
'ਕਾਰਬਨ ਮੁਕਤ ਵਾਤਾਵਰਨ —ਦਰਪੇਸ਼ ਚੁਣੋਤੀਆਂ ਅਤੇ ਸੰਭਾਵਿਤ ਹੱਲ'ਵਿਸ਼ੇ ਬਾਰੇ ਇੱਕ ਰੋਜ਼ਾ ਡਵੀਜ਼ਨ ਪੱਧਰੀ ਸੈਮੀਨਾਰ ਦਾ ਆਯੋ
- by Jasbeer Singh
- September 14, 2024

'ਕਾਰਬਨ ਮੁਕਤ ਵਾਤਾਵਰਨ —ਦਰਪੇਸ਼ ਚੁਣੋਤੀਆਂ ਅਤੇ ਸੰਭਾਵਿਤ ਹੱਲ'ਵਿਸ਼ੇ ਬਾਰੇ ਇੱਕ ਰੋਜ਼ਾ ਡਵੀਜ਼ਨ ਪੱਧਰੀ ਸੈਮੀਨਾਰ ਦਾ ਆਯੋਜਨ ਸੰਗਰੂਰ, 14 ਸਤੰਬਰ : ਵਧੀਕ ਡਿਪਟੀ ਕਮਿਸ਼ਨਰ ( ਵਿਕਾਸ) ਵਰਜੀਤ ਵਾਲੀਆ ਦੀ ਅਗਵਾਈ ਹੇਠ ਪ੍ਰਦੇਸਿਕ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾ ਮੋਹਾਲੀ ਵਲੋਂ ਆਡੀਟੋਰੀਅਮ ਹਾਲ ਵਿਖੇ ਕਾਰਬਨ ਮੁਕਤ ਵਾਤਾਵਰਨ—ਦਰਪੇਸ਼ ਚੁਣੋਤੀਆਂ ਅਤੇ ਸੰਭਾਵਿਤ ਹੱਲ ਵਿਸ਼ਾ ਅਧਾਰਿਤ ਇੱਕ ਰੋਜ਼ਾ ਡਵੀਜ਼ਨ ਪੱਧਰੀ ਸੈਮੀਨਾਰ ਕਰਵਾਇਆ ਗਿਆ। ਕਾਰਬਨ ਮੁਕਤ ਵਾਤਾਵਰਨ—ਦਰਪੇਸ਼ ਚਣੋਤੀਆਂ ਤੇ ਸੰਭਾਵਿਤ ਹੱਲ ਸਥਾਈ ਵਿਕਾਸ ਟੀਚਿਆਂ ਦਾ ਇੱਕ ਅਹਿਮ ਟੀਚਾ ਹੈ। ਇਸ ਸੈਮੀਨਾਰ ਵਿੱਚ ਜਿਲ੍ਹੇ ਦੇ ਵੱਖ ਵੱਖ ਸਵੈ ਸਹਾਇਤਾ ਸਮੂਹਾਂ, ਖੇਤੀਬਾੜੀ, ਸਿਹਤ ਵਿਭਾਗ ਅਤੇ ਨਰੇਗਾ ਨਾਲ ਸਬੰਧਤ 150 ਤੋਂ ਵੱਧ ਪ੍ਰਤੀਭਾਗੀਆਂ ਨੇ ਭਾਗ ਲਿਆ। ਇਸ ਮੌਕੇ ਪ੍ਰਤੀਭਾਗੀਆਂ ਨੂੰ ਕਾਰਬਨ ਮੁਕਤ ਵਾਤਾਵਰਨ ਅਤੇ ਕਾਰਬਨ ਮੈਨੇਜਮੈਂਟ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ । ਇਸ ਤੋਂ ਇਲਾਵਾ ਡਾ.