
ਪਟਿਆਲਾ ਸ਼ਹਿਰ 'ਚ ਕੋਈ ਬੱਚਾ ਭੀਖ ਮੰਗਦਾ ਸਾਹਮਣੇ ਨਹੀਂ ਆਇਆ : ਡਾ. ਪ੍ਰੀਤੀ ਯਾਦਵ
- by Jasbeer Singh
- July 25, 2025

ਪਟਿਆਲਾ ਸ਼ਹਿਰ 'ਚ ਕੋਈ ਬੱਚਾ ਭੀਖ ਮੰਗਦਾ ਸਾਹਮਣੇ ਨਹੀਂ ਆਇਆ : ਡਾ. ਪ੍ਰੀਤੀ ਯਾਦਵ -ਬਾਲ ਭੀਖ ਵਿਰੁੱਧ ਬਾਜ਼ਾਰਾਂ ਦਾ ਜਾਇਜ਼ਾ ਲੈਣ ਲਈ ਸ਼ਹਿਰ 'ਚ ਪੁੱਜੇ ਏ. ਡੀ. ਸੀ. ਨਵਰੀਤ ਕੌਰ ਸੇਖੋਂ ਪਟਿਆਲਾ, 25 ਜੁਲਾਈ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਹੈ ਕਿ ਅੱਜ ਪਟਿਆਲਾ ਜ਼ਿਲ੍ਹੇ ਅੰਦਰ ਕੋਈ ਬੱਚਾ ਭੀਖ ਮੰਗਦਾ ਨਹੀਂ ਪਾਇਆ ਗਿਆ ਹੈ । ਡੀ. ਸੀ. ਨੇ ਦੱਸਿਆ ਕਿ ਬਾਲ ਭਿੱਖਿਆ ਦੀ ਭਿਆਨਕ ਸਮੱਸਿਆ ਦੇ ਖਾਤਮੇ ਲਈ ਜ਼ਿਲ੍ਹਾ ਪ੍ਰਸ਼ਾਸਨ ਦ੍ਰਿੜ ਸੰਕਲਪ ਹੈ, ਜਿਸ ਲਈ ਲਗਾਏ ਗਏ ਨੋਡਲ ਅਫ਼ਸਰਾਂ ਦੀ ਦੇਖ-ਰੇਖ ਹੇਠ ਜ਼ਿਲ੍ਹੇ ਭਰ 'ਚ ਛਾਪਾਮਾਰੀ ਕੀਤੀ ਜਾ ਰਹੀ ਹੈ । ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਰੰਭੀ ਮੁਹਿੰਮ ਤਹਿਤ ਜ਼ਿਲ੍ਹੇ ਨੂੰ ਭੀਖ ਮੁਕਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਤੇ ਟਾਸਕ ਫੋਰਸ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚੋਂ ਵੱਖ-ਵੱਖ ਥਾਵਾਂ 'ਤੇ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ । ਇਸੇ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਨੇ ਅਦਾਲਤ ਬਾਜ਼ਾਰ, ਕਿਲਾ ਮੁਬਾਰਕ ਤੇ ਤ੍ਰਿਪੜੀ ਆਦਿ ਬਾਜ਼ਾਰਾਂ ਆਦਿ ਦਾ ਦੌਰਾ ਕੀਤਾ। ਏ. ਡੀ. ਸੀ. ਨੇ ਦੱਸਿਆ ਕਿ ਪੰਜਾਬ ਦੇ ਮੁੱਖ ਸਕੱਤਰ ਦੇ ਨਿਰਦੇਸ਼ਾਂ ਮੁਤਾਬਕ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਕੀਤੇ ਗਏ ਹੁਕਮਾਂ ਤਹਿਤ ਉਨ੍ਹਾਂ ਨੇ ਅੱਜ ਪਟਿਆਲਾ ਸ਼ਹਿਰ ਦੇ ਬਾਜ਼ਾਰਾਂ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਦੇ ਨਾਲ ਸੀ.ਡੀ.ਪੀ.ਓ. ਸੁਪਰੀਤ ਬਾਜਵਾ ਤੇ ਬਾਲ ਸੁਰੱਖਿਆ ਅਫ਼ਸਰ ਰੂਪਵੰਤ ਕੌਰ ਵੀ ਮੌਜੂਦ ਸਨ । ਨਵਰੀਤ ਕੌਰ ਨੇ ਦੱਸਿਆ ਕਿ ਉਹ ਇਕੱਲੀ ਬੱਚਿਆਂ ਵੱਲੋਂ ਮੰਗੀ ਜਾਂਦੀ ਭੀਖ ਹੀ ਨਹੀਂ ਚੈਕ ਕਰ ਰਹੇ ਸਗੋਂ ਬਾਲ ਮਜ਼ਦੂਰੀ, ਸਾਫ਼-ਸਫ਼ਾਈ, ਕੂੜੇ ਦੀ ਲਿਫਟਿੰਗ, ਨਜਾਇਜ਼ ਕਬਜ਼ੇ ਤੇ ਹੋਰ ਹੋਰ ਵਿਵਸਥਾ ਬਾਰੇ ਵੀ ਨਿਰੀਖਣ ਕਰ ਰਹੇ ਹਨ ਤੇ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਤੇ ਇਸ ਦੀ ਬਾਕਾਇਦਾ ਰਿਪੋਰਟ ਉਚ ਅਧਿਕਾਰੀਆਂ ਤੱਕ ਪੁੱਜਦੀ ਕੀਤੀ ਜਾਵੇਗੀ ।