

ਐਨ. ਆਈ. ਏ. ਦੀਆਂ ਛਾਪੇਮਾਰੀਆਂ ਵਿਰੁੱਧ ਚੰਡੀਗੜ੍ਹ ਵਿੱਚ ਰੋਸ ਵਿਖਾਵਾ ਚੰਡੀਗੜ੍ਹ : ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਚੰਡੀਗੜ੍ਹ-ਮੋਹਾਲੀ ਇਕਾਈ ਨੇ ਸੈਕਟਰ 17 ਵਿੱਚ ਰੋਸ ਮੁਜਾਹਰਾ ਕਰਕੇ ਐਨ ਆਈ ਏ ਵੱਲੋਂ ਬੀਤੇ ਦਿਨ ਪੰਜਾਬ, ਹਰਿਆਣਾ, ਯੂਪੀ ਅਤੇ ਦਿੱਲੀ ਵਿੱਚ ਜਮਹੂਰੀ ਕਾਰਕੁਨਾਂ, ਵਕੀਲਾਂ ਅਤੇ ਕਿਸਾਨ ਕਾਰਕੁਨਾਂ ਦੇ ਠਿਕਾਣਿਆਂ ਉੱਪਰ ਕੀਤੀ ਛਾਪੇਮਾਰੀ ਦਾ ਵਿਰੋਧ ਕਰਦਿਆਂ ਪ੍ਰਦਰਸ਼ਨ ਕੀਤਾ, ਜਿਸ ਵਿਚ ਸ਼ਹਿਰ ਦੀਆਂ ਵਿਦਿਆਰਥੀ, ਨੌਜਵਾਨ, ਕਿਸਾਨ, ਜਮਹੂਰੀ ਜਥੇਬੰਦੀਆਂ ਦੇ ਆਗੂਆਂ ਸਮੇਤ ਆਮ ਨਾਗਰਿਕਾਂ, ਮੁਲਾਜ਼ਮਾਂ ਅਤੇ ਬੁੱਧੀਜੀਵੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਸਭਾ ਦੇ ਆਗੂਆਂ ਨੇ ਆਖਿਆ ਕਿ ਐਨ.ਆਈ.ਏ ਕੇਂਦਰ ਸਰਕਾਰ ਦੇ ਇਸ਼ਾਰਿਆਂ `ਤੇ ਕੰਮ ਕਰਨ ਵਾਲੀ ਇੱਕ ਕੱਠਪੁਤਲੀ ਏਜੰਸੀ ਹੈ। ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਦੇ ਸਮੇਂ ਤੋਂ ਲੈਕੇ ਭਾਜਪਾ ਸਰਕਾਰ ਤੱਕ ਐਨ.ਆਈ.ਏ ਨੂੰ ਲਗਾਤਾਰ ਅੰਨ੍ਹੀਆਂ ਤਾਕਤਾਂ ਦੇਕੇ ਬੇਲਗਾਮ ਬਣਾਇਆ ਗਿਆ ਹੈ। ਇਸ ਕੋਲ ਕਿਸੇ ਸੂਬਾ ਸਰਕਾਰ ਜਾਂ ਪੁਲਸ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਿਨਾਂ ਦੇਸ਼ ਭਰ ਵਿੱਚ ਕਾਰਵਾਈਆਂ ਕਰਨ ਦੇ ਅਧਿਕਾਰ ਦਿੱਤੇ ਗਏ ਹਨ। ਇਸਦੀ ਵਰਤੋਂ ਵੀ ਲਗਾਤਾਰ ਯੂਏਪੀਏ ਵਰਗੇ ਝੂਠੇ ਪਰਚੇ ਪਾਕੇ ਬਿਨਾਂ ਕਿਸੇ ਅਪੀਲ, ਦਲੀਲ ਤੇ ਵਕੀਲ ਤੋਂ ਸਾਲਾਂ ਬੱਧੀ ਲੋਕ ਪੱਖੀ ਬੁੱਧੀਜੀਵੀਆਂ ਅਤੇ ਸਮਾਜਕ ਕਾਰਕੁਨਾਂ ਨੂੰ ਜੇਲ੍ਹਾਂ ਵਿੱਚ ਸੁੱਟਣ ਲਈ ਵਰਤਿਆ ਜਾ ਰਿਹਾ ਹੈ। ਹੁਣ ਪੰਜਾਬ ਵਿੱਚ ਮੋਹਾਲੀ ਵਿਖੇ ਐਡਵੋਕੇਟ ਮਨਦੀਪ, ਐਡਵੋਕੇਟ ਅਜੇ ਕੁਮਾਰ ਅਤੇ ਰਾਮਪੁਰਾ ਵਿਖੇ ਬੀਕੇਯੂ (ਕ੍ਰਾਂਤੀਕਾਰੀ) ਦੀ ਜਨਰਲ ਸਕੱਤਰ ਸੁਖਵਿੰਦਰ ਕੌਰ ਉੱਪਰ ਛਾਪੇਮਾਰੀ ਵੀ ਇਸੇ ਤਰਾਂ ਯੂਪੀ ਵਿੱਚ ਇੱਕ ਸਾਲ ਪੁਰਾਣੀ ਅਤੇ ਸਾਜਿਸ਼ੀ ਐਫ.ਆਈ.ਆਰ ਵਿੱਚ ਇਹਨਾਂ ਕਾਰਕੁਨਾਂ ਨੂੰ ਅੱਤਵਾਦੀ ਕਾਰਵਾਈਆਂ ਵਿੱਚ ਨਾਮਜ਼ਦ ਕਰਨ ਲਈ ਕੀਤਾ ਗਿਆ ਹੈ। ਐਡਵੋਕੇਟ ਅਜੇ ਕੁਮਾਰ ਨੂੰ ਗ੍ਰਿਫਤਾਰ ਕਰਕੇ ਯੂਪੀ ਲਜਾਇਆ ਗਿਆ ਹੈ।