ਦੇਸ਼ ਰਾਜਨੀਤੀ (੨੭ ਅਗਸਤ ੨੦੨੪ ) : ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਮੈਂਬਰ ਕੰਗਨਾ ਰਣੌਤ ਦੇ ਬਿਆਨ ਨੇ ਪੂਰੇ ਦੇਸ਼ ਵਿਚ ਹਲਚਲ ਮਚਾ ਦਿੱਤੀ ਹੈ। ਭਾਜਪਾ ਨੇ ਅਦਾਕਾਰ ਤੋਂ ਰਾਜਨੇਤਾ ਬਣੀ ਕੰਗਨਾ ਦੇ ਕਿਸਾਨਾਂ ਬਾਰੇ ਦਿੱਤੇ ਬਿਆਨ ਤੋਂ ਦੂਰੀ ਬਣਾ ਲਈ ਹੈ। ਸੋਮਵਾਰ ਨੂੰ ਪਾਰਟੀ ਨੇ ਇੱਕ ਲਿਖਤੀ ਬਿਆਨ ਜਾਰੀ ਕਰਕੇ ਕਿਹਾ, ‘ਕੰਗਨਾ ਪਾਰਟੀ ਵੱਲੋਂ ਬਿਆਨ ਦੇਣ ਲਈ ਅਧਿਕਾਰਤ ਨਹੀਂ ਹੈ।’ ਕੰਗਨਾ ਦੇ ਬਿਆਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਵੀ ਵਿਰੋਧ ਕੀਤਾ ਹੈ। ਇਸੇ ਕੜੀ ਵਿਚ ਸ਼ਾਮਲ ਦਿੱਲੀ ਯੂਨੀਵਰਸਿਟੀ ਦੇ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ (NSUI) ਦੇ ਪ੍ਰਧਾਨ ਵਰੁਣ ਚੌਧਰੀ ਨੇ ਸੋਸ਼ਲ ਮੀਡੀਆ ਸਾਈਟ ‘ਤੇ ਲਿਖਿਆ ਹੈ, ‘ਦੇਸ਼ ਦੇ ਅੰਨਦਾਤਾ ਬਾਰੇ ਜ਼ਹਿਰ ਉਗਲਣ ਵਾਲੀ ਭਾਜਪਾ ਸੰਸਦ ਮੈਂਬਰ ਕੰਗਨਾ ਸੁਣ ਲੈ, ਕਿਸੇ ਥੀਏਟਰ ਵਿਚ ਨਾ ਤੇਰੀ ਫਿਲਮ ਲੱਗਣ ਦਿਆਂਗੇ ਤੇ ਨਾ ਚੱਲਣ ਦਿਆਂਗੇ! ਇੱਕ ਵਾਰ ਕਿਸਾਨਾਂ ਅਤੇ ਜਵਾਨਾਂ ਨਾਲ ਮੀਟਿੰਗ ਕਰ ਕੇ ਅਜਿਹੀ ਮਾੜੀ ਗੱਲ ਬੋਲ ਕੇ ਵਿਖਾ, ਅਕਲ ਟਿਕਾਣੇ ਆ ਜਾਵੇਗੀ। ਦੇਸ਼ ਦੇ 80 ਕਰੋੜ ਅੰਨਦਾਤਾ ਤੋਂ ਮੁਆਫੀ ਮੰਗੋ!’ ਉਧਰ, ਭਾਜਪਾ ਨੇ ਕਿਸਾਨ ਅੰਦੋਲਨ ਬਾਰੇ ਮੰਡੀ ਦੀ ਸੰਸਦ ਕੰਗਨਾ ਰਣੌਤ ਦੇ ਬਿਆਨ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਅਤੇ ਉਸ ਨੂੰ ਭਵਿੱਖ ਵਿੱਚ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨ ਲਈ ਵੀ ਕਿਹਾ। ਪਾਰਟੀ ਨੇ ਕਿਹਾ ਕਿ ਕਿਸਾਨ ਅੰਦੋਲਨ ਬਾਰੇ ਕੰਗਨਾ ਰਣੌਤ ਵੱਲੋਂ ਦਿੱਤਾ ਗਿਆ ਬਿਆਨ ਪਾਰਟੀ ਦੀ ਰਾਇ ਨਹੀਂ ਹੈ। ਭਾਰਤੀ ਜਨਤਾ ਪਾਰਟੀ ਕੰਗਨਾ ਰਣੌਤ ਦੇ ਬਿਆਨ ਨਾਲ ਅਸਹਿਮਤੀ ਪ੍ਰਗਟ ਕਰਦੀ ਹੈ। ਪਾਰਟੀ ਵੱਲੋਂ ਕੋਈ ਬਿਆਨ ਦੇਣ ਦੀ ਕੰਗਨਾ ਰਣੌਤ ਨੂੰ ਨਾ ਤਾਂ ਇਜਾਜ਼ਤ ਹੈ ਤੇ ਨਾ ਅਧਿਕਾਰ। ਦੱਸ ਦਈਏ ਕਿ ਭਾਜਪਾ ਦੀ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਕਤਲ ਤੇ ਜਬਰ-ਜਨਾਹ ਹੋਣ ਸਬੰਧੀ ਦਿੱਤੇ ਬਿਆਨ ਨਾਲ ਸਿਆਸੀ ਪਾਰਾ ਵਧ ਗਿਆ ਹੈ। ਇਹ ਬਿਆਨ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਆਉਣ ਕਰਕੇ ਹਰਿਆਣਾ ਵਿੱਚ ਭਾਜਪਾ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਸਨ।
