
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਨਗਰ ਨਿਗਮ ਕਮਿਸ਼ਨਰ ਨੇ ਡਾਇਰੀਆ ਦੀ ਸਥਿਤੀ ਬਾਰੇ ਪੇਸ਼ ਕੀਤੇ ਅੰਕੜੇ
- by Jasbeer Singh
- July 29, 2024

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਨਗਰ ਨਿਗਮ ਕਮਿਸ਼ਨਰ ਨੇ ਡਾਇਰੀਆ ਦੀ ਸਥਿਤੀ ਬਾਰੇ ਪੇਸ਼ ਕੀਤੇ ਅੰਕੜੇ -ਮੁੱਖ ਮੰਤਰੀ ਦੇ ਆਦੇਸ਼ਾਂ 'ਤੇ ਉਹ ਖ਼ੁਦ ਤੇ ਨਗਰ ਨਿਗਮ ਲੋਕਾਂ ਦੀ ਸੇਵਾ 'ਚ ਹਾਜ਼ਰ, ਸ਼ਹਿਰ ਵਾਸੀ ਬੇਫ਼ਿਕਰ ਰਹਿਣ-ਕੋਹਲੀ -ਕਿਹਾ, ਸਥਿਤੀ ਕੰਟਰੋਲ ਹੇਠ, ਕਿਸੇ ਨਵੇਂ ਇਲਾਕੇ 'ਚ ਡਾਇਰੀਏ ਦੇ ਇਕੱਠੇ ਕੇਸ ਨਹੀਂ ਆਏ, ਲੋਕ ਸਾਥ ਦੇਣ ਤਾਂ ਹੀ ਬਿਮਾਰੀ ਤੋਂ ਮਿਲੇਗੀ ਰਾਹਤ -ਨਗਰ ਨਿਗਮ ਨੇ ਪਾਣੀ ਦੇ 195 ਸੈਂਪਲ ਭਰੇ, 105 ਦੀ ਰਿਪੋਰਟ ਆਈ 80 ਪਾਸ, 25 'ਚ ਪਾਣੀ ਗੰਧਲਾ, ਨਗਰ ਨਿਗਮ ਨੇ ਬਦਲਵੇਂ ਸਰੋਤ ਮੁਹੱਈਆ ਕਰਵਾਏ -178 ਟਿਊਬਵੈਲਾਂ 'ਤੇ ਕਲੋਰੀਨੇਸ਼ਨ ਦੇ ਡੋਜ਼ਰ ਲਗਾਏ, ਅਖੀਰ ਤੱਕ ਕਲੋਰੀਨ ਵਾਲਾ ਪਾਣੀ ਪਹੁੰਚਾਉਣ ਲਈ ਨਵੇਂ ਉਪਰਾਲੇ -34 ਅਣਅਧਿਕਾਰਤ ਪਾਣੀ ਦੇ ਕੁਨੈਕਸ਼ਨ ਕੱਟੇ, ਟੁੱਲੂ ਵੀ ਜ਼ਬਤ, ਸੀਵਰੇਜ 'ਚ ਅੜਿਕਾ ਬਣਨ ਕਾਰਨ ਡੇਅਰੀ ਮਾਲਕਾਂ ਦੇ 71 ਚਲਾਨ -ਸ਼ਹਿਰ 'ਚ 5 ਪੋਰਟੇਬਲ ਐਸ.ਟੀ.ਪੀਜ ਲਗਾਏ ਜਾਣਗੇ ਤੇ ਪਹਿਲੇ ਐਸ.ਟੀ.