ਅਮਰਜੀਤ ਸਿੰਘ, ਜਿਲ੍ਹਾ ਖੇਤੀਬਾੜੀ ਵਿਭਾਗ ਵੱਲੋਂ ਵਿਰਾਸਤੀ ਰੁੱਖਾਂ ਦੀ ਮਹੱਤਤਾ, ਜੰਗਲ ਦੀ ਮਹੱਤਤਾ ਅਤੇ ਪਿੰਡਾਂ ਵਿਚ ਗਿੱਲੇ ਅਤੇ ਸੁੱਕੇ ਕੂੜੇ ਦੀ ਸਾਂਭ ਸੰਭਾਲ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ । ਇਸ ਤੋਂ ਇਲਾਵਾ ਕਾਰਬਨ ਨੂੰ ਸੰਭਾਲਣ ਬਾਰੇ ਅਤੇ ਫਸਲੀ ਚੱਕਰ ਵਿੱਚ ਵਿਭਿੰਨਤਾ ਲਿਆਉਣਾ ਬਾਰੇ ਅਹਿਮ ਜਾਣਕਾਰੀ ਦਿੱਤੀ ਗਈ । ਗੁਰਪ੍ਰੀਤ ਸਿੰਘ ਇਨਫਾਰਮੇਸ਼ਨ ਅਫਸਰ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡਾਂ ਨੂੰ ਸਾਫ ਸੁਥਰਾ ਬਣਾਉਣ ਅਤੇ ਉਨ੍ਹਾਂ ਦੀ ਨੁਹਾਰ ਬਦਲਣ ਵਿੱਚ ਔਰਤਾਂ ਦੇ ਅਹਿਮ ਯੋਗਦਾਨ ਬਾਰੇ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਕਰਨੈਲ ਸਿੰਘ, ਜਿਲ੍ਹਾ ਮਾਸ ਮੀਡੀਆ ਅਫਸਰ, ਗੁਰਸੇਵਕ ਸਿੰਘ ਜੁਨੀਅਰ ਵਾਤਾਵਰਨ ਇੰਜੀਨੀਅਰ, ਸ਼ੁਭਦੀਪ ਸਿੰਘ ਬਲਾਕ ਪੱਧਰ ਪ੍ਰਸਾਰ ਅਫ਼ਸਰ, ਇੰਡਸਟਰੀ ਵਿਭਾਗ ਸੰਗਰੂਰ ਵੱਲੋਂ ਵੀ ਵਾਤਾਵਰਨ ਨੂੰ ਕਾਰਬਨ ਮੁਕਤ ਰੱਖਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਸੁਖਚੈਨ ਸਿੰਘ ਡੀ.ਡੀ.ਪੀ.ਓ ਵੱਲੋ ਆਏ ਪ੍ਰਤੀਭਾਗੀਆਂ ਨਾਲ ਵਿਸ਼ੇਸ਼ ਸਵਾਲ ਜਵਾਬ ਅਤੇ ਸੰਵਾਦ ਸ਼ੈਸ਼ਨ ਵੀ ਕੀਤਾ ਗਿਆ ਅਤੇ ਅੰਤ ਵਿੱਚ ਸੁਖਚੈਨ ਸਿੰਘ, ਉਪ ਮੁੱਖ ਕਾਰਜਕਾਰੀ ਅਫਸਰ, ਜਿਲ੍ਹਾ ਪ੍ਰੀਸ਼ਦ ਸੰਗਰੂਰ ਵੱਲੋਂ ਸਮੂਹ ਰਿਸੋਰਸ ਪਰਸਨ, ਅਧਿਕਾਰੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ । ਇਸ ਮੌਕੇ ਹਰਜੀਤ ਸਿੰਘ ਸੁਪਰਡੈਂਟ, ਰੁਪਿੰਦਰ ਸਿੰਘ ਜੂਨੀਅਰ ਸਹਾਇਕ, ਕੁਲਦੀਪ ਸਿੰਘ ਪੰਚਾਇਤ ਸਕੱਤਰ, ਬਲਵਿੰਦਰ ਸਿੰਘ, ਲਖਵਿੰਦਰ ਸਿੰਘ ਅਤੇ ਗਗਨਦੀਪ ਗਰਗ ਵੀ ਹਾਜਰ ਰਹੇ ।