go to login
post

Jasbeer Singh

(Chief Editor)

Patiala News

ਅਰਬਨ ਅਸਟੇਟ ਫੇਜ਼ 3 ’ਚ ਖੁੱਲ੍ਹਾ ਗਟਰ ਲੋਕਾਂ ਲਈ ਸਿਰਦਰਦੀ ਬਣਿਆ

post-img

ਅਰਬਨ ਅਸਟੇਟ ਫੇਜ਼ 3 ’ਚ ਖੁੱਲ੍ਹਾ ਗਟਰ ਲੋਕਾਂ ਲਈ ਸਿਰਦਰਦੀ ਬਣਿਆ ਪੁੱਡਾ ਦੀ ਅਣਗਹਿਲੀ ਕਾਰਨ ਵਾਪਰ ਸਕਦਾ ਹੈ ਵੱਡਾ ਹਾਦਸਾ ਪਟਿਆਲਾ : ਪੁੱਡਾ ਲੋਕਾਂ ਨੂੰ ਮਹਿੰਗੇ ਭਾਅ ’ਤੇ ਪਲਾਟ ਵੇਚ ਕੇ ਵਧੀਆ ਸ਼ਹਿਰੀ ਸਹੂਲਤਾਂ ਦੇਣ ਦੇ ਵਾਅਦੇ ਤਾਂ ਕਰਦਾ ਹੈ ਪਰੰਤੂ ਪੁੱਡਾ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਕਿਉਂਕਿ ਅਰਬਨ ਅਸਟੇਟ ਫੇਜ਼ 1 ਅਤੇ 2 ਵਿੱਚ ਜਿੱਥੇ ਸਫ਼ਾਈ ਦਾ ਮੰਦੜਾ ਹਾਲ ਹੈ, ਉੱਥੇ ਫੇਜ਼ 3 ਦੇ ਮਕਾਨ ਨੰਬਰ 94 ਦੇ ਨਜ਼ਦੀਕ ਪੁੱਡਾ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਗਟਰਾਂ ਦੀ ਸਫ਼ਾਈ ਕਰਨ ਲਈ ਇਕ ਮਹੀਨੇ ਪਹਿਲਾਂ ਜੋ ਗਟਰਾਂ ਦੇ ਢੱਕਣ ਪੁੱਟ ਕੇ ਚੁੱਕੇ ਗਏ ਸਨ, ਉਨ੍ਹਾਂ ਨੂੰ ਕਾਲੋਨੀ ਨਿਵਾਸੀਆਂ ਦੇ ਵਾਰ-ਵਾਰ ਕਹਿਣ ’ਤੇ ਬੰਦ ਨਹੀਂ ਕਰਵਾਇਆ ਜਾ ਰਿਹਾ, ਜਿਸ ਲਈ ਪੁੱਡਾ ਅਣਗਹਿਲੀ ਕਾਰਨ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ । ਇਸ ਸਬੰਧੀ ਰੈਜ਼ੀਡੈਂਸ ਵੈਲਫੇਅਰ ਅਰਬਨ ਅਸਟੇਟ ਫੇਜ਼ 3 ਦੇ ਪ੍ਰਧਾਨ ਮਨਜੀਤ ਸਿੰਘ ਸ਼ਾਹੀ, ਵਿੱਤ ਸਕੱਤਰ ਨਵਦੀਪ ਸਿੰਘ, ਨਛੱਤਰ ਸਿੰਘ ਸਮਰਾਓ, ਕਾਮਰੇਡ ਤਰਸੇਮ ਬਰੇਟਾ, ਜਸਬੀਰ ਸਿੰਘ ਗਿੱਲ, ਰਾਜਿੰਦਰ ਸਿੰਘ ਥਿੰਦ, ਸਤਨਾਮ ਪਟਵਾਰੀ ਅਤੇ ਐਡਵੋਕੇਟ ਕੁਲਵੰਤ ਸਿੰਘ ਵੱਲੋਂ ਦੱਸਿਆ ਗਿਆ ਕਿ ਪੁੱਡਾ ਵੱਲੋਂ ਅਰਬਨ ਅਸਟੇਟ ਫੇਜ਼ 3 ਦੀਆਂ ਰੋਡ ਗਲੀਆਂ ਅਤੇ ਫੁੱਟਪਾਥਾਂ ਦੇ ਨਾਲ ਲਗਦੀਆਂ ਕੱਚੀਆਂ ਥਾਵਾਂ ’ਤੇ ਉੱਗੀ ਘਾਹ-ਬੂਟੀ ਦੀ ਸਫ਼ਾਈ ਨਾ ਕਰਾਉਣ ਦੇ ਕਾਰਨ ਜਿੱਥੇ ਫੁੱਟ-ਫੁੱਟ ਘਾਹ ਅਤੇ ਗੰਦਗੀ ਚੜ੍ਹੀ ਹੋਈ ਹੈ, ਉੱਥੇ ਇਕ ਮਹੀਨੇ ਪਹਿਲਾਂ ਪੁੱਡਾ ਦੇ ਕਰਮਚਾਰੀਆਂ ਵੱਲੋਂ ਖੋਦਿਆ ਗਟਰ ਦਾ ਢੱਕਣ ਬੰਦ ਨਾ ਕਰਨ ਦੇ ਕਾਰਨ ਇਹ ਮਾਮਲਾ ਲੋਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਗਟਰ ਅਤੇ ਸਾਫ਼ ਸਫ਼ਾਈ ਨਾਲ ਸਬੰਧਤ ਪੁੱਡਾ ਦੇ ਐਸ.ਡੀ.ਓ. ਮਹਿਤਾ ਅਤੇ ਹੋਰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਮਸਲੇ ਵਾਰ-ਵਾਰ ਲਿਆਉਣ ਦੇ ਬਾਵਜੂਦ ਪੁੱਡਾ ਵੱਲੋਂ ਕੋਈ ਲੋੜੀਂਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਇਨ੍ਹਾਂ ਆਗੂਆਂ ਵੱਲੋਂ ਪੁੱਡਾ ਅਧਿਕਾਰੀਆਂ ਨੂੰ ਰੋਡ ਗਲੀਆਂ ਦੀ ਪਹਿਲ ਦੇ ਅਧਾਰ ਤੇ ਸਫ਼ਾਈ ਕਰਾਉਣ ਅਤੇ ਇਕ ਮਹੀਨੇ ਤੋਂ ਖੁੱਲ੍ਹੇ ਪਏ ਗਟਰ ਨੂੰ ਪਹਿਲ ਦੇ ਅਧਾਰ ’ਤੇ ਬੰਦ ਕਰਾਉਣ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਰੋਡ ਗਲੀਆਂ ਦੀ ਸਾਫ਼ ਸਫ਼ਾਈ ਲਈ ਲੇਬਰ ਦੇ ਦੋ ਹੀ ਕਰਮਚਾਰੀ ਠੇਕੇਦਾਰ ਵੱਲੋਂ ਤੈਨਾਤ ਕੀਤੇ ਗਏ ਹਨ, ਜਿਸ ਕਾਰਨ 3 ਫੇਜ਼ ਦੀ ਸਾਫ਼ ਸਫ਼ਾਈ ਕਰਨਾ ਇਨ੍ਹਾਂ ਦੇ ਵੱਸ ਦੀ ਗੱਲ ਨਹੀਂ । ਇਸ ਸਬੰਧੀ ਪੁੱਡਾ ਦੇ ਐਸ.ਡੀ.ਓ. ਮਹਿਤਾ ਨੇ ਕਿਹਾ ਕਿ ਫੇਜ਼ 3 ਦੀ ਸਾਫ਼ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਸਫ਼ਾਈ ਠੇਕੇਦਾਰ ਨੂੰ ਸਫ਼ਾਈ ਕਰਾਉਣ ਦੀਆਂ ਸਖ਼ਤ ਹਦਾਇਤਾਂ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਕੋਲ ਲੇਬਰ ਅਤੇ ਮਿਸਤਰੀ ਦੀ ਘਾਟ ਹੈ, ਜਦੋਂ ਲੇਬਰ ਤੇ ਮਿਸਤਰੀ ਮਿਲੇਗਾ ਗਟਰ ਬੰਦ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਮਿਸਤਰੀ ਨਾ ਮਿਲਿਆ ਤਾਂ ਗਟਰ ਮਿੱਟੀ ਨਾਲ ਹੀ ਬੰਦ ਕਰਵਾ ਦਿੱਤਾ ਜਾਵੇਗਾ।

Related Post