
ਨਸ਼ਾ ਮੁਕਤੀ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਰਾਜ ਸਰਕਾਰ ਦੀ ਨਵੀਂ ਪਹਿਲਕਦਮੀ
- by Jasbeer Singh
- May 5, 2025

ਨਸ਼ਾ ਮੁਕਤੀ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਰਾਜ ਸਰਕਾਰ ਦੀ ਨਵੀਂ ਪਹਿਲਕਦਮੀ - ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਘਰ ਘਰ ਚਲਾ ਕੇ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਰੁਜ਼ਗਾਰ ਨਾਲ ਜੋੜਿਆ ਜਾਵੇਗਾ : ਵਿਧਾਇਕ ਗੁਰਲਾਲ ਘਨੌਰ ਘਨੌਰ, 5 ਮਈ : ਰਾਜ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਸਫ਼ਲ ਬਣਾਉਣ ਲਈ ਨਵੀਂ ਰਣਨੀਤੀ ਤੇ ਗੱਲਬਾਤ ਕਰਦੇ ਹੋਏ ਕਬੱਡੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਹਲਕਾ ਘਨੌਰ ਵਿੱਚ ਪਿੰਡ ਪੱਧਰ 'ਤੇ ਘਰ-ਘਰ ਤੱਕ ਨਸ਼ੇ ਵਿਰੁੱਧ ਯੁੱਧ ਸਰੂਪ ਮੁਹਿੰਮ ਲਿਜਾਇਆ ਜਾਵੇਗਾ ਤਾਂ ਜੋ ਹਰ ਇੱਕ ਨਾਗਰਿਕ ਤੱਕ ਇਸ ਸੰਦੇਸ਼ ਨੂੰ ਪਹੁੰਚਾਇਆ ਜਾ ਸਕੇ । ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਟੀਚਾ ਮਿੱਥਿਆ ਹੈ । ਉਨ੍ਹਾਂ ਕਿਹਾ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸੂਬਾ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਅਵਾਮ ਦੇ ਸਹਿਯੋਗ ਅਤੇ ਇਕਜੁੱਟਤਾ ਨਾਲ ਜਲਦੀ ਨੇਪਰੇ ਚਾੜ੍ਹਿਆ ਜਾ ਸਕਦਾ ਹੈ । ਵਿਧਾਇਕ ਗੁਰਲਾਲ ਘਨੌਰ ਨੇ ਇਸੇ ਸਬੰਧੀ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਨਾ ਕੇਵਲ ਨਸ਼ਿਆਂ ਦੀ ਲਤ ਵਿੱਚ ਫ਼ਸੇ ਹੋਏ ਵਿਅਕਤੀਆਂ ਨੂੰ ਬਚਾਉਣਾ ਹੈ, ਬਲਕਿ ਉਨ੍ਹਾਂ ਨੂੰ ਨਸ਼ਾ ਛੁਡਵਾ ਕੇ ਰੁਜ਼ਗਾਰ ਨਾਲ ਜੋੜ ਕੇ ਮੁੜ ਜੀਵਨ ਦੀ ਸਧਾਰਣ ਧਾਰਾ ਵਿੱਚ ਲਿਆਉਣਾ ਵੀ ਹੈ । ਗੁਰਲਾਲ ਘਨੌਰ ਨੇ ਕਿਹਾ ਕਿ ਮਾਨ ਸਰਕਾਰ ਦੀ ਉਕਤ ਮੁਹਿੰਮ ਦੇ ਮੱਦੇਨਜ਼ਰ ਹਲਕਾ ਘਨੌਰ ਦੇ ਹਰ ਪਿੰਡ ਅਤੇ ਵਾਰਡ ਵਿੱਚ ਨਸ਼ਾ ਮੁਕਤੀ ਕੈਂਪ ਲਗਾਏ ਜਾਣਗੇ । ਇਨ੍ਹਾਂ ਕੈਂਪਾਂ ਰਾਹੀਂ ਨਸ਼ਿਆਂ ਦੇ ਆਦੀ ਵਿਅਕਤੀਆਂ ਨੂੰ ਇਲਾਜ ਅਤੇ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ । ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਸਿਹਤ ਵਿਭਾਗ, ਪੁਲਸ ਅਤੇ ਸਥਾਨਕ ਪੰਚਾਇਤਾਂ ਦੀ ਸਾਂਝ ਨਾਲ 7 ਮਈ ਤੋਂ ਹਲਕਾ ਘਨੌਰ 'ਚ ਉਕਤ ਮੁਹਿੰਮ ਨੂੰ ਜਨਤਾ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਵੱਡੇ ਪੱਧਰ ਤੇ ਚਲਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਲੋਕਾਂ ਨੇ ਵੀ ਸਰਕਾਰ ਦੇ ਇਸ ਯਤਨ ਨਾਲ ਸਹਿਮਤੀ ਪ੍ਰਗਟਾਈ ਹੈ ਅਤੇ ਵੱਡੀ ਗਿਣਤੀ 'ਚ ਲੋਕ ਮੁਹਿੰਮ ਨਾਲ ਜੁੜ ਰਹੇ ਹਨ। ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਇਸ ਨਵੀਂ ਪਹਿਲ ਨਾਲ ਰਾਜ ਸਰਕਾਰ ਦਾ ਮਨੋਰਥ ਹੈ ਕਿ ਨਸ਼ਿਆਂ ਦੀ ਸਮੱਸਿਆ ਨੂੰ ਜੜ ਤੋਂ ਖਤਮ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਅਤੇ ਰੁਜ਼ਗਾਰ ਨਾਲ ਨੌਜਵਾਨਾਂ ਨੂੰ ਭਰਪੂਰ ਜੀਵਨ ਯੋਗ ਬਣਾਇਆ ਜਾਵੇਗਾ ।