
ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਬਟਰਿਆਣਾ ਵਿਖੇ ਖੇਡ ਪਾਰਕ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ
- by Jasbeer Singh
- September 24, 2024

ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਬਟਰਿਆਣਾ ਵਿਖੇ ਖੇਡ ਪਾਰਕ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ 30 ਲੱਖ ਦੀ ਲਾਗਤ ਨਾਲ ਬਣਨ ਵਾਲੇ ਖੇਡ ਪਾਰਕ ਵਿੱਚ 400 ਮੀਟਰ ਟਰੈਕ ਦੀ ਵੀ ਹੋਵੇਗੀ ਸੁਵਿਧਾ ਭਵਾਨੀਗੜ੍ਹ, 24 ਸਤੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਦਿੱਤੇ ਸੱਦੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਵਿਧਾਨ ਸਭਾ ਹਲਕਾ ਸੰਗਰੂਰ ਦੇ ਪਿੰਡਾਂ ਵਿੱਚ ਖੇਡ ਪਾਰਕਾਂ ਦੇ ਨਿਰਮਾਣ ਲਈ ਪਹਿਲ ਕਦਮੀ ਨੂੰ ਹੋਰ ਤੇਜ਼ ਕਰ ਦਿੱਤਾ ਹੈ । ਪਿੰਡ ਬਟਰਿਆਣਾ ਵਿਖੇ ਲਗਭਗ 30 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਅਜਿਹੇ ਹੀ ਇੱਕ ਖੇਡ ਪਾਰਕ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਦੇ ਹੋਏ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਪਿੰਡਾਂ ਵਿੱਚ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਖੇਡਾਂ ਨਾਲ ਜੋੜਨ ਲਈ ਅਸੀਂ ਨਿਰੰਤਰ ਜਮੀਨੀ ਪੱਧਰ ਤੇ ਉਪਰਾਲੇ ਕਰ ਰਹੇ ਹਾਂ ਅਤੇ ਪਿੰਡਾਂ ਵਿੱਚੋਂ ਫੀਡਬੈਕ ਲੈਂਦੇ ਹੋਏ ਲੜੀਵਾਰ ਢੰਗ ਨਾਲ ਅਜਿਹੇ ਪਿੰਡਾਂ ਦੀ ਚੋਣ ਕਰ ਰਹੇ ਹਾਂ ਜਿੱਥੇ ਕਿ ਖੇਡ ਪਾਰਕਾਂ ਦਾ ਨਿਰਮਾਣ ਕਰਵਾ ਕੇ ਭਵਿੱਖ ਵਿੱਚ ਪਿੰਡਾਂ ਚੋਂ ਖੇਡ ਹੀਰਿਆਂ ਦੀ ਤਲਾਸ਼ ਕੀਤੀ ਜਾ ਸਕੇ ਅਤੇ ਉਹਨਾਂ ਨੂੰ ਮਿਆਰੀ ਖੇਡ ਮੰਚ ਮੁਹਈਆ ਕਰਵਾਇਆ ਜਾ ਸਕੇ। ਉਹਨਾਂ ਕਿਹਾ ਕਿ ਸਾਡੇ ਬੱਚਿਆਂ, ਨੌਜਵਾਨਾਂ ਸਮੇਤ ਹਰ ਉਮਰ ਵਰਗ ਦੇ ਲੋਕਾਂ ਵਿੱਚ ਖੇਡਾਂ ਪ੍ਰਤੀ ਬਹੁਤ ਦਿਲਚਸਪੀ ਪੈਦਾ ਹੋ ਚੁੱਕੀ ਹੈ ਅਤੇ ਇਸੇ ਦਿਲਚਸਪੀ ਨੂੰ ਹੋਰ ਉਤਸ਼ਾਹਿਤ ਕਰਨ ਲਈ ਪਿੰਡਾਂ ਵਿੱਚ ਖੇਡ ਪਾਰਕ ਬਣਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਸ ਪਾਰਕ ਵਿੱਚ 400 ਮੀਟਰ ਟਰੈਕ ਵੀ ਤਿਆਰ ਕੀਤਾ ਜਾਵੇਗਾ ਜਿਸ ਦਾ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੱਸਦੇ ਖੇਡ ਪ੍ਰੇਮੀਆਂ ਨੂੰ ਵੀ ਫਾਇਦਾ ਹੋਵੇਗਾ। ਉਹਨਾਂ ਦੱਸਿਆ ਕਿ ਇਹ ਪਾਰਕ, ਮਨਰੇਗਾ ਸਕੀਮ ਦੀ ਕਨਵਰਜੇਂਸ ਨਾਲ ਤਿਆਰ ਹੋਵੇਗਾ ਅਤੇ ਹਰਿਆਲੀ ਭਰਪੂਰ ਚੋਗਿਰਦਾ ਸਿਰਜਿਆ ਜਾਵੇਗਾ ਤਾਂ ਜੋ ਲੋਕ ਇਸ ਰਾਹੀਂ ਕੁਦਰਤ ਦਾ ਆਨੰਦ ਮਾਣ ਸਕਣ । ਇਸ ਮੌਕੇ ਉਹਨਾਂ ਨਾਲ ਪੰਚਾਇਤੀ ਰਾਜ ਵਿਭਾਗ ਦੇ ਐਸਡੀਓ ਦਵਿੰਦਰ ਸਿੰਘ ਵੀ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.