
ਹਲਕਾ ਸੰਗਰੂਰ ਦਾ ਕੋਈ ਖੇਤ ਨਹੀਂ ਰਹੇਗਾ ਨਹਿਰੀ ਪਾਣੀ ਤੋਂ ਸੱਖਣਾ: ਵਿਧਾਇਕ ਨਰਿੰਦਰ ਕੌਰ ਭਰਾਜ
- by Jasbeer Singh
- June 7, 2025

ਹਲਕਾ ਸੰਗਰੂਰ ਦਾ ਕੋਈ ਖੇਤ ਨਹੀਂ ਰਹੇਗਾ ਨਹਿਰੀ ਪਾਣੀ ਤੋਂ ਸੱਖਣਾ: ਵਿਧਾਇਕ ਨਰਿੰਦਰ ਕੌਰ ਭਰਾਜ *ਹਲਕਾ ਵਿਧਾਇਕ ਨੇ ਘਰਾਚੋਂ ਵਿਖੇ ਕਰੀਬ 10 ਕਰੋੜ ਰੁਪਏ ਦੀ ਲਾਗਤ ਨਾਲ ਪਾਈ ਜਾ ਰਹੀ ਪਾਈਪ ਲਾਈਨ ਦੇ ਕੰਮ ਦਾ ਲਿਆ ਜਾਇਜ਼ਾ *ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਕਰੀਬ 3000 ਏਕੜ ਜ਼ਮੀਨ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ ਭਵਾਨੀਗੜ੍ਹ, 07 ਜੂਨ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ ਤੇ ਵਿਧਾਨ ਸਭਾ ਹਲਕਾ ਸੰਗਰੂਰ ਵਿਖੇ ਵੀ ਵੱਡੀ ਗਿਣਤੀ ਵਿਕਾਸ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ। ਇਸੇ ਲੜੀ ਤਹਿਤ ਹਲਕੇ ਦੇ ਪਿੰਡਾਂ ਵਿੱਚ ਖੇਤਾਂ ਨੂੰ ਨਹਿਰੀ ਪਾਣੀ ਦੇਣ ਲਈ ਪਾਈਪ ਲਾਈਨਾਂ ਪਾਉਣ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਘਰਾਚੋਂ ਵਿਖੇ ਕਰੀਬ 10 ਕਰੋੜ ਰੁਪਏ ਦੀ ਲਾਗਤ ਪਾਈ ਜਾ ਰਹੀ ਨਹਿਰੀ ਪਾਣੀ ਦੀ ਪਾਈਪ ਲਾਈਨ ਦੇ ਕੰਮ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਕਰੀਬ 3000 ਏਕੜ ਜ਼ਮੀਨ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ। ਹਲਕਾ ਵਿਧਾਇਕ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਸੂਬੇ ਦੇ ਖੇਤ ਨਹਿਰੀ ਪਾਣੀ ਨੂੰ ਤਰਸਦੇ ਰਹੇ ਤੇ ਪੰਜਾਬ ਦਾ ਧਰਤੀ ਹੇਠਲਾ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਥੱਲੇ ਡਿੱਗ ਗਿਆ ਤੇ ਲੋਕਾਂ ਲਈ ਪਾਣੀ ਦਾ ਸੰਕਟ ਖੜ੍ਹਾ ਹੋ ਗਿਆ। ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਬਣਨ 'ਤੇ ਖੇਤਾਂ ਨੂੰ ਨਹਿਰੀ ਪਾਣੀ ਦੇਣ ਲਈ ਸੁਚੱਜੀ ਯੋਜਨਾਬੰਦੀ ਕੀਤੀ ਗਈ ਤੇ ਅੱਜ ਹਲਕਾ ਸੰਗਰੂਰ ਸਮੇਤ ਪੂਰੇ ਸੂਬੇ ਦੇ ਖੇਤਾਂ ਨੂੰ ਨਹਿਰੀ ਸਿੰਚਾਈ ਨਾਲ ਜੋੜਨ ਲਈ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ। ਹਲਕਾ ਵਿਧਾਇਕ ਨੇ ਕਿਹਾ ਕਿ ਜਿੱਥੇ ਜਿੱਥੇ ਵੀ ਉਹ ਕਿਸੇ ਵਿਕਾਸ ਕਾਰਜ ਦਾ ਜਾਇਜ਼ਾ ਲੈਣ ਜਾਂ ਉਦਘਾਟਨ ਕਰਨ ਜਾ ਰਹੇ ਹਨ, ਉੱਥੇ ਹੀ ਉਹਨਾਂ ਨੂੰ ਲੋਕਾਂ ਦੇ ਖੁਸ਼ੀ ਨਾਲ ਖਿੜ੍ਹੇ ਚਿਹਰੇ ਦੇਖਣ ਨੂੰ ਮਿਲ ਰਹੇ ਹਨ ਅਤੇ ਲੋਕ ਵੱਡੇ ਪੱਧਰ ਉੱਤੇ ਸਰਕਾਰ ਦੀ ਸ਼ਲਾਘਾ ਕਰ ਰਹੇ ਹਨ। ਪਾਣੀ ਦੀ ਸੰਭਾਲ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ, ਨਹੀਂ ਤਾਂ ਦਰਿਆਵਾਂ ਦੀ ਧਰਤੀ ਪੰਜਾਬ, ਮਾਰੂਥਲ ਵਿੱਚ ਬਦਲ ਜਾਵੇਗੀ। ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਲਕਾ ਸੰਗਰੂਰ ਵਿੱਚ ਵੱਡੇ ਪੱਧਰ ਉੱਤੇ ਵਿਕਾਸ ਕਾਰਜ ਜਾਰੀ ਹਨ ਤੇ ਸਾਰੇ ਕੰਮ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਕਰਵਾਏ ਜਾ ਰਹੇ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਲਕੇ ਵਿੱਚ ਜਿਹੜੇ ਵੀ ਵਿਕਾਸ ਕਾਰਜ ਹੋ ਰਹੇ ਹਨ, ਉਹਨਾਂ ਉੱਤੇ ਉਹ ਖੁਦ ਵੀ ਨਜ਼ਰ ਰੱਖਣ, ਜੇਕਰ ਕਿਤੇ ਕੋਈ ਕਮੀਂ ਸਾਹਮਣੇ ਆਉਂਦੀ ਹੈ ਤਾਂ ਫੌਰੀ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ। ਇਸ ਮੌਕੇ ਐਸ.ਡੀ.ਓ. ਟਿਊਬਵੈੱਲ ਕਾਰਪੋਰੇਸ਼ਨ ਸ਼੍ਰੀ ਸੁਨੀਲ ਕੁਮਾਰ, ਜੇ.ਈ. ਕਮਲਜੀਤ ਸਿੰਘ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ ਅਤੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।