
ਪੰਜਾਬੀ ਯੂਨੀਵਰਸਿਟੀ ਵਿਖੇ ਨੋਰ੍ਹਾ ਰਿਚਰਡਜ਼ ਥੀਏਟਰ ਫੈਸਟੀਵਲ 2 ਦਸੰਬਰ ਤੋਂ ਸ਼ੁਰੂ
- by Jasbeer Singh
- November 30, 2024

ਪੰਜਾਬੀ ਯੂਨੀਵਰਸਿਟੀ ਵਿਖੇ ਨੋਰ੍ਹਾ ਰਿਚਰਡਜ਼ ਥੀਏਟਰ ਫੈਸਟੀਵਲ 2 ਦਸੰਬਰ ਤੋਂ ਸ਼ੁਰੂ ਪਟਿਆਲਾ, 30 ਨਵੰਬਰ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਸਾਰਥਕ ਰੰਗਮੰਚ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ, ਪਟਿਆਲਾ ਵਲੋਂ 2 ਦਸੰਬਰ ਤੋਂ 8 ਦਸੰਬਰ 2024 ਤੱਕ 10ਵਾਂ ਨੋਰ੍ਹਾ ਰਿਚਰਡਜ਼ ਥੀਏਟਰ ਫੈਸਟੀਵਲ ਪੰਜਾਬੀ ਯੂਨੀਵਰਸਿਟੀ ਦੇ ਕਲਾ ਭਵਨ ਆਡੀਟੋਰੀਅਮ ਵਿੱਚ ਕਰਵਾਇਆ ਜਾ ਰਿਹਾ ਹੈ । ਡਾ. ਵਰਿੰਦਰ ਕੌਸ਼ਿਕ, ਡਾਇਰੈਕਟਰ ਯੁਵਕ ਭਲਾਈ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਦਿਨ ਦੇ ਸੈਸ਼ਨ ਵਿੱਚ ਰੋਜ਼ਾਨਾ 10 ਵਜੇ ਪੰਜਾਬ ਦੀਆਂ ਪ੍ਰਸਿੱਧ ਰੰਗਮੰਚ ਤੇ ਫ਼ਿਲਮੀ ਹਸਤੀਆਂ ਨਾਲ ਰੂਬਰੂ ਵੀ ਕਰਵਾਇਆ ਜਾਵੇਗਾ । ਸਰਦਾਰ ਸੋਹੀ, ਕਰਮਜੀਤ ਅਨਮੋਲ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਕਰਤਾਰ ਚੀਮਾ, ਹਰਵੀ ਸੰਘਾ ਅਤੇ ਪਾਲੀ ਭੁਪਿੰਦਰ ਸਿੰਘ ਨੌਜਵਾਨਾਂ ਦੇ ਸਨਮੁੱਖ ਹੋਣਗੇ, ਜਿਸ ਨਾਲ ਨੌਜਵਾਨ ਕਲਾਕਾਰਾਂ ਨੂੰ ਆਪਣੀ ਕਲਾ ਵਿੱਚ ਪਰਿਪੱਕਤਾ ਲਿਆਉਣ ਵਿੱਚ ਮਦਦ ਮਿਲੇਗੀ । ਫੈਸਟੀਵਲ ਡਾਇਰੈਕਟਰ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਇਸ ਫੈਸਟੀਵਲ ਵਿੱਚ ਪੰਜਾਬ ਤੇ ਪੰਜਾਬ ਤੋਂ ਬਾਹਰਲੇ ਨਾਟਕ ਹਰ ਸ਼ਾਮ 5:30 ਵਜੇ ਪੇਸ਼ ਕੀਤੇ ਜਾਣਗੇ। 