post

Jasbeer Singh

(Chief Editor)

Punjab

ਪਿੰਡ ਦੀਦਾ ਸੰਸੀਆਂ ‘ਚ 71 ਲੋਕਾਂ ਨੂੰ ਘਰ ਖਾਲੀ ਕਰਨ ਦਾ ਨੋਟਿਸ

post-img

ਪਿੰਡ ਦੀਦਾ ਸੰਸੀਆਂ ‘ਚ 71 ਲੋਕਾਂ ਨੂੰ ਘਰ ਖਾਲੀ ਕਰਨ ਦਾ ਨੋਟਿਸ ਗੁਰਦਾਸਪੁਰ, 9 ਅਗਸਤ : ਨਸ਼ੇ ਕਾਰਨ ਇੱਕੋ ਦਿਨ 15 ਜੂਨ ਨੂੰ ਤਿੰਨ ਮੌਤਾਂ ਹੋਣ ਨਾਲ ਚਰਚਾ ‘ਚ ਆਏ ਪਿੰਡ ਦੀਦਾ ਸੰਸੀਆਂ ਨੂੰ ਹੁਣ ਇਕ ਨਵੀਂ ਮੁਸੀਬਤ ਨੇ ਘੇਰ ਲਿਆ ਹੈ। ਦਰਅਸਲ ਨਹਿਰੀ ਵਿਭਾਗ ਵੱਲੋ ਪਿੰਡ ਦੇ 71 ਲੋਕਾਂ ਨੂੰ ਘਰ ਖਾਲੀ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਨਸ਼ਾ ਤਸਕਰੀ ਕਾਰਨ ਪਹਿਲਾਂ ਹੀ ਇਲਜ਼ਾਮਾਂ ‘ਚ ਘਿਰੇ ਲੋਕ ਘਰ ਛੱਡ ਚੁੱਕੇ ਹਨ ਅਤੇ ਹੁਣ ਇਨ੍ਹਾਂ 71 ਲੋਕਾਂ ‘ਤੇ ਘਰ ਬਾਰ ਛੱਡਣ ਦੀ ਤਲਵਾਰ ਲਟਕ ਰਹੀ ਹੈ। ਫਰਾਰ ਹੋਏ ਲੋਕਾਂ ਦੇ ਘਰਾਂ ਨੂੰ ਪੁਲਿਸ ਸੀਲ ਕਰ ਚੁੱਕੀ ਹੈ। ਹਾਲਾਂਕਿ ਇਹ ਨੋਟਿਸ ਜੋ 71 ਲੋਕਾਂ ਨੂੰ ਜਾਰੀ ਕੀਤਾ ਗਿਆ ਹੈ ਇਸਦਾ ਨਸ਼ਾ ਤਸਕਰਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਨਹਿਰੀ ਵਿਭਾਗ ਦਾ ਕਹਿਣਾ ਹੈ ਕਿ ਇਹ ਘਰ ਵਿਭਾਗ ਦੀ ਜ਼ਮੀਨ ‘ਤੇ ਬਣਾਏ ਗਏ ਹਨ। ਦੂਜੇ ਪਾਸੇ ਘਰਾਂ ਦੇ ਬਾਸ਼ਿੰਦਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਆਪਣੇ ਦਾਦੇ ਪੜਦਾਦੇ ਦੇ ਜਮਾਨੇ ਤੋਂ ਇਨ੍ਹਾਂ ਘਰਾਂ ‘ਚ ਰਹਿ ਰਹੇ ਹਨ। ਪੀੜਤ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਘਰ ਸਰਕਾਰੀ ਜਮੀਨ ‘ਤੇ ਹਨ ਤਾ ਪਿਛਲੀਆਂ ਸਰਕਾਰਾਂ ਨੇ ਕਾਰਵਾਈ ਕਿਉ ਨਹੀਂ ਕੀਤੀ। ਪਿੰਡ ਦੀ ਸਰਪੰਚ ਕਮਲੇਸ਼ ਕੁਮਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਪਿੰਡ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀ ਮੌਤ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ’ਤੇ ਉਨ੍ਹਾਂ ਦੇ ਪਿੰਡ ਵਿੱਚ ਸਰਚ ਅਭਿਆਨ ਚਲਾਇਆ ਜਾਂਦਾ ਹੈ। ਇਸੇ ਕਾਰਨ ਪਿੰਡ ਵਿੱਚ ਨਸ਼ਿਆਂ ਦੇ ਕਾਰੋਬਾਰ ਦੇ ਸ਼ੱਕੀ ਲੋਕ ਪਿੰਡ ਛੱਡ ਕੇ ਚਲੇ ਗਏ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੂਨ ਦੇ ਅੰਤ ਵਿੱਚ ਛੇ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਘਰ ਖਾਲੀ ਕਰਨ ਲਈ ਕਿਹਾ ਗਿਆ ਸੀ ਪਰ ਹੁਣ ਜ਼ਿਲ੍ਹਾ ਪ੍ਰਸ਼ਾਸਨ ਨਸ਼ਾ ਤਸਕਰਾਂ ਦੀ ਆੜ ਵਿੱਚ ਪੂਰੇ ਪਿੰਡ ਨੂੰ ਘੇਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਕੁਝ ਵਿਅਕਤੀ ਨਸ਼ੇ ਦਾ ਧੰਦਾ ਕਰਦੇ ਸਨ, ਜਿਨ੍ਹਾਂ ਖ਼ਿਲਾਫ਼ ਪੁਲਿਸ ਵੱਲੋਂ ਕੇਸ ਦਰਜ ਕਰਕੇ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਕੁਝ ਵਿਅਕਤੀ ਫ਼ਰਾਰ ਹਨ। ਉਦਰ ਨਹਿਰੀ ਵਿਭਾਗ ਦਾ ਕਹਿਣਾ ਹੈ ਕਿ ਇਹ ਮਕਾਨ ਵਿਭਾਗ ਦੀ ਜਮੀਨ ‘ਤੇ ਕਬਜ਼ਾ ਕਰਕੇ ਬਣਾਏ ਗਏ ਹਨ ਇਸ ਲਈ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਨੋਟਿਸ ਜਾਰੀ ਕੀਤੇ ਗਏ ਹਨ।

Related Post