇਜ ਤੇ ਡਰੇਨੇਜ ਢਾਂਚੇ ਨੂੰ ਵੀ ਅਪਗ੍ਰੇਡ ਸਮੇਤ ਸ਼ਰਧਾਲੂਆਂ ਦੀ ਸਹੂਲਤ ਲਈ ਸਰੋਵਰ ਦੇ ਆਲੇ-ਦੁਆਲੇ ਨਵਾਂ ਰਸਤਾ ਬਣਾਇਆ ਜਾ ਰਿਹਾ ਹੈ । ਇਸ ਤੋਂ ਬਿਨ੍ਹਾਂ ਪ੍ਰਵੇਸ਼ ਦੁਆਰ ਅਤੇ ਸਰੋਵਰ ਦਾ ਨਵ ਨਿਰਮਾਣ ਸਮੇਤ 6 ਬਿਲਡਿੰਗ ਬਲਾਕ ਬਣਾਏ ਜਾਣੇ ਹਨ ਅਤੇ ਮੁੱਖ ਲੰਗਰ ਹਾਲ ਦੀ ਛੱਤ ਉਪਰ ਐਂਫੀਥੀਏਟਰ ਵੀ ਬਣੇਗਾ ਤੇ ਸਰੋਵਰ ਨਜਦੀਕ ਇੱਕ ਲਾਈਟ ਐਂਡ ਸਾਊਂਡ ਸ਼ੋਅ ਕਰਵਾਉਣ ਲਈ ਪ੍ਰਬੰਧ ਕੀਤੇ ਜਾਣਗੇ।ਜਦਕਿ ਮੰਦਰ ਦੇ ਸਾਰੇ ਪ੍ਰਵੇਸ਼ ਦੁਆਰਾਂ ਨੂੰ ਰਵਾਇਤੀ ਵਾਸਤੂ ਕਲਾ ਮੁਤਾਬਕ ਸ਼ਹਿਰੀ ਯੋਜਨਾਬੰਦੀ ਅਤੇ ਵਿਰਾਸਤ ਦੇ ਮਾਹਰਾਂ ਨਾਲ ਸਲਾਹ-ਮਸ਼ਵਰਾ ਕਰਕੇ ਮੁੜ ਡਿਜ਼ਾਈਨ ਕੀਤਾ ਜਾ ਰਿਹਾ ਹੈ ।
