
ਪਤਨੀ ਦਾ ਇਲਾਜ ਕਰਵਾਉਣ ਰਾਜਿੰਦਰਾ ਹਸਪਤਾਲ ਪੁੱਜੇ ਨਵਜੋਤ ਸਿੱਧੂ, ਰੈਡੀਏਸ਼ਨ ਥੈਰੇਪੀ ਲਈ ਡਾਕਟਰਾਂ ਨਾਲ ਕੀਤਾ ਸਲਾਹ-ਮਸ਼ਵਰਾ
- by Aaksh News
- May 17, 2024

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਪ੍ਰਸਿੱਧ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦਾ ਇਲਾਜ ਸਰਕਾਰੀ ਰਾਜਿੰਦਰਾ ਹਸਪਤਾਲ ਤੋਂ ਸ਼ੁਰੂ ਕਰਵਾਇਆ ਹੈ। ਇਸ ਸਬੰਧੀ ਸਿੱਧੂ ਨੇ ਇੰਟਰਨੈਟ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵੀਰਵਾਰ ਨੂੰ ਉਨ੍ਹਾਂ ਪਤਨੀ ਦੀ ਰੈਡੀਏਸ਼ਨ ਥੈਰੇਪੀ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਦਾ ਦੌਰਾ ਕਰਦਿਆਂ ਮਾਹਰ ਡਾਕਟਰਾਂ ਨਾਲ ਸਲਾਹ-ਮਸ਼ਵਰਾ ਕੀਤਾ। ਉਨ੍ਹਾਂ ਕਿਹਾ ਕਿ ‘ਟਰੂ ਬੀਮ’ ਕੋ ਵੇਰੀਅਨ ਦੀ ਅਤਿ-ਆਧੁਨਿਕ ਮਸ਼ੀਨ ਜੋ ਸਲੋਨ ਕੈਟਰਿੰਗ ਇੰਸਟੀਚਿਊਟ ਮੈਨਹਟਨ ਵਿਖੇ ਉਪਲਬਧ ਸੀ, 2015 ਵਿਚ ਟਾਟਾ ਮੈਮੋਰੀਅਲ ਸੰਸਥਾ ਨਾਲ ਹੋਏ ਸਮਝੌਤੇ ਤਹਿਤ 2017 ਤੋਂ ਰਾਜਿੰਦਰਾ ਹਸਪਤਾਲ ’ਚ ਉਪਲੱਬਧ ਹੋ ਗਈ ਸੀ। ਇਹ ਵੇਖ ਕੇ ਦਿਲ ਨੂੰ ਬਹੁਤ ਸਕੂਨ ਮਿਲਿਆ ਕਿ ਇਹ ਅਤਿ-ਆਧੁਨਿਕ ਮਸ਼ੀਨ ਰਾਜਿੰਦਰਾ ਹਸਪਤਾਲ ਅਤੇ ਅੰਮ੍ਰਿਤਸਰ ਵਿਚ ਵੀ ਆਮ ਲੋਕਾਂ ਲਈ ਮੁਫਤ ਉਪਲੱਬਧ ਹੋ ਗਈ ਹੈ। ਉਨ੍ਹਾਂ ਕਿਹਾ ਕਿ ਡਾ. ਰਾਜਾ ਬੈਨੀਪਾਲ, ਡਾ. ਅੰਸ਼ੂਮਲ ਬਾਂਸਲ ਤੇ ਡਾ. ਵਿਨੋਦ ਡਾਂਗਵਾਲ ਦੀਆਂ ਸੇਵਾਵਾਂ ਲਈਆਂ ਹਨ, ਜਿਨ੍ਹਾਂ ਕਿਹਾ ਹੈ ਕਿ ਅੱਧਾ ਇੰਚ ਡੂੰਘਾ ਜ਼ਖ਼ਮ ਇਕ ਹਫ਼ਤੇ ਵਿਚ ਠੀਕ ਹੋ ਜਾਵੇਗਾ ਤੇ ਇਸ ਤੋਂ ਬਾਅਦ ਰੈਡੀਏਸ਼ਨ ਪਟਿਆਲਾ ਵਿਖੇ ਹੀ ਸ਼ੁਰੂ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਨਵਜੋਤ ਕੌਰ ਸਿੱਧੂ ਪਿਛਲੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਹਨ ਜਿਨ੍ਹਾਂ ਦਾ ਪਹਿਲਾਂ ਹਰਿਆਣਾ ਦੇ ਕੁਰੂਕਸ਼ੇਤਰ ਦੇ ਹਸਪਤਾਲ ਤੋਂ ਇਲਾਜ ਚੱਲ ਰਿਹਾ ਸੀ, ਜਿੱਥੇ 5 ਅਪ੍ਰੈਲ ਨੂੰ ਉਨ੍ਹਾਂ ਦਾ ਓਪਰੇਸ਼ਨ ਵੀ ਹੋਇਆ ਸੀ।