ਪੀ. ਦੀ ਸਮਰੱਥਾ ਵੀ ਵਧਾਈ ਜਾਵੇਗੀ ਪਟਿਆਲਾ, 29 ਜੁਲਾਈ: ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਡੇਚਲਵਾਲ ਦੇ ਨਾਲ ਡਾਇਰੀਆ ਦੀ ਸਥਿਤੀ ਬਾਰੇ ਅੰਕੜੇ ਪੇਸ਼ ਕਰਕੇ ਦੱਸਿਆ ਕਿ ਪੰਜਾਬ ਸਰਕਾਰ ਤੇ ਨਗਰ ਨਿਗਮ ਨੇ ਉਲਟੀਆਂ ਤੇ ਦਸਤਾਂ ਦੀ ਸਥਿਤੀ 'ਤੇ ਕਾਬੂ ਪਾਉਣ ਲਈ ਤੁਰੰਤ ਲੋੜੀਂਦੇ ਕਦਮ ਚੁੱਕੇ ਅਤੇ ਢੁੱਕਵੀਂ ਕਾਰਵਾਈ ਕਰਕੇ ਰੋਗ ਨੂੰ ਅੱਗੇ ਹੋਰ ਫੈਲਣ ਤੋਂ ਬਚਾਇਆ ਹੈ। ਅੱਜ ਨਗਰ ਨਿਗਮ ਦਫ਼ਤਰ ਵਿਖੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ 'ਤੇ ਨਗਰ ਨਿਗਮ ਨੇ ਡਾਇਰੀਆ ਦੀ ਸਥਿਤੀ ਨੂੰ ਹੋਰ ਅੱਗੇ ਵੱਧਣ ਤੋਂ ਰੋਕਣ ਲਈ ਤੁਰੰਤ ਢੁਕਵੀਂ ਕਾਰਵਾਈ ਕੀਤੀ ਹੈ, ਸਿੱਟੇ ਵਜੋਂ ਕਿਸੇ ਨਵੇਂ ਇਲਾਕੇ ਵਿੱਚ ਡਾਇਰੀਆ ਦੇ ਇਕੱਠੇ ਮਾਮਲੇ ਸਾਹਮਣੇ ਨਹੀਂ ਆਏ ਹਨ। ਉਨ੍ਹਾਂ ਕਿਹਾ ਕਿ ਉਹ ਖ਼ੁਦ ਤੇ ਨਗਰ ਨਿਗਮ ਲੋਕਾਂ ਦੀ ਸੇਵਾ 'ਚ ਸਦਾ ਹਾਜ਼ਰ ਹੈ, ਇਸ ਲਈ ਸ਼ਹਿਰ ਵਾਸੀ ਬੇਫ਼ਿਕਰ ਰਹਿਣ। ਵਿਧਾਇਕ ਕੋਹਲੀ ਨੇ ਦੱਸਿਆ ਕਿ ਡਾਇਰੀਆ ਫੈਲਣ ਦੇ ਮੁੱਖ ਕਾਰਨ ਲੋਕਾਂ ਵੱਲੋਂ ਅਣਅਧਿਕਾਰਤ ਪਾਣੀ ਦੇ ਕੁਨੈਕਸ਼ਨ ਅਤੇ ਟੁੱਲੂ ਪੰਪਾਂ ਦੀ ਵਰਤੋ ਹੈ ਕਿਉਂਕਿ ਟੁੱਲੂ ਰਾਹੀਂ ਲੋਅ ਪ੍ਰੈਸ਼ਰ ਬਣ ਜਾਂਦਾ ਹੈ ਅਤੇ ਦੂਸ਼ਿਤ ਪਾਣੀ ਟੈਂਕੀਆਂ ਵਿੱਚ ਚਲਾ ਜਾਂਦਾ ਹੈ ਅਤੇ ਅਜਿਹਾ ਗੰਧਲਾ ਪਾਣੀ ਪੀਣ ਨਾਲ ਪੇਟ ਵਿੱਚ ਇਨਫੈਕਸ਼ਨ ਹੋਣ ਕਰਕੇ ਉਲਟੀਆਂ ਤੇ ਦਸਤਾਂ ਦੀ ਬਿਮਾਰੀ ਹੁੰਦੀ ਹੈ। ਇਸ ਲਈ ਲੋਕ ਸਾਥ ਦੇਣ ਅਤੇ ਆਪਣੇ ਪਾਣੀ ਦੇ ਕੁਨੈਕਸ਼ਨ ਰੈਗੂਰਲਾਈਜ਼ ਕਰਵਾ ਲੈਣ, ਨਹੀਂ ਤਾਂ ਨਗਰ ਨਿਗਮ ਵੱਲੋਂ ਕਾਰਵਾਈ ਕੀਤੀ ਜਾਵੇਗੀ। ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਨਗਰ ਨਿਗਮ ਨੇ ਪ੍ਰਭਾਵਤ ਇਲਾਕਿਆਂ ਵਿੱਚੋਂ ਪਾਣੀ ਦੇ 195 ਸੈਂਪਲ ਭਰੇ, ਜਿਸ ਵਿੱਚੋਂ 105 ਦੀ ਰਿਪੋਰਟ ਆ ਗਈ ਹੈ ਤੇ 90 ਸੈਂਪਲਾਂ ਦੀ ਰਿਪੋਰਟ ਬਾਕੀ ਹੈ। ਇਨ੍ਹਾਂ ਵਿੱਚੋਂ 80 ਸੈਂਪਲ ਪਾਸ ਹੋਏ ਤੇ 25 ਫੇਲ ਹੋਏ, ਜਿੱਥੇ ਸੈਂਪਲ ਫੇਲ ਹੋਏ ਉਥੇ ਨਗਰ ਨਿਗਮ ਨੇ ਪਾਣੀ ਦੇ ਬਦਲਵੇਂ ਸਰੋਤ ਮੁਹੱਈਆ ਕਰਵਾਏ ਤੇ ਤੁਰੰਤ ਕਾਰਵਾਈ ਕਰਦੇ ਹੋਏ ਪਾਣੀ ਦੀਆਂ ਪਾਇਪਾਂ ਦੀ ਮੁਰੰਮਤ ਕਰਵਾਈ। ਜਿਸ ਕਰਕੇ ਹੁਣ ਸਥਿਤੀ ਵਿੱਚ ਸੁਧਾਰ ਹੋ ਹੋਣ ਕਰਕੇ ਨਵੇਂ ਇਲਾਕਿਆਂ ਵਿੱਚ ਨਵੇਂ ਮਾਮਲੇ ਇਕੱਠੇ ਨਹੀਂ ਆ ਰਹੇ। ਵਿਧਾਇਕ ਕੋਹਲੀ ਨੇ ਕਮਿਸ਼ਨਰ ਦੇ ਹਵਾਲੇ ਨਾਲ ਦੱਸਿਆ ਕਿ ਸ਼ਹਿਰ ਵਿੱਚ ਨਗਰ ਨਿਗਮ ਦੇ 178 ਟਿਊਬਵੈਲ ਚੱਲਦੇ ਹਨ, ਜਿਨ੍ਹਾਂ ਦੀ ਚੈਕਿੰਗ ਦੌਰਾਨ 26 ਵਿੱਚ ਕਲੋਰੀਨੇਸ਼ਨ ਘੱਟ ਹੋ ਰਹੀ ਹੋਣ ਕਰਕੇ ਡੋਜ਼ਰ ਪੂਰੇ ਕਰਵਾਏ ਤੇ ਨਿਰਧਾਰਤ ਮਾਪਦੰਡਾਂ ਵਾਲਾ ਕਲੋਰੀਨ ਯੁਕਤ ਪਾਣੀ ਅਖੀਰਲੀ ਟੂਟੀ ਤੱਕ ਪਹੁੰਚਾਉਣ ਲਈ ਵੀ ਨਵੇਂ ਉਪਰਾਲਿਆਂ ਤਹਿਤ ਹੋਰ ਡੋਜ਼ਰ ਲਗਾਏ ਜਾ ਰਹੇ ਹਨ। ਇਨ੍ਹਾਂ ਪੰਪਾਂ ਵਿੱਚ ਕਲੋਰੀਨ ਦੀ ਡੋਜ਼ 1 ਪੀਪੀਐਮ ਤੋਂ ਵਧਾ ਕੇ 3 ਪੀਪੀਐਮ ਤੱਕ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਸੀਵਰੇਜ ਲਾਈਨਾਂ ਦੀ ਸਫ਼ਾਈ ਤੇ ਡੀਸਿਲਟਿੰਗ ਕਰਨ ਲਈ ਦੋ ਸੁਪਰਸੱਕਸ਼ਨ ਮਸ਼ੀਨਾਂ ਇੱਕੋ ਵੇਲੇ ਕੰਮ ਕਰ ਰਹੀਆਂ ਹਨ। ਸ਼ਹਿਰ ਦਾ ਐਸ.ਟੀ.ਪੀ. 76 ਐਮ.ਐਲ.ਡੀ. ਦਾ ਹੋਣ ਕਰਕੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ 10 ਐਮ.ਐਲ.ਡੀ. ਸਮਰੱਥਾ ਵਧਾਉਣ ਦੇ ਨਾਲ-ਨਾਲ ਨੀਂਵੇ ਇਲਾਕਿਆਂ ਮਥੁਰਾ ਕਲੋਨੀ, ਪ੍ਰਤਾਪਲ ਨਗਰ, ਨਿਊ ਮਹਿੰਦਰਾ ਕਲੋਨੀ ਆਦਿ ਵਿੱਚ 5 ਪੋਰਟੇਬਲ ਐਸ.ਟੀ.ਪੀਜ਼ ਲਗਾਏ ਜਾਣਗੇ। ਇਸੇ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ ਲਾਇਨਾਂ ਦੀ ਸਫ਼ਾਈ ਇੱਕ ਵੱਡਾ ਚੁਣੌਤੀ ਵਾਲਾ ਕਾਰਜ ਹੈ ਇਸ 'ਚ ਡੇਅਰੀਆਂ ਕਾਫੀ ਅੜਿਕਾ ਬਣਦੀਆਂ ਹਨ ਜਿਸ ਕਰਕੇ 71 ਚਲਾਨ ਡੇਅਰੀਆਂ ਦੇ ਕੱਟੇ ਗਏ ਹਨ। ਪਾਣੀ ਦੇ ਅਣਅਧਿਕਾਰਤ 34 ਕੁਨੈਕਸ਼ਨ ਕੱਟੇ ਵੀ ਗਏ ਹਨ ਅਤੇ ਡਾਇਰੀਆ ਫੈਲਾਉਣ 'ਚ ਅਹਿਮ ਭੂਮਿਕਾ ਨਿਭਾਉਂਦੇ ਟੁੱਲੂ ਪੰਪ ਵੀ ਜ਼ਬਤ ਕੀਤੇ ਗਏ ਹਨ। ਕਮਿਸ਼ਨਰ ਡੇਚਲਵਾਲ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਟੀਮਾਂ ਦਾ ਗਠਨ ਕੀਤਾ ਅਤੇ ਪਿਛਲੇ 5 ਸਾਲਾਂ ਦੀ ਹਿਸਟਰੀ ਦੇਖੀ ਅਤੇ 19 ਇਲਾਕਿਆਂ ਦੀ ਪਛਾਣ ਕੀਤੀ, ਜਿਸ ਵਿੱਚ ਸੰਜੇ ਕਲੋਨੀ, ਜੇਜੀ ਕਲੋਨੀ, ਮਾਰਕਲ ਕਲੋਨੀ, ਸਿਕਲੀਗਰ ਬਸਤੀ, ਭਾਰਤ ਨਗਰ ਨਾਭਾ ਰੋਡ, ਬਡੂੰਗਰ, ਮਥੁਰਾ ਕਲੋਨੀ, ਬਾਬੂ ਸਿੰਘ ਕਲੋਨੀ ਅਬਲੋਵਾਲ, ਇੰਦਰਾ ਕਲੋਨੀ, ਅਬਚਲ ਨਗਰ, ਭਾਰਤ ਨਗਰ ਡੀ.ਸੀ.