post

Jasbeer Singh

(Chief Editor)

Punjab

‘ਸੰਗੀਤ’ ਸੱਭਿਆਚਾਰਾਂ ਅਤੇ ਸੱਭਿਅਤਾਵਾਂ ਨੂੰ ਅੱਗੇ ਤੋਰਦਾ ਹੈੈ : ਗੁਲਾਬ ਚੰਦ ਕਟਾਰੀਆ

post-img

‘ਸੰਗੀਤ’ ਸੱਭਿਆਚਾਰਾਂ ਅਤੇ ਸੱਭਿਅਤਾਵਾਂ ਨੂੰ ਅੱਗੇ ਤੋਰਦਾ ਹੈੈ : ਗੁਲਾਬ ਚੰਦ ਕਟਾਰੀਆ -ਪੰਜਾਬ ਰਾਜ ਭਵਨ ਵਿਖੇ ਹੋਏ ਸੱਭਿਆਚਾਰਕ ਸਮਾਗਮ ਨੇ ਪੰਜਾਬ ਅਤੇ ਕਜ਼ਾਕਿਸਤਾਨ ਦੇ ਸਬੰਧਾਂ ਨੂੰ ਕੀਤਾ ਮਜ਼ਬੂਤ ਸੈਰ-ਸਪਾਟਾ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੁਨੀਆ ਨੂੰ ਪੰਜਾਬ ਦੀ ਸ਼ਾਨਾਮੱਤੀ ਵਿਰਾਸਤ ਮਾਨਣ ਦਾ ਦਿੱਤਾ ਸੱਦਾ -ਵੱਕਾਰੀ ਇਤਿਹਾਸ, ਅਮੀਰ ਵਿਰਾਸਤ ਅਤੇ ਜੀਵੰਤ ਆਧੁਨਿਕਤਾ ਦਾ ਸੁਮੇਲ ਹੈ ਪੰਜਾਬ : ਸੌਂਦ ਚੰਡੀਗੜ੍ਹ : ਪੰਜਾਬ ਰਾਜ ਭਵਨ ਵਿਖੇ ਅੱਜ ਮਨਮੋਹਕ ਅਤੇ ਰੂਹਾਨੀ ਸੰਗੀਤਕ ਸ਼ਾਮ ਕਰਵਾਈ ਗਈ, ਜਿਸ ਨਾਲ ਪੂਰਾ ਰਾਜ ਭਵਨ ਪੰਜਾਬ ਅਤੇ ਕਜ਼ਾਕਿਸਤਾਨ ਦੇ ਸੱਭਿਆਚਾਰਕ ਅਤੇ ਸੰਗੀਤਕ ਮਾਹੌਲ ਨਾਲ ਗੂੰਜ ਉੱਠਿਆ । ਇਸ ਨੂੰ ਪੰਜਾਬ ਰਾਜ ਭਵਨ ਲਈ ਇੱਕ ਸੁਭਾਗਾ ਮੌਕਾ ਦੱਸਦਿਆਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ, ਪੰਜਾਬ ਵੱਲੋਂ ਉਲੀਕੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਕੀਤੇ ਗਏ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ । ਕਜ਼ਾਕਿਸਤਾਨ ਦੇ ਕਲਾਕਾਰਾਂ ਦਾ ਦਿਲੋਂ ਸਵਾਗਤ ਕਰਦੇ ਹੋਏ, ਰਾਜਪਾਲ ਨੇ ਕਿਹਾ ਕਿ ਸੰਗੀਤ ਹਮੇਸ਼ਾ ਰੂਹ ਨੂੰ ਖੁਸ਼ੀ ਦਿੰਦਾ ਹੈ ਅਤੇ ਇਹ ਭਾਸ਼ਾ ਦੀਆਂ ਰੁਕਾਵਟਾਂ ਨੂੰ ਉਲੰਘ ਕੇ ਸੱਭਿਆਚਾਰ ਅਤੇ ਸਭਿਅਤਾਵਾਂ ਨੂੰ ਅੱਗੇ ਤੋਰਨ ਦਾ ਇੱਕ ਵਧੀਆ ਜ਼ਰੀਆ ਹੈ । ਰਾਜਪਾਲ ਨੇ ਅੱਗੇ ਕਿਹਾ ਕਿ ਇਸ ਦਿਲਕਸ਼ ਸ਼ਾਮ ਨੇ ਪੰਜਾਬ ਅਤੇ ਕਜ਼ਾਕਿਸਤਾਨ ਵਿਚਕਾਰ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ । ਪੰਜਾਬ ਨੂੰ ਇੱਕ ਯੋਧਿਆਂ ਦੀ ਧਰਤੀ ਦੱਸਦਿਆਂ ਜਿੱਥੇ ਲਾਸਾਨੀ ਕੁਰਬਾਨੀਆਂ ਦਿੱਤੀਆਂ ਗਈਆਂ ਹਨ, ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਪੰਜਾਬ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਹਾਨ ਸੱਭਿਆਚਾਰਕ ਵਿਰਾਸਤ ਦਿੱਤੀ ਹੈ। ਪੰਜਾਬ ਵੱਲੋਂ ਕੌਮਾਂਤਰੀ ਮਿੱਤਰਤਾ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਲਈ ਕਰਵਾਏ ਅਹਿਮ ਸਮਾਗਮ ਦੌਰਾਨ ਕਜ਼ਾਕਿਸਤਾਨ ਤੋਂ ਆਈ ਸੱਭਿਆਚਾਰਕ ਮੰਡਲੀ ਦਾ ਭਰਵਾਂ ਸਵਾਗਤ ਕੀਤਾ ਗਿਆ। ਇਹ ਸਮਾਗਮ ਪੰਜਾਬ ਦੀਆਂ ਸੈਰ-ਸਪਾਟਾ ਸਮਰੱਥਾਵਾਂ ਨੂੰ ਵਿਸ਼ਵ ਪੱਧਰ ’ਤੇ ਪੇਸ਼ ਕਰਕੇ ਅੰਤਰ-ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਪ੍ਰਤੀ ਪੰਜਾਬ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਸਬੰਧੀ ਰਾਜ ਭਵਨ, ਪੰਜਾਬ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੂਬੇ ਨੂੰ ਵਿਸ਼ਵ ਪੱਧਰ ‘ਤੇ ਸੈਰ-ਸਪਾਟਾ ਹੱਬ ਵਜੋਂ ਵਿਕਸਿਤ ਕਰਨ ਦੇ ਯਤਨਾਂ ’ਤੇ ਜ਼ੋਰ ਦਿੱਤਾ । ਕੈਬਨਿਟ ਮੰਤਰੀ ਸੌਂਦ ਨੇ ਦੁਨੀਆ ਭਰ ਦੇ ਲੋਕਾਂ ਨੂੰ ਪੰਜਾਬ ਦੀ ਸੁੰਦਰਤਾ, ਵਿਭਿੰਨਤਾ ਅਤੇ ਅਮੀਰ ਸੱਭਿਆਚਾਰਕ ਵਿਰਾਸਤ ਦਾ ਆਨੰਦ ਮਾਨਣ ਦਾ ਸੱਦਾ ਦਿੱਤਾ । ਉਨ੍ਹਾਂ ਸੱਭਿਆਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਕੇ ਪੰਜਾਬ ਦੀ ਸੈਰ-ਸਪਾਟਾ ਸੰਭਾਵਨਾ ਵਿੱਚ ਹੋਰ ਵਾਧਾ ਕਰਨ ਅਤੇ ਇੱਕ ਅਜਿਹਾ ਭਵਿੱਖ ਸਿਰਜਣ ‘ਤੇ ਜ਼ੋਰ ਦਿੱਤਾ ਜਿੱਥੇ ਵਿਸ਼ਵ ਪੱਧਰ ‘ਤੇ ਆਪਸੀ ਮਿੱਤਰਤਾ ਪ੍ਰਫੁੱਲਤ ਹੋਵੇ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਆਪਣੇ ਸੈਰ ਸਪਾਟਾ ਖੇਤਰ ਨੂੰ ਹੁਲਾਰਾ ਦੇਣ ਅਤੇ ਵਿਸ਼ਵ ਭਰ ਦੇ ਸੈਲਾਨੀਆਂ ਨੂੰ ਪੰਜਾਬ ਵੱਲ ਆਕਰਸ਼ਿਤ ਕਰਨ ਲਈ ਅਹਿਮ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਇਹਨਾਂ ਪਹਿਲਕਦਮੀਆਂ ਵਿੱਚ ਨਿਰਵਿਘਨ ਅਤੇ ਆਰਾਮਦਾਇਕ ਯਾਤਰਾ ਦੇ ਅਨੁਭਵ ਨੂੰ ਯਕੀਨੀ ਬਣਾਉਣ ਲਈ ਬੁਨਿਆਦੀ ਢਾਂਚੇ ਦਾ ਵਿਕਾਸ, ਬਿਹਤਰ ਕੁਨੈਕਟੀਵਿਟੀ, ਪੁਖਤਾ ਸੁਰੱਖਿਆ ਉਪਾਅ ਅਤੇ ਵਿਸ਼ਵ ਪੱਧਰੀ ਪ੍ਰਾਹੁਣਚਾਰੀ ਸੇਵਾਵਾਂ ਸ਼ਾਮਲ ਹਨ । ਪੰਜਾਬ ਸਰਕਾਰ ਦੀਆਂ ਇਹਨਾਂ ਯੋਜਨਾ ਵਿੱਚ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਿਰ, ਜਲ੍ਹਿਆਂ ਵਾਲਾ ਬਾਗ ਆਦਿ ਸਥਾਨਾਂ ਨੂੰ ਪ੍ਰਦਰਸ਼ਿਤ ਕਰਨ ਲਈ ਠੋਸ ਯਤਨਾਂ ਜ਼ਰੀਏ ਵਿਰਾਸਤੀ ਪ੍ਰੋਤਸਾਹਨ ਅਤੇ ਵਿਲੇਜ ਸੈਰ-ਸਪਾਟੇ ਰਾਹੀਂ ਪੰਜਾਬ ਦੇ ਹਰੇ-ਭਰੇ ਜਲਗਾਹਾਂ ਅਤੇ ਖੂਬਸੂਰਤ ਮੈਦਾਨਾਂ ਨੂੰ ਪ੍ਰਦਰਸ਼ਿਤ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਵਾਤਾਵਰਨ ਪੱਖੀ ਅਭਿਆਸਾਂ ਅਤੇ ਸਰਗਰਮ ਭਾਈਚਾਰਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਕੇ ਸੈਰ-ਸਪਾਟੇ ਨੂੰ ਸਥਾਈ ਤੌਰ ‘ਤੇ ਹੁਲਾਰਾ ਦੇਣ ਵੱਲ ਵੀ ਧਿਆਨ ਕੇਂਦਰਿਤ ਕੀਤਾ ਗਿਆ ਹੈ। ਸੌਂਦ ਨੇ ਭਰੋਸਾ ਜਤਾਇਆ ਕਿ ਇਹਨਾਂ ਪਹਿਲਕਦਮੀਆਂ ਸਦਕਾ ਪੰਜਾਬ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਲਈ ਤਰਜੀਹੀ ਸਥਾਨ ਵਜੋਂ ਉਭਰੇਗਾ ਜੋ ਜੀਵਿੰਤ ਵਿਰਾਸਤ ਦੇ ਨਾਲ ਨਾਲ ਅਧੁਨਿਕਤਾ ਦਾ ਸੁਮੇਲ ਪੇਸ਼ ਕਰਦਾ ਹੈ । ਕੈਬਨਿਟ ਮੰਤਰੀ ਨੇ ਪੰਜਾਬ ਦੀ ਅਮੀਰ ਵਿਰਾਸਤ ਦਾ ਆਨੰਦ ਮਾਨਣ ਲਈ ਕਜ਼ਾਕਿਸਤਾਨ ਦੇ ਲੋਕਾਂ ਦਾ ਨਿੱਘਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਇਸ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਸੰਗੀਤ, ਨ੍ਰਿਤ ਅਤੇ ਕਲਾ ਵਰਗੀਆਂ ਵੰਨਗੀਆਂ ਸਾਰੀਆਂ ਸਰਹੱਦਾਂ ਦੇ ਪਾੜੇ ਨੂੰ ਦੂਰ ਕਰਕੇ ਕਲਾਤਮਕ ਅਤੇ ਸਦਭਾਵਨਾ ਦੇ ਸਾਂਝੇ ਜਸ਼ਨਾਂ ਰਾਹੀਂ ਮਨੁੱਖਤਾ ਨੂੰ ਇੱਕਜੁੱਟ ਕਰਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਧਰਤੀ ਜੀਵੰਤ ਸੱਭਿਆਚਾਰ ਅਤੇ ਸਦੀਵੀ ਵਿਰਾਸਤ ਦਾ ਸੁਮੇਲ ਹੈ, ਜੋ ਲੰਬੇ ਸਮੇਂ ਤੋਂ ਭਾਰਤੀ ਸਭਿਅਤਾ ਲਈ ਚਾਨਣ ਮੁਨਾਰਾ ਰਿਹਾ ਹੈ। ਪੰਜਾਬ ਆਪਣੇ ਰੂਹਾਨੀ ਸੰਗੀਤ, ਭੰਗੜੇ ਅਤੇ ਗਿੱਧੇ ਵਰਗੇ ਤਾਲਬੱਧ ਨਾਚਾਂ ਲਈ ਅਤੇ ਸੁਆਦਲੇ ਪਕਵਾਨਾਂ ਲਈ ਵਿਸ਼ਵ ਪੱਧਰ ’ਤੇ ਜਾਣਿਆ ਜਾਂਦਾ ਹੈ ਅਤੇ ਇਸ ਵਿਲੱਖਤਾ ਨਾਲ ਇਹ ਇੱਥੇ ਆਉਣ ਵਾਲੇ ਹਰੇਕ ਸੈਲਾਨੀ ਨੂੰ ਅਨੋਖਾ ਅਤੇ ਕਦੇ ਨਾ ਭੁਲਣ ਵਾਲਾ ਸੱਭਿਆਚਾਰਕ ਅਨੁਭਵ ਪ੍ਰਦਾਨ ਕਰਦਾ ਹੈ। ਮੰਤਰੀ ਨੇ ਕਿਹਾ ਕਿ ਸਰੋਂ ਦਾ ਸਾਗ, ਮੱਕੀ ਦੀ ਰੋਟੀ ਅਤੇ ਲੱਸੀ ਵਰਗੇ ਪ੍ਰਸਿੱਧ ਪਕਵਾਨ ਪੰਜਾਬ ਦੇ ਨਿੱਘ ਅਤੇ ਪਰਾਹੁਣਚਾਰੀ ਦਾ ਅਨਿੱਖੜਵਾਂ ਅੰਗ ਬਣ ਗਏ ਹਨ । ਸੌਂਦ ਨੇ ਕਿਹਾ ਕਿ ਪੰਜਾਬ ਸੈਲਾਨੀਆਂ ਲਈ ਸਿਰਫ਼ ਇੱਕ ਸੈਰ-ਸਪਾਟਾ ਕੇਂਦਰ ਹੀ ਨਹੀਂ ਹੈ ਸਗੋਂ ਇਹ ਇੱਕ ਅਜਿਹਾ ਅਨੁਭਵ ਹੈ ਜਿੱਥੇ ਇਤਿਹਾਸ, ਜੀਵਿੰਤ ਸਭਿਆਚਾਰ, ਅਮੀਰ ਵਿਰਾਸਤ ਅਤੇ ਆਧੁਨਿਕਤਾ ਦਾ ਸੁਮੇਲ ਮਿਲਦਾ ਹੈ। ਕਜ਼ਾਕਿਸਤਾਨ ਨਾਲ ਕਰਵਾਇਆ ਇਹ ਸੱਭਿਆਚਾਰਕ ਅਦਾਨ-ਪ੍ਰਦਾਨ ਸਮਾਗਮ ਪਰੰਪਰਾਵਾਂ, ਕਲਾ ਅਤੇ ਪਰਿਵਾਰਕ ਕਦਰਾਂ-ਕੀਮਤਾਂ ਲਈ ਦੋਵਾਂ ਖੇਤਰਾਂ ਦਰਮਿਆਨ ਸਾਂਝ ਨੂੰ ਉਜਾਗਰ ਕਰਦਾ ਹੈ। ਇਹ ਸਮਾਗਮ ਸਿਰਫ਼ ਕਲਾ ਅਤੇ ਸੱਭਿਆਚਾਰ ਦਾ ਅਦਾਨ-ਪ੍ਰਦਾਨ ਹੀ ਨਹੀਂ ਹੈ, ਸਗੋਂ ਦੋਵੇਂ ਦੇਸ਼ਾਂ ਦਰਮਿਆਨ ਵਿਸ਼ਵ-ਵਿਆਪੀ ਸਦਭਾਵਨਾ ਅਤੇ ਆਪਸੀ ਸਨਮਾਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਸਰਹੱਦਾਂ ਦੇ ਪਾੜੇ ਨੂੰ ਦੂਰ ਕਰਨ ਅਤੇ ਵਿਸ਼ਵ-ਵਿਆਪੀ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਸਬੰਧੀ ਪੰਜਾਬ ਦੇ ਦ੍ਰਿਸ਼ਟੀਕੋਣ ਨੂੰ ਪੇਸ਼ ਕਰਦਾ ਹੈ । ਮੰਤਰੀ ਨੇ ਕਿਹਾ ਕਿ ਇਸ ਸਮਾਗਮ ਵਿੱਚ ਸਭਿਆਚਾਰਾਂ ਦਾ ਮਨਮੋਹਕ ਮੇਲ-ਮਿਲਾਪ ਦੇਖਿਆ ਗਿਆ। ਇਸ ਦੌਰਾਨ ਕਜ਼ਾਖ ਕਲਾਕਾਰਾਂ ਨੇ ਆਪਣੇ ਮਨਮੋਹਕ ਪਰੰਪਰਾਗਤ ਨਾਚਾਂ ਅਤੇ ਰੂਹਾਨੀ ਸੰਗੀਤ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਸਾਰੇ ਦਰਸ਼ਕਾਂ ਦੇ ਦਿਲਾਂ ’ਤੇ ਅਮਿੱਟ ਛਾਪ ਛੱਡੀ। ਪੰਜਾਬ ਨੇ ਵੀ ਆਪਣੇ ਭੰਗੜੇ, ਗੱਤਕੇ ਅਤੇ ਹੋਰ ਰਵਾਇਤੀ ਨਾਚਾਂ ਦੇ ਜੋਸ਼ੀਲੇ ਪ੍ਰਦਰਸ਼ਨਾਂ ਰਾਹੀਂ ਪੰਜਾਬ ਦੀ ਜੀਵੰਤ ਵਿਰਾਸਤ ਨੂੰ ਪ੍ਰਦਰਸ਼ਿਤ ਕਰਦਿਆਂ ਮੰਚ ਨੂੰ ਪੂਰੇ ਜੋਸ਼ ਨਾਲ ਭਰ ਦਿੱਤਾ ਅਤੇ ਦਰਸ਼ਕਾਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ । ਪੰਜਾਬ ਦੇ ਮੁੱਖ ਸਕੱਤਰ ਕੇ. ਏ. ਪੀ. ਸਿਨਹਾ, ਚੰਡੀਗੜ੍ਹ ਦੇ ਮੁੱਖ ਸਕੱਤਰ ਰਾਜੀਵ ਵਰਮਾ, ਰਾਜਪਾਲ ਦੇ ਵਧੀਕ ਮੁੱਖ ਸਕੱਤਰ ਕੇ. ਸਿਵਾ ਪ੍ਰਸਾਦ, ਸਕੱਤਰ ਸੈਰ ਸਪਾਟਾ ਮਾਲਵਿੰਦਰ ਸਿੰਘ ਜੱਗੀ ਅਤੇ ਡਾਇਰੈਕਟਰ ਅੰਮ੍ਰਿਤ ਸਿੰਘ ਅਤੇ ਹੋਰ ਉੱਚ ਅਧਿਕਾਰੀਆਂ ਦੀ ਮੌਜੂਦਗੀ ਨੇ ਇਸ ਸ਼ਾਮ ਨੂੰ ਹੋਰ ਯਾਦਗਾਰੀ ਬਣਾ ਦਿੱਤਾ ।

Related Post