
ਦਿਹਾਤੀ ਖੇਤਰਾਂ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਮੋਬਾਈਲ ਮੈਡੀਕਲ ਬੱਸ ਸੇਵਾ
- by Jasbeer Singh
- June 18, 2025

ਦਿਹਾਤੀ ਖੇਤਰਾਂ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਮੋਬਾਈਲ ਮੈਡੀਕਲ ਬੱਸ ਸੇਵਾ *ਮੋਬਾਈਲ ਬੱਸ 'ਚ ਮੁਫ਼ਤ ਈ.ਸੀ.ਜੀ, ਲੈਬ ਟੈਸਟ ਦੀ ਸੁਵਿਧਾ ਉਪਲਬਧ *ਬਲਾਕ ਲੌਂਗੋਵਾਲ ਦੇ ਪਿੰਡਾਂ ਵਿੱਚ 30 ਜੂਨ ਤਕ ਜਾਵੇਗੀ ਮੋਬਾਈਲ ਮੈਡੀਕਲ ਬੱਸ *ਲੋਕਾਂ ਨੂੰ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਸੰਗਰੂਰ, 18 ਜੂਨ: ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਰਾਜ ਸਰਕਾਰ ਵੱਲੋਂ ਵਿਆਪਕ ਉਪਰਾਲੇ ਕਰਦਿਆਂ ਜਿਥੇ ਸਿਹਤ ਦੇ ਖੇਤਰ ਵਿੱਚ ਮਹੱਤਵਪੂਰਨ ਭਲਾਈ ਸਕੀਮਾਂ ਨੂੰ ਸਫ਼ਲਤਾ ਨਾਲ ਲਾਗੂ ਕੀਤਾ ਜਾ ਰਿਹਾ ਹੈ, ਉਥੇ ਹੀ ਪਿੰਡਾਂ ਦੇ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨਜ਼ਦੀਕ ਹੀ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੰਜੈ ਕਾਮਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਮੋਬਾਈਲ ਮੈਡੀਕਲ ਬੱਸ ਚਲਾਈ ਜਾ ਰਹੀ ਹੈ ਜਿਸ 'ਤੇ ਤਾਇਨਾਤ ਸਟਾਫ ਵੱਲੋਂ ਪਿੰਡਾਂ ਦੇ ਦੌਰੇ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮੈਡੀਕਲ ਸੁਵਿਧਾ ਰਾਹੀਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦੇਣ ਦੇ ਨਾਲ-ਨਾਲ ਈ.ਸੀ.ਜੀ, ਲੈਬ ਟੈਸਟ ਆਦਿ ਵੀ ਮੌਕੇ 'ਤੇ ਮੁਫ਼ਤ ਕੀਤੇ ਜਾਂਦੇ ਹਨ। ਇਸ ਮੈਡੀਕਲ ਬੱਸ ਰਾਹੀਂ ਲੋੜਵੰਦਾਂ ਤੱਕ ਪਹੁੰਚ ਕਰ ਕੇ ਸਿਹਤ ਸੇਵਾਵਾਂ ਦੇਣ ਨਾਲ ਜ਼ਿਲ੍ਹੇ ਦੇ ਦੂਰ-ਦੂਰਾਜ ਖੇਤਰਾਂ ਦੇ ਲੋਕਾਂ ਨੂੰ ਵੱਡਾ ਲਾਭ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ਵਿੱਚ ਰਹਿੰਦੇ ਬਜ਼ੁਰਗ, ਦਿਵਿਆਂਗ, ਬੱਚੇ ਅਤੇ ਹੋਰ ਲੋੜਵੰਦ ਵਿਅਕਤੀ ਜਿਹੜੇ ਹਸਪਤਾਲ ਤੱਕ ਦਵਾਈ ਲੈਣ ਲਈ ਨਹੀਂ ਪਹੁੰਚ ਸਕਦੇ, ਅਜਿਹੇ ਮਰੀਜ਼ਾਂ ਨੂੰ ਦਵਾਈ ਪਹੁੰਚਾਉਣ ਲਈ ਇਹ ਬੱਸ ਲਾਹੇਵੰਦ ਸਾਬਿਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੈਡੀਕਲ ਬੱਸ ਰਾਹੀਂ ਮਰੀਜ਼ਾਂ ਨੂੰ ਰੋਗ ਮੁਕਤ ਕਰਨ ਲਈ ਮੁਫਤ ਦਵਾਈ ਵੀ ਦਿੱਤੀ ਜਾਂਦੀ ਹੈ। ਮੋਬਾਈਲ ਮੈਡੀਕਲ ਬੱਸ ਸੇਵਾ ਦਿਹਾਤੀ ਖੇਤਰ ਦੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਪੰਜਾਬ ਸਰਕਾਰ ਦਾ ਸਿਹਤ ਵਿਭਾਗ ਜਿਥੇ ਸਾਰੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਂਦਾ ਹੈ, ਉਥੇ ਸਿਹਤ ਵਿਭਾਗ ਦੇ ਮੋਬਾਇਲ ਮੈਡੀਕਲ ਯੂਨਿਟ ਵੱਲੋਂ ਗਜ਼ਟਿਡ ਛੁੱਟੀਆਂ ਵਾਲੇ ਦਿਨ ਛੱਡ ਕੇ ਪੇਂਡੂ ਵਸਨੀਕਾਂ ਨੂੰ ਰੋਜ਼ਾਨਾਂ ਸਿਹਤ ਸਹੂਲਤਾਂ ਦਿਤੀਆਂ ਜਾਂਦੀਆਂ ਹਨ। ਇਸ ਮੋਬਾਈਲ ਮੈਡੀਕਲ ਯੂਨਿਟ ਵੱਲੋਂ ਬਲਾਕ ਲੌਂਗੋਵਾਲ ਦੇ ਪਿੰਡ ਬਡਰੁੱਖਾਂ ਵਿਖੇ 19 ਜੂਨ, ਬਹਾਦਰਪੁਰ ਵਿਖੇ 20 ਜੂਨ, ਰੂਪਾ ਹੇੜੀ ਵਿਖੇ 21 ਜੂਨ, ਉਭਾਵਾਲ ਵਿਖੇ 23 ਜੂਨ, ਲਿੱਦੜਾਂ ਵਿਖੇ 24 ਜੂਨ, ਭੰਮਾਵੱਦੀ ਵਿਖੇ 25 ਜੂਨ, ਕੰਮੋਮਾਜਰਾ ਵਿਖੇ 26 ਜੂਨ, ਦੁੱਗਾਂ ਵਿਖੇ 27 ਜੂਨ, ਬਿਰਧ ਆਸ਼ਰਮ ਮਸਤੂਆਣਾ ਸਾਹਿਬ ਅਤੇ ਬਹਾਦਰਪੁਰ ਵਿਖੇ 28 ਜੂਨ ਅਤੇ ਖੁਰਾਨਾ ਵਿਖੇ 30 ਜੂਨ ਨੂੰ ਜਾ ਕੇ ਉਥੋਂ ਦੇ ਵਸਨੀਕਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ।
Related Post
Popular News
Hot Categories
Subscribe To Our Newsletter
No spam, notifications only about new products, updates.