ਡਬਲਿਊ, ਤਫੱਜ਼ਲਪੁਰਾ, ਪੁਰਾਣਾ ਬਿਸ਼ਨ ਨਗਰ, ਦੀਨ ਦਿਆਲ ਉਪਾਧਿਆ ਨਗਰ, ਮੁਸਲਿਮ ਕਲੋਨੀ, ਹੀਰਾ ਬਾਗ, ਨਿਊ ਯਾਦਵਿੰਦਰਾ ਕਲੋਨੀ ਤੇ ਅਲੀਪੁਰ ਅਰਾਈਆਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਇਲਾਕਿਆਂ ਵਿੱਚ ਪਾਣੀ ਦੀਆਂ ਸੀਮਿੰਟਡ ਪਾਇਪਾਂ ਕੋਈ 35 ਤੋਂ 40 ਸਾਲ ਪਹਿਲਾਂ ਦੀਆਂ ਪਈਆਂ ਹੋਈਆਂ ਹਨ ਅਤੇ ਇਨ੍ਹਾਂ ਵਿੱਚ ਗੈਰਕਾਨੂੰਨੀ ਕੁਨੈਸ਼ਨ ਤੇ ਟੁੱਲੂ ਪੰਪ ਡਾਇਰੀਆ ਨੂੰ ਫੈਲਾਉਣ ਦਾ ਅਹਿਮ ਕੰਮ ਕਰਦੇ ਹਨ। ਆਦਿੱਤਿਆ ਡੇਚਲਵਾਲ ਨੇ ਅੱਗੇ ਦੱਸਿਆ ਕਿ ਪ੍ਰਭਾਵਤ ਇਲਾਕਿਆਂ ਵਿੱਚ ਤੁਰੰਤ ਪਾਣੀ ਦੀਆਂ ਪਾਇਪਾਂ ਦੀ ਮੁਰੰਮਤ ਕੀਤੀ ਗਈ। ਝਿੱਲ 'ਚ 4, ਨਾਭਾ ਰੋਡ ਭਾਰਤ ਨਗਰ 'ਚ 1, ਨਿਊ ਮਹਿੰਦਰਾ ਕਲੋਨੀ ਵਿੱਚ 3, ਨਿਊ ਯਾਦਵਿੰਦਰਾ ਕਲੋਨੀ ਵਿੱਚ 4 ਘਰੇਲੂ ਕੁਨੈਸ਼ਨਾਂ ਵਿੱਚ ਪਾਣੀ ਲੀਕੇਜ ਤੇ ਗੰਧਲੇ ਹੋਣ ਦੀ ਸਮੱਸਿਆ ਹੱਲ ਕੀਤੀ ਗਈ। ਟੁੱਟੀ ਹੋਈ ਸੀ ਤੇ ਸੀਵਰੇਜ ਕੁਨੈਸ਼ਨ ਦੀ ਲੀਕੇਜ ਦੀ ਉਹ ਵੀ ਤੁਰੰਤ ਠੀਕ ਕੀਤੀ ਗਈ। ਸ਼ਹਿਰ ਵਿੱਚ ਨਗਰ ਨਿਗਮ ਦੀ ਸਿਹਤ ਟੀਮ ਨੇ 1500 ਘਰਾਂ ਦਾ ਸਰਵੇ ਕੀਤਾ ਤੇ 122 ਘਰਾਂ ਵਿੱਚ ਗੰਧਲੇ ਪਾਣੀ ਦੀ ਸਮੱਸਿਆ ਦੀ ਸ਼ਿਕਾਇਤ ਆਈ ਤੇ ਇਸ ਨੂੰ ਠੀਕ ਕਰਵਾ ਦਿੱਤਾ ਗਿਆ। ਇਸ ਦੇ ਨਾਲ ਹੀ ਓ.ਆਰ.ਐਸ. ਦੇ ਪੈਕੇਟ ਵੀ ਵੰਡੇ ਜਾ ਰਹੇ ਹਨ। ਜਦਕਿ ਲੋਕਾਂ ਦੀ ਜਾਗਰੂਕਤਾ ਲਈ ਸ਼ਹਿਰ ਵਿੱਚ ਫਲੈਕਸ ਬੋਰਡ ਵੀ ਲਗਾਏ ਗਏ ਹਨ।
Related Post
Popular News
Hot Categories
Subscribe To Our Newsletter
No spam, notifications only about new products, updates.