
ਗਣਤੰਤਰ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਵਿਖੇ ਡੀਨ ਅਕਾਦਮਿਕ ਪ੍ਰੋ. ਮੁਲਤਾਨੀ ਨੇ ਲਹਿਰਾਇਆ ਤਿਰੰਗਾ
- by Jasbeer Singh
- January 27, 2025

ਗਣਤੰਤਰ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਵਿਖੇ ਡੀਨ ਅਕਾਦਮਿਕ ਪ੍ਰੋ. ਮੁਲਤਾਨੀ ਨੇ ਲਹਿਰਾਇਆ ਤਿਰੰਗਾ -ਸੰਵਿਧਾਨ ਦੇ ਅਸਲ ਅਰਥਾਂ ਅਨੁਸਾਰ ਚੰਗੀਆਂ ਕਦਰਾਂ ਕੀਮਤਾਂ ਵਾਲ਼ੇ ਸਮਾਜ ਦੀ ਸਿਰਜਣਾ ਕਰਨ ਦੀ ਲੋੜ: ਪ੍ਰੋ. ਨਰਿੰਦਰ ਮੁਲਤਾਨੀ ਪਟਿਆਲਾ, 26 ਜਨਵਰੀ : 76ਵੇਂ ਗਣਤੰਤਰ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਪ੍ਰੋ. ਨਰਿੰਦਰ ਮੁਲਤਾਨੀ ਨੇ ਤਿਰੰਗਾ ਲਹਿਰਾਇਆ। ਹਰ ਸਾਲ ਵਾਂਗ ਇਸ ਵਾਰ ਵੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਇਸ ਮੌਕੇ ਪਰੇਡ ਵਿੱਚ ਭਾਗ ਲਿਆ । ਤਿਰੰਗਾ ਲਹਿਰਾਏ ਜਾਣ ਦੀ ਰਸਮ ਉਪਰੰਤ ਸੈਨੇਟ ਹਾਲ ਵਿਖੇ ਯੂਨੀਵਰਸਿਟੀ ਕਰਮਚਾਰੀਆਂ, ਅਧਿਕਾਰੀਆਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰੋ. ਮੁਲਤਾਨੀ ਨੇ ਕਿਹਾ ਕਿ ਸਾਨੂੰ ਆਜ਼ਾਦ ਦੇਸ ਵਿੱਚ ਆਜ਼ਾਦੀ ਨਾਲ਼ ਰਹਿਣ ਦੇ ਮਹੱਤਵ ਨੂੰ ਮਹਿਸੂਸ ਕਰਦਿਆਂ ਦੇਸ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਸੰਵਿਧਾਨ ਦੇ ਅਸਲ ਅਰਥਾਂ ਅਨੁਸਾਰ ਚੰਗੀਆਂ ਕਦਰਾਂ ਕੀਮਤਾਂ ਵਾਲ਼ੇ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ । ਉਨ੍ਹਾਂ ਇਸ ਵਾਰ ਦੇ ਗਣਤੰਤਰ ਦਿਵਸ ਦੇ ਰਾਸ਼ਟਰੀ ਥੀਮ 'ਸਵਰਨ ਭਾਰਤ' ਦੇ ਹਵਾਲੇ ਨਾਲ਼ ਗੱਲ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਸਵਰਨ ਇਤਿਹਾਸ ਅਤੇ ਵਰਤਮਾਨ ਬਾਰੇ ਵੀ ਅਹਿਮ ਟਿੱਪਣੀਆਂ ਕੀਤੀਆਂ । ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਨੇ ਆਪੋ ਆਪਣੇ ਹਿੱਸੇ ਦੇ ਅਕਾਦਮਿਕ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ ਅਤੇ ਮਿਆਰੀ ਖੋਜ ਕਾਰਜ ਕੀਤੇ ਹਨ । ਇਸ ਪ੍ਰੋਗਰਾਮ ਦਾ ਸੰਚਾਲਨ ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਨੇ ਕੀਤਾ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਯੂਨੀਵਰਸਿਟੀ ਵਿਖੇ ਕੀਤੇ ਜਾ ਰਹੇ ਵੱਖ-ਵੱਖ ਪ੍ਰਬੰਧਕੀ ਸੁਧਾਰਾਂ ਅਤੇ ਨਵੀਆਂ ਪਹਿਲਕਦਮੀਆਂ ਦਾ ਵਿਸ਼ੇਸ਼ ਤੌਰ ਉੱਤੇ ਵਰਣਨ ਕੀਤਾ । ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਤੋਂ ਸੇਵਾ ਨਵਿਰਤ ਹੋਣ ਵਾਲ਼ੇ ਕਰਮਚਾਰੀਆਂ ਦੀ ਸਹੂਲਤ ਲਈ ਉਨ੍ਹਾਂ ਦੇ ਪੈਨਸ਼ਨ ਅਤੇ ਫ਼ੰਡਜ਼ ਮਾਮਲਿਆਂ ਨਾਲ਼ ਜੁੜੇ ਕਾਰਜਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਕਦਮ ਉਠਾਏ ਗਏ ਹਨ । ਇਸ ਮੌਕੇ ਹਾਜ਼ਿਰ ਯੂਨੀਵਰਸਿਟੀ ਅਧਿਕਾਰੀਆਂ ਵਿੱਚ ਡੀਨ ਕਾਲਜ ਵਿਕਾਸ ਕੌਂਸਲ ਡਾ. ਬਲਰਾਜ ਸੈਣੀ, ਡਾਇਰੈਕਟਰ ਸਪੋਰਟਸ ਡਾ. ਅਜੀਤਾ, ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਇੰਚਾਰਜ ਸਤਵੀਰ ਸਿੰਘ, ਮੁੱਖ ਸੁਰੱਖਿਆ ਅਫ਼ਸਰ ਕੈਪਟਨ ਗੁਰਤੇਜ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਅਧਿਆਪਕ ਆਦਿ ਸ਼ਾਮਿਲ ਰਹੇ ।
Related Post
Popular News
Hot Categories
Subscribe To Our Newsletter
No spam, notifications only about new products, updates.