ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਨਾਜਾਇਜ਼ ਮਾਈਨਿੰਗ ’ਤੇ ਕੱਸਿਆ ਸ਼ਿਕੰਜਾ
- by Jasbeer Singh
- November 21, 2024
ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਨਾਜਾਇਜ਼ ਮਾਈਨਿੰਗ ’ਤੇ ਕੱਸਿਆ ਸ਼ਿਕੰਜਾ ਲੋਕਾਂ ਨੂੰ ਕਿਫਾਇਤੀ ਦਰਾਂ ’ਤੇ ਰੇਤ ਦੀ ਸਪਲਾਈ ਯਕੀਨੀ ਬਣਾਈ ਪਿਛਲੀਆਂ ਪਾਰਟੀਆਂ ਨੇ ਸੂਬੇ ਦੀ ਲੁੱਟ ਕੀਤੀ: ਖਣਨ ਮੰਤਰੀ ਠੇਕੇਦਾਰਾਂ ਦੀਆਂ ਸ਼ਿਕਾਇਤਾਂ ਸੁਣੀਆਂ, ਜਲਦ ਨਿਪਟਾਰੇ ਦਾ ਦਿੱਤਾ ਭਰੋਸਾ ਚੰਡੀਗੜ੍ਹ, 21 ਨਵੰਬਰ : ਸੂਬੇ ਦੇ ਲੋਕਾਂ ਨੂੰ ਸਸਤੇ ਭਾਅ ’ਤੇ ਰੇਤਾ-ਬਜਰੀ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਪੰਜਾਬ ਦੇ ਖਣਨ ਤੇ ਭੂ-ਵਿਗਿਆਨ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਕਮਰਸ਼ੀਅਲ ਮਾਈਨਿੰਗ ਸਾਈਟਾਂ (ਸੀ. ਐੱਮ. ਐੱਸ.) ਦੇ ਠੇਕੇਦਾਰਾਂ ਨਾਲ ਅਹਿਮ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਨੇ ਠੇਕੇਦਾਰਾਂ ਨੂੰ ਲੋਕਾਂ ਲਈ ਵਾਜਬ ਦਰਾਂ ’ਤੇ ਰੇਤਾ ਅਤੇ ਬਜਰੀ ਉਪਲਬਧ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਕਿਹਾ । ਠੇਕੇਦਾਰਾਂ ਨਾਲ ਮੀਟਿੰਗ ਦੌਰਾਨ ਸ੍ਰੀ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਲੋਕਾਂ ਦੀ ਲੁੱਟ-ਖਸੁੱਟ ਕਰਨ ਵਾਲੇ ਰੇਤ ਮਾਫੀਆ ਦਾ ਖ਼ਾਤਮਾ ਕਰ ਦਿੱਤਾ ਹੈ ਤਾਂ ਜੋ ਲੋਕਾਂ ਨੂੰ ਸਸਤੀਆਂ ਦਰਾਂ ’ਤੇ ਰੇਤ ਉਪਲਬਧ ਕਰਵਾਈ ਜਾ ਸਕੇ । ਉਨ੍ਹਾਂ ਕਿਹਾ ਕਿ ਹੁਣ ਜਨਤਕ ਅਤੇ ਵਪਾਰਕ ਮਾਈਨਿੰਗ ਸਾਈਟਾਂ ’ਤੇ ਰੇਤ ਸਿਰਫ਼ 5.50 ਰੁਪਏ ਵਿੱਚ ਉਪਲੱਬਧ ਹੈ ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ । ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਹੁਣ ਤੱਕ 73 ਜਨਤਕ ਮਾਈਨਿੰਗ ਸਾਈਟਾਂ ਅਤੇ 40 ਕਮਰਸ਼ੀਅਲ ਮਾਈਨਿੰਗ ਸਾਈਟਾਂ ਦੇ ਕਲੱਸਟਰ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਰੇਤ ਦੀ ਕੀਮਤ ਨੂੰ ਯਕੀਨੀ ਬਣਾਉਣ ਲਈ ਕਾਰਜਸ਼ੀਲ ਹਨ । ਉਨ੍ਹਾਂ ਦੱਸਿਆ ਕਿ ਹੁਣ ਤੱਕ 73 ਜਨਤਕ ਮਾਈਨਿੰਗ ਸਾਈਟਾਂ ਤੋਂ ਕੁੱਲ 47.19 ਲੱਖ ਮੀਟਰਕ ਟਨ ਵਿੱਚੋਂ ਕੁੱਲ 18.38 ਲੱਖ ਮੀਟਰਕ ਟਨ ਰੇਤ ਕੱਢੀ ਗਈ ਹੈ ਜਦੋਂ ਕਿ 40 ਵਪਾਰਕ ਮਾਈਨਿੰਗ ਸਾਈਟਾਂ ਦੇ ਕਲੱਸਟਰਾਂ ਜਿਥੇ 138.68 ਲੱਖ ਮੀਟ੍ਰਿਕ ਟਨ ਦੀ ਯੋਜਨਾਬੱਧ ਨਿਕਾਸੀ ਦੀ ਸਮਰੱਥਾ ਹੈ, ਵਿੱਚੋਂ 34.50 ਲੱਖ ਮੀਟ੍ਰਿਕ ਰੇਤ ਅਤੇ ਬਜਰੀ ਕੱਢੀ ਜਾ ਚੁੱਕੀ ਹੈ । ਉਨ੍ਹਾਂ ਅੱਗੇ ਕਿਹਾ ਕਿ 132.99 ਲੱਖ ਮੀਟ੍ਰਿਕ ਟਨ ਤੋਂ ਵੱਧ ਰੇਤ ਅਤੇ ਬਜਰੀ ਜਨਤਕ ਅਤੇ ਵਪਾਰਕ ਦੋਵਾਂ ਸਾਈਟਾਂ ’ਤੇ ਹਾਲੇ ਵੀ ਉਪਲਬਧ ਹੈ । ਸੂਬੇ ਵਿੱਚ ਰੇਤ ਮਾਫੀਆ ਨੂੰ ਪੈਦਾ ਕਰਨ ਅਤੇ ਇਸ ਦੀ ਸਰਪ੍ਰਸਤੀ ਕਰਨ ਲਈ ਪਿਛਲੀਆਂ ਸਰਕਾਰਾਂ ਨੂੰ ਕਰੜੇ ਹੱਥੀਂ ਲੈਂਦਿਆਂ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਪਿਛਲੇ ਹੁਕਮਰਾਨ ਰੇਤ ਮਾਫੀਆ ਨਾਲ ਘਿਉ-ਖਿਚੜੀ ਸਨ ਅਤੇ ਉਨ੍ਹਾਂ ਨੇ ਆਪਣੇ ਲੰਮੇ ਕੁਸ਼ਾਸਨ ਦੌਰਾਨ ਸੂਬੇ ਦੀ ਬੜੀ ਬੇ-ਕਿਰਕੀ ਨਾਲ ਲੁੱਟ ਕੀਤੀ । ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਆਗੂਆਂ ਦੀ ਸਰਪ੍ਰਸਤੀ ਹੇਠ ਉਭਰੇ ਰੇਤ ਮਾਫ਼ੀਆ ਖਿਲਾਫ ਸ਼ਿਕੰਜਾ ਕੱਸ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ, ਪਿਛਲੇ ਸਮੇਂ ਵਿੱਚ ਲੋਕਾਂ ਦਾ ਜੋਕਾਂ ਵਾਂਗ ਖੂਨ ਚੂਸਣ ਵਾਲੇ ਰੇਤ ਮਾਫੀਆ ਦੇ ਖਾਤਮੇ ਲਈ ਅਣਗਿਣਤ ਕਦਮ ਚੁੱਕੇ ਹਨ । ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਕੁੱਲ 150 ਜਨਤਕ ਮਾਈਨਿੰਗ ਸਾਈਟਾਂ ਅਤੇ 100 ਵਪਾਰਕ ਮਾਈਨਿੰਗ ਸਾਈਟਾਂ ਖੋਲ੍ਹਣ ਦਾ ਟੀਚਾ ਰੱਖਿਆ ਹੈ । ਸ੍ਰੀ ਗੋਇਲ ਨੇ ਕਿਹਾ ਕਿ ਜਨਤਕ ਮਾਈਨਿੰਗ ਸਾਈਟਾਂ ਲੋਕਾਂ ਨੂੰ ਆਪਣੇ ਤੌਰ ’ਤੇ ਰੇਤ ਦੀ ਖੁਦਾਈ ਕਰਨ ਅਤੇ ਵੇਚਣ ਦੀ ਖੁੱਲ੍ਹ ਦਿੰਦੀਆਂ ਹਨ ਜਿਸ ਨਾਲ ਉਪਲਬਧਤਾ ਵਧਦੀ ਹੈ ਅਤੇ ਬਾਅਦ ਵਿੱਚ ਮਾਰਕੀਟ ਰੇਟਾਂ ਵਿੱਚ ਕਮੀ ਆਉਂਦੀ ਹੈ । ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਠੱਲ੍ਹ ਪਾਉਣ ਲਈ ਚੁੱਕੇ ਗਏ ਕਦਮਾਂ ਬਾਰੇ ਵੇਰਵੇ ਸਾਂਝੇ ਕਰਦਿਆਂ ਖਣਨ ਅਤੇ ਭੂ-ਵਿਗਿਆਨ ਮੰਤਰੀ ਨੇ ਕਿਹਾ ਕਿ ਅਸੀਂ ਗ਼ੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੇ ਹਾਂ ਅਤੇ ਰਾਜ ਵਿੱਚ ਮਾਈਨਿੰਗ ਐਕਟ ਅਤੇ ਨਿਯਮਾਂ ਤਹਿਤ ਅਪ੍ਰੈਲ 2022 ਤੋਂ ਅਕਤੂਬਰ 2024 ਤੱਕ 1360 ਐਫ. ਆਈ. ਆਰਜ਼. ਦਰਜ ਕੀਤੀਆਂ ਗਈਆਂ ਹਨ । ਮਾਈਨਿੰਗ ਮੰਤਰੀ ਨੇ ਠੇਕੇਦਾਰਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਦੇ ਜਲਦ ਨਿਪਟਾਰੇ ਦਾ ਭਰੋਸਾ ਦਿੱਤਾ। ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਪੂਰੀ ਤਰ੍ਹਾਂ ਠੱਲ੍ਹ ਪਾਉਣ ਲਈ ਸਹਿਯੋਗ ਦੀ ਅਪੀਲ ਕਰਦਿਆਂ ਕੈਬਨਿਟ ਮੰਤਰੀ ਨੇ ਸਪੱਸ਼ਟ ਕਿਹਾ, ’’ਲੋਕਾਂ ਨੂੰ ਕਿਸੇ ਵੀ ਸੂਰਤ ਵਿੱਚ ਪ੍ਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ । ਕੈਬਨਿਟ ਮੰਤਰੀ ਨੇ ਕਿਹਾ ਕਿ ਦੂਜੇ ਰਾਜਾਂ ਤੋਂ ਖਣਿਜ ਪਦਾਰਥਾਂ ਦੀ ਢੋਆ-ਢੁਆਈ ਕਰਨ ਵਾਲੇ ਓਵਰਲੋਡ ਵਾਹਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਟਰਾਂਸਪੋਰਟ ਵਿਭਾਗ ਨੂੰ ਓਵਰਲੋਡ ਵਾਹਨਾਂ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਜਾਣਗੇ, ਜਿਸ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਠੇਕੇਦਾਰ ਆਪਣਾ ਕੰਮ ਜਾਰੀ ਰੱਖ ਸਕਣ ਕਿਉਂਕਿ ਉਹ ਸਥਾਨਕ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੇ ਹਨ । ਇਸ ਮੌਕੇ ਹੋਰਨਾਂ ਤੋਂ ਇਲਾਵਾ ਖਣਨ ਅਤੇ ਭੂ-ਵਿਗਿਆਨ ਵਿਭਾਗ ਦੇ ਸਕੱਤਰ ਸ੍ਰੀ ਗੁਰਕਿਰਤ ਕਿਰਪਾਲ ਸਿੰਘ, ਖਣਨ ਵਿਭਾਗ ਦੇ ਡਾਇਰੈਕਟਰ ਸ੍ਰੀ ਅਭਿਜੀਤ ਕਪਲਿਸ਼ ਅਤੇ ਚੀਫ਼ ਇੰਜੀਨੀਅਰ ਡਾ. ਹਰਿੰਦਰਪਾਲ ਸਿੰਘ ਬੇਦੀ ਵੀ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.