ਸੇਵਾ ਕੇਂਦਰਾਂ ਵਿੱਚ ਮਾਲ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਦੀਆਂ ਨਵੀਆਂ ਸੇਵਾਵਾਂ ਸ਼ੁਰੂ - ਇੰਨਾਂ ਸੇਵਾਵਾਂ ਨੂੰ ਘਰ ਬੈਠੇ ਹੀ ਲੈਣ ਲਈ 1076 ਨੰਬਰ ਵੀ ਡਾਇਲ ਕਰ ਸਕਦੇ ਹਾਂ : ਡਿਪਟੀ ਕਮਿਸ਼ਨਰ ਸੰਗਰੂਰ, 18 ਜੂਨ : ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਈ-ਗਵਰਨੈਂਸ ਵਿਭਾਗ ਵੱਲੋਂ ਸੇਵਾ ਕੇਂਦਰਾਂ ਵਿੱਚ ਮਾਲ ਵਿਭਾਗ ਦੀਆਂ ਛੇ ਨਵੀਆਂ ਸੇਵਾਵਾਂ ਅਤੇ ਟਰਾਂਸਪੋਰਟ ਵਿਭਾਗ ਦੀਆਂ 29 ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਤਰ੍ਹਾਂ ਪੰਜਾਬ ਸਰਕਾਰ ਵੱਲੋ ਈ-ਗਵਰਨੈਂਸ ਵਿੱਚ ਲਗਾਤਾਰ ਤੇਜ਼ੀ ਨਾਲ ਕੰਮ ਕਰਦੇ ਹੋਏ ਸੇਵਾ ਕੇਂਦਰਾਂ ਵੱਲੋਂ ਦਿਤੀ ਜਾਣ ਵਾਲੀਆਂ ਸੇਵਾਵਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਮਾਲ ਵਿਭਾਗ ਸਬੰਧੀ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਲ ਵਿਭਾਗ ਦੀਆਂ ਛੇ ਨਵੀਆਂ ਸੇਵਾਵਾਂ ਸੇਵਾ ਕੇਂਦਰ ਰਾਹੀਂ ਲਈ ਜਾ ਸਕਦੀਆਂ ਹਨ। ਹੁਣ ਡਿਜੀਟਲ ਫਰਦ ਸੇਵਾ ਕੇਂਦਰਾ ਵਿੱਚੋਂ ਲਈ ਜਾ ਸਕਦੀ ਹੈ ਅਤੇ ਇਹ ਫਰਦ ਬਿਨੈਕਰਤਾ ਦੇ ਫੋਨ ਤੇ ਵਟਸਐਪ ਨੰਬਰ ਤੇ ਵੀ ਭੇਜੀ ਜਾਵੇਗੀ । ਇਸੇ ਤਰ੍ਹਾਂ ਦੂਜੀ ਸੇਵਾ ਵਿੱਚ ਵਿਰਾਸਤੀ ਇੰਤਕਾਲ ਲਈ ਸੇਵਾ ਕੇਂਦਰ ਵਿੱਚ ਅਰਜੀ ਦਿਤੀ ਜਾ ਸਕਦੀ ਹੈ, ਤੀਜੀ ਸੇਵਾ ਵਿੱਚ ਰਜਿਸਟਰਡ ਵਸੀਕੇ ਦੇ ਆਧਾਰ ਇੰਤਕਾਲ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ, ਚੌਥੀ ਸੇਵਾ ਵਿੱਚ ਫਰਦ ਬਦਰ ਦੀ ਐਂਟਰੀ ਕਰਵਾਈ ਜਾ ਸਕਦੀ ਹੈ, ਜਿਸ ਵਿੱਚ ਫਰਦ ਦੇ ਰਿਕਾਰਡ ਵਿੱਚ ਦਰੁਸਤੀ ਕਰਵਾਈ ਜਾ ਸਕਦੀ ਹੈ। ਇਸੇ ਤਰ੍ਹਾਂ ਪੰਜਵੀਂ ਸੇਵਾ ਵਿੱਚ ਰਪਟ ਦੀ ਐਂਟਰੀ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ ਜਿਸ ਦੀ ਲੋਨ ਅਤੇ ਕੋਰਟ ਕੇਸਾਂ ਸਬੰਧੀ ਜ਼ਰੂਰਤ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਛੇਵੀਂ ਸੇਵਾ ਵਿੱਚ ਸਬਸਕ੍ਰਿਪਸ਼ਨ ਦੀ ਨਵੀਂ ਸਰਵਿਸ ਦਿੱਤੀ ਗਈ ਹੈ ਜਿਸ ਵਿੱਚ ਬਿਨੈਕਰਤਾ ਆਪਣਾ ਜਮੀਨ ਦਾ ਖਾਤਾ ਇੰਟਰ ਕਰਵਾ ਕੇ ਉਸਨੂੰ ਸਕਿਉਰ ਕਰ ਸਕਦਾ ਹੈ ਕਿਉਂਕਿ ਇਸ ਨਾਲ ਬਿਨੈਕਰਤਾ ਦੇ ਤੁਹਾਡੇ ਫੋਨ ਤੇ ਵਟਸਐਪ ਮੈਸੇਜ ਅਤੇ ਈਮੇਲ ਆਵੇਗੀ ਜੇ ਕੋਈ ਵੀ ਉਨ੍ਹਾਂ ਦੀ ਜ਼ਮੀਨ ਦੇ ਇਸ ਖਾਤੇ ਨਾਲ ਛੇੜਛਾੜ ਕਰਦਾ ਹੈ - ਭਾਵ ਕੋਈ ਟ੍ਰਾਂਜੈਕਸਨ ਕਰਦਾ ਹੈ ਤਾਂ ਉਸ ਬਾਰੇ ਪਤਾ ਲੱਗ ਜਾਵੇਗਾ। ਇਸ ਤਰ੍ਹਾਂ ਲੋਕ ਕਿਤੇ ਵੀ ਬੈਠੇ ਅੱਪਡੇਟ ਪ੍ਰਾਪਤ ਕਰ ਸਕਦੇ ਹਨ । ਉਹਨਾਂ ਦੱਸਿਆ ਕਿ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਇੰਨਾਂ ਸੇਵਾਵਾਂ ਨੂੰ ਘਰ ਬੈਠੇ ਹੀ ਲੈਣ ਲਈ 1076 ਨੰਬਰ ਡਾਇਲ ਕਰ ਸਕਦੇ ਹਾਂ, ਜਿਸ ਤੋਂ ਬਾਅਦ ਲੋਕ ਆਪਣੇ ਟਾਈਮ ਦੇ ਹਿਸਾਬ ਨਾਲ ਦੱਸ ਕੇ ਘਰੋਂ ਬੈਠੇ ਹੀ ਇੰਨਾਂ ਸੇਵਾਵਾਂ ਦਾ ਲਾਭ ਲੈ ਸਕਦੇ ਹੋ। ਜਿਸਦੀ ਵਾਧੂ ਫੀਸ ਸਿਰਫ 50 ਰੁਪਏ ਰੱਖੀ ਗਈ ਹੈ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 27 ਸੇਵਾ ਕੇਂਦਰ ਹਨ ਜਿੰਨਾਂ ਵਿੱਚ ਇੱਕ ਜ਼ਿਲ੍ਹਾ ਪੱਧਰ ਤੇ ਟਾਇਪ - 1 ਅਤੇ ਟਾਇਪ ਟੂ - 12 ਅਤੇ ਟਾਇਪ ਥਰੀ - 14 ਸੇਵਾ ਕੇਂਦਰ ਹਨ, ਜਿੰਨਾਂ ਵਿੱਚ ਆਮ ਲੋਕ ਜਾ ਕੇ ਵੱਖ-ਵੱਖ ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਲੈ ਸਕਦੇ ਹਨ ।
