ਹੁਣ ਸਕੂਲਾਂ ‘ਚ ਅਕਬਰ ਮਹਾਨ ਨਹੀਂ ਪੜ੍ਹਾਇਆ ਜਾਵੇਗਾ : ਸਿੱਖਿਆ ਮੰਤਰੀ ਮਦਨ ਦਿਲਾਵਰ
- by Jasbeer Singh
- September 1, 2024
ਹੁਣ ਸਕੂਲਾਂ ‘ਚ ਅਕਬਰ ਮਹਾਨ ਨਹੀਂ ਪੜ੍ਹਾਇਆ ਜਾਵੇਗਾ : ਸਿੱਖਿਆ ਮੰਤਰੀ ਮਦਨ ਦਿਲਾਵਰ ਰਾਜਸਥਾਨ : ਭਾਰਤ ਦੇਸ਼ ਦੇ ਸੂਬੇ ਰਾਜਸਥਾਨ ਵਿਚ ਮਹਾਰਾਣਾ ਪ੍ਰਤਾਪ ਅਤੇ ਅਕਬਰ ਨੂੰ ਲੈ ਕੇ ਇਕ ਵਾਰ ਫਿਰ ਵਿਵਾਦ ਉਸ ਸਮੇਂ ਭੱਖਦਾ ਦਿਖਾਈ ਦਿੱਤਾ ਜਦੋ਼ ਸੂਬੇ ਦੇ ਸਿੱਖਿਆ ਮੰਤਰੀ ਮਦਨ ਦਿਲਾਵਰ ਨੇ ਇੱਕ ਵਾਰ ਫਿਰ ਮੇਵਾੜ ਦੀ ਧਰਤੀ ‘ਤੇ ਅਕਬਰ ਦਾ ਜਿ਼ਕਰ ਕਰਦਿਆਂ ਵੱਡਾ ਐਲਾਨ ਕਰ ਦਿੱਤਾ ਕਿ ਹੁਣ ਸਕੂਲਾਂ ‘ਚ ਅਕਬਰ ਮਹਾਨ ਨਹੀਂ ਪੜ੍ਹਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਤੋਂ ਵੱਡਾ ਮਹਾਨ ਕੋਈ ਨਹੀਂ ਹੈ। ਮੰਤਰੀ ਦਿਲਾਵਰ ਨੇ ਕਿਹਾ ਕਿ ਅਕਬਰ ਨੇ ਕਈ ਸਾਲਾਂ ਤੱਕ ਦੇਸ਼ ਨੂੰ ਲੁੱਟਿਆ, ਜਿਨ੍ਹਾਂ ਨੇ ਅਕਬਰ ਮਹਾਨ ਨੂੰ ਸਿਲੇਬਸ ਵਿਚ ਪੜ੍ਹਾਇਆ, ਉਹ ਹੁਣ ਅੱਗੇ ਨਹੀਂ ਆ ਸਕਣਗੇ। ਸਿੱਖਿਆ ਮੰਤਰੀ ਮਦਨ ਦਿਲਾਵਰ ਨੇ ਅੱਜ ਉਦੈਪੁਰ ਵਿੱਚ ਆਯੋਜਿਤ 28ਵੇਂ ਰਾਜ ਪੱਧਰੀ ਭਾਮਾਸ਼ਾਹ ਸਨਮਾਨ ਸਮਾਰੋਹ ਵਿੱਚ ਇਹ ਬਿਆਨ ਦਿੱਤਾ। ਦਿਲਾਵਰ ਇਸ ਤੋਂ ਪਹਿਲਾਂ ਵੀ ਅਕਬਰ ਬਾਰੇ ਬਿਆਨ ਦਿੰਦੇ ਆ ਰਹੇ ਹਨ। ਅੱਜ ਉਨ੍ਹਾਂ ਨੇ ਫਿਰ ਉਹੀ ਗੱਲ ਦੁਹਰਾਈ ਹੈ। ਦਿਲਾਵਰ ਨੇ ਕਿਹਾ ਕਿ ਅਜਿਹੇ ਵਿਅਕਤੀ ਨੂੰ ਮਹਾਨ ਕਿਵੇਂ ਕਿਹਾ ਜਾ ਸਕਦਾ ਹੈ ਜੋ ਮੀਨਾ ਬਾਜ਼ਾਰ ਲਗਾਉਂਦਾ ਸੀ ਅਤੇ ਔਰਤਾਂ ਨੂੰ ਅਗਵਾ ਕਰਦਾ ਸੀ। ਉਹ ਮਹਾਨ ਕਿਵੇਂ ਹੋ ਸਕਦਾ ਹੈ? ਦਿਲਾਵਰ ਨੇ ਕਿਹਾ ਕਿ ਅਕਬਰ ਨੂੰ ਮਹਾਨ ਦੱਸਣ ਵਾਲਿਆਂ ਤੋਂ ਵੱਡਾ ਮੇਵਾੜ ਅਤੇ ਰਾਜਸਥਾਨ ਦਾ ਦੁਸ਼ਮਣ ਕੋਈ ਨਹੀਂ ਹੋ ਸਕਦਾ। ਸਮਾਗਮ ਵਿੱਚ ਦਿਲਾਵਰ ਨੇ ਕਿਹਾ ਕਿ ਮੈਂ ਸਹੁੰ ਖਾਂਦਾ ਹਾਂ ਕਿ ਹੁਣ ਤੋਂ ਅਕਬਰ ਨੂੰ ਰਾਜਸਥਾਨ ਵਿੱਚ ਕਿਸੇ ਵੀ ਕਿਤਾਬ ਵਿੱਚ ਇਸ ਰੂਪ ਵਿੱਚ ਨਹੀਂ ਪੜ੍ਹਾਇਆ ਜਾਵੇਗਾ। ਦਿਲਾਵਰ ਦੇ ਸੰਬੋਧਨ ਦੌਰਾਨ ਸਮਾਗਮ ਵਿੱਚ ਹਾਜ਼ਰ ਲੋਕਾਂ ਨੇ ਤਾੜੀਆਂ ਨਾਲ ਸਵਾਗਤ ਕੀਤਾ।