2 ਦਸੰਬਰ ਨੂੰ ਪ੍ਰੋ. ਅਜਮੇਰ ਸਿੰਘ ਔਲਖ ਦਾ ਲਿਖਿਆ ਤੇ ਡਾ. ਲੱਖਾ ਲਹਿਰੀ ਦੁਆਰਾ ਨਿਰਦੇਸ਼ਿਤ ਨਾਟਕ ‘ਟੂਮਾਂ’ ਪੇਸ਼ ਕੀਤਾ ਜਾਵੇਗਾ। 3 ਦਸੰਬਰ ਨੂੰ ਜਯਵਰਧਨ ਦੇ ਹਿੰਦੀ ਨਾਟਕ ਹਾਏ ਹੈਂਡਸਮ ਦਾ ਪੰਜਾਬੀ ਰੂਪਾਂਤਰ ‘ਕਰ ਲਓ ਘਿਓ ਨੂੰ ਭਾਂਡਾ’ ਡਾ. ਲਹਿਰੀ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਜਾਵੇਗਾ । 4 ਦਸੰਬਰ ਨੂੰ ਰਾਜਵਿੰਦਰ ਤੇ ਡਾ. ਲੱਖਾ ਲਹਿਰੀ ਦਾ ਲਿਖਿਆ ਨਾਟਕ ‘15 ਦਿਨ’ ਪੇਸ਼ ਕੀਤਾ ਜਾਵੇਗਾ। 5 ਦਸੰਬਰ ਨੂੰ ਯੁਵਾ ਥੀਏਟਰ ਜਲੰਧਰ ਵੱਲੋਂ ਡਾ. ਅੰਕੁਰ ਸ਼ਰਮਾ ਦਾ ਨਿਰਦੇਸ਼ਿਤ ਕੀਤਾ ਨਾਟਕ ‘ਸ਼ਰਧਾ ਸੁਮਨ’ ਦੀ ਪੇਸ਼ਕਾਰੀ ਹੋਵੇਗੀ । 6 ਦਸੰਬਰ ਨੂੰ ਸੁਚੇਤਕ ਰੰਗਮੰਚ ਮੁਹਾਲੀ ਵੱਲੋਂ ਅਸਗਰ ਵਜ਼ਾਹਤ ਦਾ ਲਿਖਿਆ ਤੇ ਅਨੀਤਾ ਸ਼ਬਦੀਸ਼ ਦਾ ਨਿਰਦੇਸ਼ਿਤ ਕੀਤਾ ਨਾਟਕ ‘ਇੱਨਾ ਦੀ ਆਵਾਜ਼’ ਪੇਸ਼ ਕੀਤਾ ਜਾਵੇਗਾ। 7 ਦਸੰਬਰ ਨੂੰ ਟੀ. ਐਫ. ਟੀ. ਚੰਡੀਗੜ੍ਹ ਵੱਲੋਂ ਜਯਵੰਤ ਦਲਵੀ ਦਾ ਹਿੰਦੀ ਨਾਟਕ ‘ਸੰਧਿਆ ਛਾਇਆ’ ਸੁਦੇਸ਼ ਸ਼ਰਮਾਂ ਦੀ ਨਿਰਦੇਸ਼ਨਾ ਵਿੱਚ ਪੇਸ਼ ਕੀਤਾ ਜਾਵੇਗਾ। ਆਖਰੀ ਦਿਨ 8 ਦਸੰਬਰ ਨੂੰ ਟੀਮ ਰਾਬਤਾ ਦਿੱਲੀ ਵੱਲੋਂ ਪਤਰਾਸ ਬੁਖਾਰੀ ਦੁਆਰਾ ਲਿਖਿਤ ਤੇ ਸਮੀਰ ਦੁਆਰਾ ਨਿਰਦੇਸ਼ਿਤ ਨਾਟਕ ‘ਅਦਬੀ ਬੈਠਕ’ ਪੇਸ਼ ਹੋਵੇਗਾ ।
Related Post
Popular News
Hot Categories
Subscribe To Our Newsletter
No spam, notifications only about new products, updates.