post

Jasbeer Singh

(Chief Editor)

National

ਯੂ. ਜੀ. ਸੀ. ਨੇ ਕੀਤਾ ਲਾਜ਼ਮੀ ਰੂਪ ਵਿਚ ਵਾਤਾਵਰਣ ਦੀ ਸਿੱਖਿਆ ਪ੍ਰਦਾਨ ਕੀਤੇ ਜਾਣ ਦਾ ਲਿਆ ਫ਼ੈਸਲਾ

post-img

ਯੂ. ਜੀ. ਸੀ. ਨੇ ਕੀਤਾ ਲਾਜ਼ਮੀ ਰੂਪ ਵਿਚ ਵਾਤਾਵਰਣ ਦੀ ਸਿੱਖਿਆ ਪ੍ਰਦਾਨ ਕੀਤੇ ਜਾਣ ਦਾ ਲਿਆ ਫ਼ੈਸਲਾ ਨਵੀਂ ਦਿੱਲੀ : ਪੌਣ-ਪਾਣੀ ਤਬਦੀਲੀ ਵਰਗੀਆਂ ਚੁਣੌਤੀਆਂ ਵਿਚਾਲੇ ਨੌਜਵਾਨਾਂ ਨੂੰ ਵਾਤਾਵਰਣ ਨਾਲ ਜੋੜਨ ਦੀ ਇਕ ਹੋਰ ਅਹਿਮ ਪਹਿਲ ਸ਼ੁਰੂ ਕੀਤੀ ਗਈ ਹੈ, ਜਿਸ ਵਿਚ ਗ੍ਰੈਜੂਏਸ਼ਨ ਦੀ ਪੜ੍ਹਾਈ ਕਰਨ ਵਾਲੇ ਹਰੇਕ ਵਿਦਿਆਰਥੀ, ਭਾਵੇਂ ਉਹ ਇੰਜੀਨੀਅਰਿੰਗ ਜਾਂ ਮੈਨੇਜਮੈਂਟ ਦੀ ਪੜ੍ਹਾਈ ਕਰਨ ਵਾਲਾ ਵਿਦਿਆਰਥੀ ਹੀ ਕਿਉਂ ਨਾ ਹੋਵੇ, ਸਾਰਿਆਂ ਨੂੰ ਹੁਣ ਲਾਜ਼ਮੀ ਰੂਪ ਵਿਚ ਵਾਤਾਵਰਣ ਦੀ ਸਿੱਖਿਆ ਦਿੱਤੀ ਜਾਵੇਗੀ। ਇਸ ਵਿਚ ਉਨ੍ਹਾਂ ਨੂੰ ਵਾਤਾਵਰਣ ਨਾਲ ਜੁੜੇ ਖ਼ਤਰਿਆਂ ਪ੍ਰਤੀ ਸੁਚੇਤ ਕਰਨ ਦੇ ਨਾਲ ਹੀ ਵਾਤਾਵਰਣ ਮੁਤਾਬਕ ਜੀਵਨ-ਸ਼ੈਲੀ ਅਪਣਾਉਣ ਦੀ ਸਿੱਖਿਆ ਵੀ ਦਿੱਤੀ ਜਾਵੇਗੀ। ਇਹ ਪੜ੍ਹਾਈ ਕਰਨ ’ਤੇ ਉਨ੍ਹਾਂ ਨੂੰ ਚਾਰ ਵਾਧੂ ਕ੍ਰੈਡਿਟ ਅੰਕ ਵੀ ਮਿਲਣਗੇ, ਜੋ ਪੜ੍ਹਾਈ ਤੋਂ ਬਾਅਦ ਮਿਲਣ ਵਾਲੀ ਅੰਕ ਸੂਚੀ ਜਾਂ ਫਿਰ ਡਿਗਰੀ ਵਿਚ ਦਰਜ ਹੋਣਗੇ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਸਾਰੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਚਿੱਠੀ ਲਿਖ ਕੇ ਗ੍ਰੈਜੂਏਸ਼ਨ ਪੱਧਰ ’ਤੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਲਾਜ਼ਮੀ ਰੂਪ ਨਾਲ ਵਾਤਾਵਰਣ ਸਿੱਖਿਆ ਦੇਣ ਦੇ ਨਿਰਦੇਸ਼ ਦਿੱਤੇ ਹਨ। ਕਮਿਸ਼ਨ ਨੇ ਇਸਦੇ ਨਾਲ ਹੀ ਗ੍ਰੈਜੂਏਸ਼ਨ ਪੱਧਰ ਲਈ ਤਿਆਰ ਕੀਤੀ ਗਈ ਵਾਤਾਵਰਣ ਸਿੱਖਿਆ ਦਾ ਪਾਠਕ੍ਰਮ ਵੀ ਜਾਰੀ ਕੀਤਾ ਹੈ। ਇਸ ਵਿਚ ਮਨੁੱਖ ਤੇ ਵਾਤਾਵਰਣ ਵਿਚਾਲੇ ਤਾਲਮੇਲ ਦੇ ਨਾਲ ਵਾਤਾਵਰਣ ਨਾਲ ਜੁੜੇ ਸਥਾਨਕ ਮੁੱਦੇ, ਪ੍ਰਦੂਸ਼ਣ, ਇਸਦੇ ਖ਼ਤਰੇ ਅਤੇ ਇਸ ਨਾਲ ਜੁੜੇ ਕਾਨੂੰਨ ਵਰਗੇ ਵਿਸ਼ਾ ਵਸਤੂ ਨੂੰ ਰੱਖਿਆ ਗਿਆ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿਚ ਸਾਰੇ ਵਿਦਿਆਰਥੀਆਂ ਨੂੰ ਲਾਜ਼ਮੀ ਰੂਪ ਨਾਲ ਵਾਤਾਵਰਣ ਨਾਲ ਜੁੜੀ ਸਿੱਖਿਆ ਦੇਣ ਦੀ ਪਹਿਲ ਤੋਂ ਬਾਅਦ ਕਮਿਸ਼ਨ ਨੇ ਇਹ ਪਾਠਕ੍ਰਮ ਤਿਆਰ ਕੀਤਾ ਸੀ। ਇਸ ਤਹਿਤ ਤਿਆਰ ਕੀਤੇ ਗਏ ਕ੍ਰੈਡਿਟ ਫਰੇਮਵਰਕ ਵਿਚ ਇਕ ਕ੍ਰੈਡਿਟ ਅੰਕ ਲਈ ਵਿਦਿਆਰਥੀਆਂ ਨੂੰ ਘੱਟ ਤੋਂ ਘੱਟ 30 ਘੰਟੇ ਦੀ ਪੜ੍ਹਾਈ ਕਰਨੀ ਹੋਵੇਗੀ। ਅਜਿਹੇ ਵਿਚ ਚਾਰ ਕ੍ਰੈਡਿਟ ਅੰਕਾਂ ਲਈ ਵਿਦਿਆਰਥੀਆਂ ਨੂੰ ਆਪਣੇ ਕੋਰਸ ਦੀ ਮਿਆਦ ਦੌਰਾਨ ਘੱਟ ਤੋਂ ਘੱਟ 160 ਘੰਟੇ ਵਾਤਾਵਰਣ ਨਾਲ ਜੁੜੀ ਪੜ੍ਹਾਈ ਵੀ ਕਰਨੀ ਹੋਵੇਗੀ। ਇਸ ਵਿਚ ਪ੍ਰੈਕਟੀਕਲ ਵੀ ਸ਼ਾਮਲ ਹੈ। ਗ੍ਰੈਜੂਏਸ਼ਨ ਪੱਧਰ ’ਤੇ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸਿੱਖਿਆ ਦੇਣ ਦੀ ਪਹਿਲ ਵੈਸੇ ਤਾਂ ਸੁਪਰੀਮ ਕੋਰਟ ਦੇ ਨਿਰਦੇਸ਼ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ ਪਰ ਹਾਲੇ ਤੱਕ ਇਸਨੂੰ ਅਸਰਦਾਰ ਤਰੀਕੇ ਨਾਲ ਲਾਗੂ ਨਹੀਂ ਕੀਤਾ ਗਿਆ ਸੀ। ਹਾਲਾਂਕਿ, ਹੁਣ ਯੂਜੀਸੀ ਨੇ ਇਸਦਾ ਪਾਠਕ੍ਰਮ ਤਿਆਰ ਕਰਨ ਦੇ ਨਾਲ ਹੀ ਅਧਿਆਪਕਾਂ ਨੂੰ ਵੀ ਇਸਦੇ ਲਈ ਤਿਆਰ ਕਰਨ ਦਾ ਕੰਮ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਨੌਜਵਾਨਾਂ ਨੂੰ ਇਸ ਦੀ ਸਿੱਖਿਆ ਦੇਣ ਨਾਲ ਉਹ ਆਪਣੇ ਜੀਵਨਕਾਲ ਵਿਚ ਵਾਤਾਵਰਣ ਨੂੰ ਲੈ ਕੇ ਜਾਗਰੂਕ ਰਹਿਣਗੇ, ਤਾਂ ਇਸਦੀ ਸਾਂਭ-ਸੰਭਾਲ ਵਿਚ ਵੀ ਹੱਥ ਵੰਡਾਉਣਗੇ।

Related Post